ਦਿਵਾਲੀ ਕਾਰਨ ਵਧੇ ਭੀੜ-ਭੜੱਕੇ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪੰਜਾਬ ਪੁਲਿਸ ਨੇ ਸੂਬੇ ਦੇ ਅੱਧਾ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਅਲਰਟ ਜਾਰੀ ਕਰਦਿਆਂ ਚੌਕਸੀ ਵਧਾ ਦਿੱਤੀ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ’ਤੇ ਇਨ੍ਹਾਂ ਸ਼ਹਿਰਾਂ ਵਿੱਚ ਜ਼ਿਆਦਾ ਭੀੜ ਵਾਲੀਆਂ ਥਾਵਾਂ ਤੇ ਧਾਰਮਿਕ ਅਸਥਾਨਾਂ ਅੱਗੇ ਪੁਲਿਸ ਮੁਲਾਜ਼ਮ, ਪੀਏਪੀ, ਕਮਾਂਡੋਜ਼ ਤੇ ਆਈਆਰਬੀ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕੁਝ ਧਿਰਾਂ ਵੱਲੋਂ ਦਿਵਾਲੀ ਨਾ ਮਨਾਉਣ ਦਾ ਸੱਦਾ ਦੇਣ ਕਾਰਨ ਦੋ ਫ਼ਿਰਕਿਆਂ ਵਿਚਕਾਰ ਆਪਸੀ ਟਕਰਾਅ ਦਾ ਖ਼ਦਸ਼ਾ ਵੀ ਹੈ।
ਇਸ ਕਾਰਨ ਪੁਲਿਸ ਨੇ ਮੁਹਾਲੀ, ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਫਿਰੋਜ਼ਪੁਰ, ਬਠਿੰਡਾ ਵਿੱਚ ਵਿਸ਼ੇਸ਼ ਤੌਰ ’ਤੇ ਚੌਕਸੀ ਰੱਖਣ ਦੇ ਆਦੇਸ਼ ਦਿੱਤੇ ਹਨ। ਪੁਲਿਸ ਦਾ ਮੰਨਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਕਰਕੇ ਸੂਬੇ ਦੇ ਸਾਰੇ ਸ਼ਹਿਰਾਂ ਵਿੱਚ ਭੀੜ ਵੱਧ ਰਹਿੰਦੀ ਹੈ, ਪਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਲਈ ਅੱਜ ਤੋਂ 25 ਅਕਤੂਬਰ ਤੱਕ ਚੌਕਸੀ ਵਧਾ ਦਿੱਤੀ ਗਈ ਹੈ। ਪੁਲਿਸ ਨੂੰ ਹਰ ਸਮੇਂ ਨਾਕਾਬੰਦੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਪੰਜਾਬ ਵਿੱਚ ਡਰੋਨਾਂ ਰਾਹੀਂ ਤਸਕਰੀ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਦੇਖਦਿਆਂ ਵੀ ਪੰਜਾਬ ਪੁਲਿਸ ਨੇ ਸਰਹੱਦੀ ਖੇਤਰ ਵਿੱਚ 24 ਘੰਟੇ ਚੌਕਸੀ ਰੱਖਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਵੀ ਪੰਜਾਬ ਪੁਲਿਸ ਵੱਲੋਂ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ ਨਾਲ ਤਾਲਮੇਲ ਕਰ ਕੇ ਵੀ ਸਰਹੱਦੀ ਇਲਾਕਿਆਂ ਵਿਚ ਚੌਕਸੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਰਹੱਦ ’ਤੇ ਡਰੋਨ ਗਤੀਵਿਧੀ ਸੁਰੱਖਿਆ ਏਜੰਸੀਆਂ ਲਈ ਚੁਣੌਤੀ ਬਣੀ
ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ’ਤੇ ਹਾਲ ਹੀ ਵਿਚ ਡਰੋਨ ਰਾਹੀਂ ਨਸ਼ਾ, ਹਥਿਆਰ ਤੇ ਅਸਲਾ ਸੁੱਟਣ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ ਜੋ ਕਿ ਸੁਰੱਖਿਆ ਏਜੰਸੀਆਂ ਲਈ ਚੁਣੌਤੀਆਂ ਬਣੀਆਂ ਹੋਈਆਂ ਹਨ। ਇਸ ਸਾਲ ਹੁਣ ਤੱਕ 150 ਤੋਂ ਵੱਧ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਰਾਹੀਂ ਤਸਕਰੀ ਦਾ ਪੰਜਾਬ ਵਿਚ ਪਹਿਲਾ ਮਾਮਲਾ 2019 ਵਿਚ ਸਾਹਮਣੇ ਆਇਆ ਸੀ।
ਬੀਐੱਸਐਫ ਨੇ 553 ਕਿਲੋਮੀਟਰ ਲੰਮੀ ਸਰਹੱਦ ਦੇ ਨਾਲ ਇਸ ਸਾਲ 10 ਡਰੋਨ ਗੋਲੀ ਮਾਰ ਕੇ ਡੇਗੇ ਵੀ ਹਨ। ਇਸ ਤੋਂ ਇਲਾਵਾ ਕਈ ਉਡਾਣ ਭਰਦੇ ਉਪਕਰਨਾਂ ਨੂੰ ਘੁਸਪੈਠ ਤੋਂ ਰੋਕਿਆ ਗਿਆ ਹੈ। ਵੇਰਵਿਆਂ ਮੁਤਾਬਕ ਇਕ ਡਰੋਨ 14 ਅਕਤੂਬਰ ਨੂੰ ਅੰਮ੍ਰਿਤਸਰ ਨੇੜੇ ਸ਼ਾਹਪੁਰ ਬਾਰਡਰ ਪੋਸਟ ’ਤੇ ਡੇਗਿਆ ਗਿਆ ਸੀ।
ਦੋ ਹੋਰ ਅੰਮ੍ਰਿਤਸਰ ਸੈਕਟਰ ਵਿਚ ਹੀ 16 ਤੇ 17 ਅਕਤੂਬਰ ਨੂੰ ਸੁੱਟੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਤਸਕਰਾਂ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੀ ਸ਼ਹਿ ਹੈ। ਉਹ ਗੁੰਝਲਦਾਰ ਤੇ ਅਤਿ-ਆਧੁਨਿਕ ਚੀਨੀ ਡਰੋਨ ਵਰਤ ਰਹੇ ਹਨ। ਜ਼ਿਆਦਾਤਰ ਡਰੋਨ ਅੰਮ੍ਰਿਤਸਰ ਤੇ ਤਰਨਤਾਰਨ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਦੇਖੇ ਗਏ ਹਨ। ਕੁਝ ਗੁਰਦਾਸਪੁਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਵੀ ਮਿਲੇ ਹਨ। ਬੀਐੱਸਐਫ ਨੇ ਇਨ੍ਹਾਂ ਗਤੀਵਿਧੀਆਂ ਨੂੰ ਰੋਕਣ ਲਈ ਪੰਜਾਬ ਪੁਲਿਸ ਨਾਲ ਵੀ ਤਾਲਮੇਲ ਕੀਤਾ ਹੈ