Punjab Sports

ਪੰਜਾਬ ਦੇ ਆਕਾਸ਼ਦੀਪ ਨੇ ਇਸ ਰੇਸ ‘ਚ ਬਣਾਇਆ ਨੈਸ਼ਨਲ ਰਿਕਾਰਡ ! ਓਲੰਪਿਕ ਸਮੇਤ ਤਿੰਨ ਹੋਰ ਕੌਮਾਂਤਰੀ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ !

ਬਿਉਰੋ ਰਿਪੋਰਟ : ਮੱਧ ਪ੍ਰਦੇਸ਼ ਤੋਂ ਪੰਜਾਬ ਦੇ ਲਈ ਚੰਗੀ ਖਬਰ ਸਾਹਮਣੇ ਆਈ ਹੈ । ਬਰਨਾਲਾ ਦੇ ਆਕਾਸ਼ਦੀਪ ਸਿੰਘ ਨੇ 10ਵੀਂ ਇੰਡੀਅਨ ਓਪਨ ਵਾਕਿੰਗ ਰੇਸ ਮੁਕਾਬਲਾ ਜਿੱਤ ਲਿਆ ਹੈ। ਮੁਕਾਬਲੇ ਵਿੱਚ ਆਕਾਸ਼ਦੀਪ ਨੇ 20 ਕਿਲੋਮੀਟਰ ਦੀ ਰੇਸ ਨੂੰ 1 ਘੰਟੇ 20 ਮਿੰਟ ਵਿੱਚ ਪੂਰਾ ਕਰਕੇ ਨੈਸ਼ਨਲ ਰਿਕਾਰਡ ਆਪਣੇ ਨਾਂ ਕੀਤਾ। ਸਿਰਫ ਇਹ ਨਹੀਂ ਇਸ ਦੇ ਨਾਲ ਆਕਾਸ਼ਦੀਪ ਨੇ ਇੱਕ ਵੱਡਾ ਮੁਕਾਮ ਵੀ ਹਾਸਲ ਕਰ ਲਿਆ ਹੈ । ਆਕਾਸ਼ਦੀਪ ਨੇ ਵਾਕਿੰਗ ਰੇਸ ਵਿੱਚ ਕੌਮੀ ਰਿਕਾਰਡ ਆਪਣੇ ਨਾਂ ਕਰਕੇ ਸਿੱਧਾ ਓਲੰਪਿਕ, ਵਰਲਡ ਚੈਂਪੀਅਨਸ਼ਿੱਪ ਅਤੇ ਏਸ਼ੀਅਨ ਖੇਡਾਂ ਦੇ ਲਈ ਕੁਆਲੀਫਾਈ ਕੀਤਾ ਹੈ । ਆਕਾਸ਼ਦੀਪ ਸਿੰਘ ਦੀ ਇਸ ਕਾਮਯਾਬੀ ‘ਤੇ ਪੂਰੇ ਪੰਜਾਬ ਨੂੰ ਮਾਣ ਹੈ ਅਤੇ ਉਮੀਦ ਹੈ ਕਿ ਉਹ ਕੌਮਾਂਤਰੀ ਟੂਰਨਾਮੈਂਟ ਵਿੱਚ ਤਮਗਾ ਹਾਸਲ ਕਰਕੇ ਦੇਸ਼ ਅਤੇ ਪੰਜਾਬ ਦਾ ਨਾਂ ਰੋਸ਼ਨ ਕਰੇਗਾ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਨੇ ਵੀ ਟਵੀਟ ਕਰਕੇ ਆਕਾਸ਼ਦੀਪ ਨੂੰ ਵਧਾਈ ਦਿੱਤੀ ਹੈ।

‘ਆਕਾਸ਼ਦੀਪ ਨੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ’

ਪੰਜਾਬ ਦੇ ਖੇਡ ਮੰਤਰੀ ਮੀਤ ਗੁਰਮੀਤ ਸਿੰਘ ਮੀਤ ਹੇਅਰ ਦੇ ਲਈ ਆਕਾਸ਼ਦੀਪ ਦੀ ਜਿੱਤ ਡਲਬ ਖੁਸ਼ੀ ਲੈਕੇ ਆਈ ਹੈ । ਉਹ ਵੀ ਬਰਨਾਲਾ ਹਲਕੇ ਤੋਂ ਵਿਧਾਇਕ ਹਨ ਅਤੇ ਆਕਾਸ਼ਦੀਪ ਵੀ ਬਰਨਾਲਾ ਹਲਕੇ ਦਾ ਹੀ ਰਹਿਣ ਵਾਲਾ ਹੈ । ਇਸ ਲਈ ਉਨ੍ਹਾਂ ਨੇ ਟਵਿੱਟਰ ਕਰਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਲਿਖਿਆ ‘ਬਰਨਾਲਾ ਅਤੇ ਪੂਰੇ ਸੂਬੇ ਦੇ ਲਈ ਮਾਣ ਵਾਲੀ ਗੱਲ ਹੈ ਕਿ ਆਕਾਸ਼ਦੀਪ ਸਿੰਘ ਨੇ ਕੁਆਲੀਫਾਈ ਕਰ ਲਿਆ ਹੈ । ਆਕਾਸ਼ਦੀਪ ਸਿੰਘ ਬਰਨਾਲਾ ਦੇ ਪਿੰਡ ਕਾਹਨੇਕੇ ਦਾ ਰਹਿਣ ਵਾਲਾ ਹੈ ।’ ਆਕਾਸ਼ਦੀਪ ਸਿੰਘ ਦੀ ਇਹ ਕਾਮਯਾਬੀ ਨੌਜਵਾਨਾਂ ਨੂੰ ਹੁੰਗਾਰਾ ਦੇਵੇਗੀ ਅਤੇ ਅੱਗੇ ਵਧਣ ਦਾ ਹੌਸਲਾ ਵਧਾਏਗੀ । ਪੰਜਾਬ ਵਰਗੇ ਸੂਬੇ ਜਿਸ ਦੇ ਮੱਥੇ ‘ਤੇ ਨਸ਼ੇ ਦਾ ਕਾਲਾ ਦਾਗ਼ ਲੱਗਿਆ ਹੈ ਉਸ ਨੂੰ ਬਾਹਰ ਕੱਢਣ ਦੇ ਲਈ ਖੇਡਾਂ ਅਹਿਮ ਭੂਮਿਕਾ ਅਦਾ ਕਰ ਸਕਦੀਆਂ ਹਨ। ਇਸੇ ਲਈ ਪਿਛਲੇ ਸਾਲ ਮਾਨ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਵਿੱਚ ਕਈ ਨੌਜਵਾਨਾਂ ਨੂੰ ਆਪਣਾ ਟੈਲੰਟ ਵਿਖਾਉਣ ਦਾ ਮੌਕਾ ਮਿਲਿਆ ।

ਪੰਜਾਬ ਦਾ ਖੇਡਾਂ ਵਿੱਚ ਸ਼ਾਨਦਾਰ ਭਵਿੱਖ

ਪਿਛਲੇ ਸਾਲ ਬ੍ਰਿਟੇਨ ਵਿੱਚ ਹੋਇਆ ਕਾਮਨਵੈਲਥ ਖੇਡਾਂ ਵਿੱਚ ਪੰਜਾਬ ਦੇ ਕਈ ਪਹਿਲਵਾਨਾਂ ਅਤੇ ਵੇਟਲਿਫਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੇ ਲਈ ਕਈ ਤਮਗੇ ਹਾਸਲ ਕੀਤੇ ਸਨ । ਮੌਜੂਦਾ ਭਾਰਤੀ ਹਾਕੀ ਟੀਮ ਵਿੱਚ 9 ਖਿਡਾਰੀ ਪੰਜਾਬ ਤੋਂ ਹਨ ਜਿੰਨਾਂ ਨੇ ਟੋਕਿਓ ਓਲੰਪਿਕ ਅਤੇ ਕਾਮਨਵੈਲਥ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ । ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਜਿਸ ਤਰ੍ਹਾਂ ਟੀਮ ਇੰਡੀਆ ਦੇ ਲਈ ਕੌਮਾਂਤਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਉਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਕੁੜੀਆਂ ਹੁਣ ਕ੍ਰਿਕਟ ਦੇ ਮੈਦਾਨ ਵਿੱਚ ਪਹੁੰਚ ਰਹੀਆਂ ਹਨ । ਮਹਿਲਾ IPL ਲੀਗ ਦੀ ਨਿਲਾਮੀ ਵਿੱਚ ਹਰਮਨਪ੍ਰੀਤ ਕੌਰ ਨੂੰ ਮੁੰਬਈ ਦੀ ਟੀਮ ਨੇ 1 ਕਰੋੜ 80 ਲੱਖ ਵਿੱਚ ਖਰੀਦਿਆ। ਇਸ ਤੋਂ ਇਲਾਵਾ ਪੰਜਾਬ ਦੀਆਂ 10 ਹੋਰ ਮਹਿਲਾ ਖਿਡਾਰੀਆਂ ਨੂੰ ਆਕਸ਼ਨ ਵਿੱਚ ਰੱਖਿਆ ਗਿਆ ਸੀ । ਪੰਜਾਬ ਦੇ ਖੇਡ ਲਈ ਇਹ ਚੰਗੇ ਸੰਕੇਤ ਹਨ । ਆਕਾਸ਼ਦੀਪ ਵਰਗੇ ਨੌਜਵਾਨ ਦੀ ਕਾਮਯਾਬੀ ਪੰਜਾਬ ਨੂੰ ਹੋਰ ਅੱਗੇ ਵਧਾਏਗੀ।