Punjab

‘ਰਾਜੋਆਣਾ ਨੇ ਭੁੱਖ ਹੜਤਾਲ ਕੀਤੀ ਤਾਂ ਅਮਨ ਕਾਨੂੰਨ ਦੀ ਸਥਿਤੀ ‘ਤੇ ਅਸਰ ਪਏਗਾ’!

 

ਬਿਉਰੋ ਰਿਪੋਰਟ : SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਤੋਂ ਬਾਅਦ ਹੁਣ ਅਕਾਲੀ ਦਲ ਦੇ ਵਫ਼ਦ ਨੇ ਉਨ੍ਹਾਂ ਨੂੰ ਮਿਲਣ ਦੇ ਲਈ ADGP ਜੇਲ੍ਹ ਤੋਂ ਇਜਾਜ਼ਤ ਮੰਗੀ ਹੈ। ਇਸ 2 ਮੈਂਬਰੀ ਵਫਦ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਹੋਣਗੇ । ADGP ਨੂੰ ਲਿੱਖੀ ਗਈ ਚਿੱਠੀ ਵਿੱਚ ਦੱਸਿਆ ਗਿਆ ਹੈ ਕਿ 2012 ਤੋਂ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ‘ਤੇ ਕੋਈ ਫੈਸਲਾ ਨਹੀਂ ਹੋ ਸਕਿਆ ਹੈ । ਚਿੱਠੀ ਵਿੱਚ ਫੈਸਲੇ ਵਿੱਚ ਦੇਰੀ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰਾਲੇ ‘ਤੇ ਵੀ ਸਵਾਲ ਚੁੱਕੇ ਗਏ ਹਨ । ਅਕਾਲੀ ਦਲ ਨੇ ਕਿਹਾ ਰਾਜੋਆਣਾ ਵੱਲੋਂ ਆਪਣੀ ਅਪੀਲ ਵਾਪਸ ਲੈਣ ਲਈ SGPC ਅਤੇ ਅਕਾਲੀ ਦਲ ਨੂੰ ਵਾਰ-ਵਾਰ ਚਿੱਠੀ ਲਿਖ ਕੇ ਅਪੀਲ ਨਾ ਵਾਪਸ ਲੈਣ ਦੀ ਸੂਰਤ ਵਿੱਚ 5 ਦਸੰਬਰ ਤੋਂ ਭੁੱਖ ਹੜ੍ਹਤਾਲ ‘ਤੇ ਬੈਠਣ ਦਾ ਐਲਾਨ ਕੀਤਾ ਹੈ । ਰਾਜੋਆਣਾ ਦਾ ਮਾਮਲਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਜੇਕਰ ਉਨ੍ਹਾਂ ਨੂੰ ਇਹ ਕਦਮ ਚੁੱਕਣ ਤੋਂ ਰੋਕਿਆ ਨਹੀਂ ਗਿਆ ਤਾਂ ਪੰਜਾਬ ਵਿੱਚ ਅੰਦਰ ਅਮਨ ਕਾਨੂੰਨ ਦੀ ਸਥਿਤੀ ਤੇ ਵੀ ਇਸ ਦਾ ਅਸਰ ਪਏਗਾ । ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਲਿੱਖੀ ਚਿੱਠੀ ਵਿੱਚ ਬੇਨਤੀ ਕੀਤੀ ਗਈ ਹੈ ਕਿ ਅਕਾਲੀ ਦਲ ਦੇ 2 ਮੈਂਬਰਾਂ ਨੂੰ 5 ਦਸੰਬਰ ਤੋਂ ਪਹਿਲਾਂ ਮਿਲਣ ਦਾ ਇਜਾਜ਼ਤ ਦਿੱਤੀ ਜਾਵੇ।

28 ਨਵੰਬਰ ਨੂੰ SGPC ਨੇ ਮੀਟਿੰਗ ਕੀਤੀ ਸੀ

28 ਨਵੰਬਰ ਨੂੰ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਭੈਣ ਕਮਲਦੀਪ ਕੌਰ ਨੇ ਬਲਵੰਤ ਸਿੰਘ ਰਾਜੋਆਣਾ ਨਾਲ ਪਟਿਆਲਾ ਜੇਲ੍ਹ ਵਿੱਚ ਮੁਲਾਕਾਤ ਕੀਤੀ ਸੀ । ਜਿਸ ਤੋਂ ਬਾਅਦ ਰਾਜੋਆਣਾ ਵੱਲੋਂ SGPC ਨੂੰ ਇੱਕ ਚਿੱਠੀ ਸੌਂਪ ਦੇ ਹੋਏ ਆਪਣੇ ਵੱਲੋਂ ਐਲਾਨੇ ਭੁੱਖ ਹੜ੍ਹਤਾਲ ਦੇ ਫੈਸਲੇ ਨੂੰ 4 ਦਿਨ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ । ਰਾਜੋਆਣਾ ਦੀ ਚਿੱਠੀ ‘ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੰਤਰਿੰਗ ਕਮੇਟੀ ਵਿੱਚ ਵਿਚਾਰ ਕਰਕੇ ਰਣਨੀਤੀ ਬਣਾਉਣ ਦਾ ਐਲਾਨ ਕੀਤਾ ਸੀ। ਉਧਰ ਭੈਣ ਕਰਮਲਦੀਪ ਕੌਰ ਨੇ ਰਾਜੋਆਣਾ ਦੀ ਚਿੱਠੀ ਬਾਰੇ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਸੀ।

ਰਾਜੋਆਣਾ ਨੇ SGPC ਨੂੰ ਸੌਂਪੀ ਚਿੱਠੀ

ਭੈਣ ਕਮਲਦੀਪ ਕੌਰ ਨੇ ਦੱਸਿਆ ਸੀ ਕਿ ਚਿੱਠੀ ਵਿੱਚ ਬਲਵੰਤ ਸਿੰਘ ਰਾਜੋਆਣਾ ਨੇ ਸਖਤ ਨਰਾਜ਼ਗੀ ਜਤਾਉਂਦੇ ਹੋਏ ਕਿਹਾ ਮੈਂ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਹੋਏ ਜ਼ੁਲਮ ਦਾ ਬਦਲਾ ਲੈਣ ਲਈ ਘਰੋਂ ਨਿਕਲਿਆ ਸੀ। ਪਰ 12 ਸਾਲ ਬਾਅਦ ਵੀ ਮੈਨੂੰ ਇਨਸਾਫ ਨਹੀਂ ਮਿਲਿਆ ਹੈ । ਇਸ ਦੌਰਾਨ ਕੇਂਦਰ ਵਿੱਚ 4 ਸਰਕਾਰਾਂ ਬਦਲ ਗਈਆਂ ਹਨ,3 ਜਥੇਦਾਰ ਸਾਹਿਬ ਬਦਲ ਗਏ, 3 SGPC ਦੇ ਪ੍ਰਧਾਨ ਬਦਲੇ ਗਏ ਪਰ ਮੈਂ ਹੁਣ ਵੀ 8 ਬਾਈ 8 ਦੀ ਚੱਕੀ ਵਿੱਚ ਬੈਠਾ ਹਾਂ ਮੈਨੂੰ ਇਨਸਾਫ ਨਹੀਂ ਮਿਲਿਆ ਹੈ। ਚਿੱਠੀ ਵਿੱਚ ਰਾਜੋਆਣਾ ਨੇ SGPC ਨੂੰ ਅਪੀਲ ਕੀਤੀ ਹੈ ਉਹ ਆਪਣੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਦੀ ਪਟੀਸ਼ਨ ਵਾਪਸ ਲੈ ਲੈਣ ਨਹੀਂ ਤਾਂ ਉਹ 5 ਦਸੰਬਰ ਤੋਂ ਭੁੱਖ ਹੜ੍ਹਤਾਲ ‘ਤੇ ਬੈਠ ਜਾਣਗੇ। ਭੈਣ ਕਮਲਦੀਪ ਕੌਰ ਨੇ ਕਿਹਾ ਸੀ ਉਹ ਵੀ ਨਹੀਂ ਚਾਉਂਦੇ ਹਨ ਕਿ ਉਨ੍ਹਾਂ ਦੇ ਵੀਰ ਜੀ ਨੂੰ ਭੁੱਖ ਹੜ੍ਹਤਾਲ ਕਰਨੀ ਪਏ ਪਰ ਜੇਕਰ ਸਿੱਖ ਸੰਸਥਾਵਾਂ ਨੇ ਸਮੇਂ ਸਿਰ ਸਾਰਥਕ ਕਦਮ ਚੁੱਕੇ ਹੁੰਦੇ ਤਾਂ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਹੋ ਸਕਦੀ ਸੀ। ਉਨ੍ਹਾਂ ਨੇ ਕਿਹਾ ਸੀ ਜਦੋਂ ਕਤਲ ਅਤੇ ਜ਼ਬਰਜਨਾਹ ਦੇ ਕੇਸ ਵਿੱਚ ਸੌਦਾ ਸਾਧ ਨੂੰ ਵਾਰ-ਵਾਰ ਪੈਰੋਲ ਮਿਲ ਸਕਦੀ ਹੈ ਤਾਂ ਉਨ੍ਹਾਂ ਦੇ ਭਰਾ ਨੂੰ 28 ਸਾਲ ਜੇਲ੍ਹ ਵਿੱਚ ਹੋ ਗਏ ਹਨ ।