ਪਟਿਆਲਾ ਦੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਨੇ ਘੱਗਰ ਨਦੀ ਨੇੜਲੇ ਪਿੰਡਾਂ ਲਈ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ। ਲਗਾਤਾਰ ਭਾਰੀ ਬਾਰਿਸ਼, ਖੇਤਾਂ ਵਿੱਚ ਪਾਣੀ ਭਰਨ ਅਤੇ ਬਾਦਸ਼ਾਹਪੁਰ ਵਿਖੇ ਘੱਗਰ ਦੇ ਪਾਣੀ ਦੇ ਪੱਧਰ ਦੇ ਖ਼ਤਰੇ ਦੇ ਨਿਸ਼ਾਨ ਨੂੰ ਛੂਹਣ ਕਾਰਨ ਹਰਚੰਦਪੁਰਾ ਅਤੇ ਬਾਦਸ਼ਾਹਪੁਰ ਦੇ ਉੱਪਰਲੇ ਖੇਤਰਾਂ ਵਿੱਚ ਪਾਣੀ ਇਕੱਠਾ ਹੋ ਰਿਹਾ ਹੈ।
ਇਸ ਕਾਰਨ ਪਿੰਡ ਹਰਚੰਦਪੁਰਾ, ਬਾਦਸ਼ਾਹਪੁਰ, ਅਰਨੇਟੂ, ਰਸੋਲੀ, ਸ਼ੁਤਰਾਣਾ, ਜੋਗੇਵਾਲ, ਗੁਲਾਹੜ, ਪੈਂਦ, ਸਧਾਰਨਪੁਰ, ਸਿਊਨਾ ਆਦਿ ਦੇ ਵਸਨੀਕਾਂ ਨੂੰ ਸਾਵਧਾਨ ਰਹਿਣ ਅਤੇ ਤੁਰੰਤ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਸਲਾਹ ਦਿੱਤੀ ਗਈ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਰਾਹਤ ਕੇਂਦਰ ਸਥਾਪਿਤ ਕੀਤੇ ਹਨ ਅਤੇ ਸਹਾਇਤਾ ਲਈ ਟੀਮਾਂ ਤਾਇਨਾਤ ਹਨ। ਵਸਨੀਕਾਂ ਨੂੰ ਅਧਿਕਾਰਤ ਚੇਤਾਵਨੀਆਂ ਦੀ ਪਾਲਣਾ ਕਰਨ ਅਤੇ ਸੁਰੱਖਿਆ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਗਈ ਹੈ। ਹੰਗਾਮੀ ਸਥਿਤੀ ਵਿੱਚ ਪਾਤੜਾਂ ਦੇ ਕੰਟਰੋਲ ਰੂਮ (01764-243403) ਜਾਂ ਪਟਿਆਲਾ ਜ਼ਿਲ੍ਹਾ ਕੰਟਰੋਲ ਰੂਮ (0175-2350550, 2358550) ’ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।