‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ ਅਕਾਲੀ ਦਲ ਦਾ ਵਫ਼ਦ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਿਰ ਦੋਸ਼ ਮੜੇ। ਰਾਜਪਾਲ ਦੇ ਨਾਲ ਮੁਲਾਕਾਤ ਤੋਂ ਬਾਅਦ ਸੁਖਬੀਰ ਬਾਦਲ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੋ ਅਹਿਮ ਮੁੱਦਿਆਂ ਨੂੰ ਲੈ ਕੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਹੈ। ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਦਿਆਂ ਕਿਹਾ ਕਿ ਜਦੋਂ ਦੇ ਉਹ ਮੁੱਖ ਮੰਤਰੀ ਬਣੇ ਹਨ, ਪੰਜਾਬ ਵਿੱਚ ਇਹੋ ਜਿਹੀਆਂ ਚੀਜ਼ਾਂ ਹੋਣ ਲੱਗ ਪਈਆਂ ਹਨ, ਜਿਹੜੀਆਂ ਅੱਜ ਤੱਕ ਨਹੀਂ ਹੋਈਆਂ। ਪੰਜਾਬ ਵਿੱਚ ਕਦੇ ਵੀ ਫਿਰਕੂ ਹਿੰਸਾ ਨਹੀਂ ਹੋਈ ਸੀ। ਉਨ੍ਹਾਂ ਨੇ ਪਟਿਆਲਾ ਹਿੰਸਾ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਵਿੱਚ ਸਰਕਾਰ ਦਾ ਰੋਲ ਸਹੀ ਨਹੀਂ ਸੀ। ਸੂਫੀਆ ਏਜੰਸੀਆਂ ਨੇ ਚਾਰ ਦਿਨ ਪਹਿਲਾਂ ਹੀ ਘਟਨਾ ਬਾਰੇ ਸੁਚੇਤ ਕਰ ਦਿੱਤਾ ਸੀ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਪਿੱਛੇ ਸਰਕਾਰ ਦਾ ਹੱਥ ਵੀ ਹੋ ਸਕਦਾ ਹੈ, ਇਸ ਲਈ ਅਸੀਂ ਰਾਜਪਾਲ ਨੂੰ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਨ ਦੀ ਅਪੀਲ ਕੀਤੀ ਹੈ। ਸਰਕਾਰ ਆਪਣੀਆਂ ਕਮੀਆਂ ਲੁਕਾਉਣ ਵਾਸਤੇ ਲੋਕਾਂ ਦਾ ਧਿਆਨ ਕਿਸੇ ਹੋਰ ਪਾਸੇ ਲਾ ਰਹੀ ਹੈ।
ਸੁਖਬੀਰ ਬਾਦਲ ਨੇ ਦੂਸਰਾ ਮੁੱਦਾ ਦੱਸਦਿਆਂ ਕਿਹਾ ਕਿ ਜਦੋਂ ਵੀ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਦਾ ਹੈ ਤਾਂ ਉਦੋਂ ਇਹ ਵੀ ਪ੍ਰਣ ਲਿਆ ਜਾਂਦਾ ਹੈ ਜੋ ਸਰਕਾਰ ਦੇ ਜੋ ਭੇਦ ਹੋਣਗੇ, ਉਹ ਕੋਈ ਵੀ ਮੰਤਰੀ ਬਾਹਰ ਨਹੀਂ ਦੱਸੇਗਾ ਪਰ ਇੱਥੇ ਹੁਕਮ ਤਾਂ ਕੇਜਰੀਵਾਲ ਦਾ ਚੱਲਣਾ ਸੀ। ਇਨ੍ਹਾਂ ਨੇ ਕੇਜਰੀਵਾਲ ਦੇ ਨਾਲ ਸਮਝੌਤਾ ਕਰ ਲਿਆ ਜੋ ਕਿ ਗੈਰ ਸੰਵਿਧਾਨਿਕ ਹੈ। ਜਿਸ ਤਰੀਕੇ ਨਾਲ ਇਹ ਸਰਕਾਰ ਚੱਲ ਰਹੀ ਹੈ, ਉਸ ਤੋਂ ਸਾਫ਼ ਹੈ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਨਹੀਂ ਹੈ ਬਲਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਹੈ। ਪੰਜਾਬ ਦੇ ਹਰ ਮੁੱਦੇ ਲਈ ਅਫ਼ਸਰ ਕੇਜਰੀਵਾਲ ਕੋਲ ਜਾਂਦੇ ਹਨ। ਕੇਜਰੀਵਾਲ ਪੰਜਾਬ ਦੇ ਹਰ ਮੁੱਦੇ ਉੱਤੇ ਬਿਆਨ ਦਿੰਦਾ ਹੈ ਜਦਕਿ ਬਿਆਨ ਤਾਂ ਭਗਵੰਤ ਸਿੰਘ ਮਾਨ ਨੂੰ ਦੇਣਾ ਚਾਹੀਦਾ ਹੈ।
ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਦੇ ਬਜਟ ਲਈ ਲੋਕਾਂ ਤੋਂ ਮੰਗੇ ਸੁਝਾਅ ਦੇ ਫੁੱਲ ਪੇਜ ਐਡ (ਪੂਰੇ ਪੇਜ ਉੱਤੇ ਇਸ਼ਤਿਹਾਰ) ਦਿੱਤੇ ਜਾ ਰਹੇ ਹਨ। ਆਂਧਰਾ ਪ੍ਰਦੇਸ਼, ਗੁਜਰਾਤ, ਤਾਮਿਲ ਨਾਡੂ, ਹਿਮਾਚਲ ਪ੍ਰਦੇਸ਼ ਦੇ ਅਖ਼ਬਾਰਾਂ ਵਿੱਚ ਪੂਰੇ ਪੇਜ ਉੱਤੇ ਇਸ਼ਤਿਹਾਰ ਦਿੱਤੇ ਜਾ ਰਹੇ ਹਨ। ਕੀ ਤੁਸੀਂ ਹੁਣ ਪੰਜਾਬ ਦਾ ਬਜਟ ਦੂਜੇ ਸੂਬਿਆਂ ਤੋਂ ਪੁੱਛਣਾ ਹੈ। ਇੱਕ ਪਾਸੇ ਪੰਜਾਬ ਦੇ ਹਾਲਾਤ ਮਾੜੇ ਹੋਣ ਦਾ ਦਾਅਵਾ ਕਰਦੇ ਹਨ, ਹਰ ਔਰਤ ਨੂੰ ਹਜ਼ਾਰ ਰੁਪਏ ਦੇਣ, ਬਿਜਲੀ ਦੇ ਰੇਟ ਘਟਾਉਣ, ਬਿਜਲੀ 24 ਘੰਟੇ ਕਰਨ ਦਾ ਵਾਅਦਾ ਹਾਲੇ ਤੱਕ ਪੂਰਾ ਨਹੀਂ ਕੀਤਾ ਪਰ ਇਸ਼ਤਿਹਾਰ ਦੇਣ ਉੱਤੇ ਪੈਸਾ ਖਰਚੀ ਜਾ ਰਹੇ ਹਨ। ਹਾਲੇ ਨੌਕਰੀ ਦਿੱਤੀ ਨਹੀਂ ਹੈ ਪਰ ਗਾਰੰਟੀ ਪੂਰੀ ਹੋਣ ਦਾ ਦਾਅਵਾ ਕਰ ਰਹੇ ਹਨ। ਸਰਕਾਰ ਵੱਲੋਂ ਇਹ ਵੀ ਬਹੁਤ ਵੱਡਾ ਘਪਲਾ ਕੀਤਾ ਜਾ ਰਿਹਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਹੀ ਨਹੀਂ ਹੈ। ਪੰਜਾਬ ਵਿੱਚ ਕੋਈ ਉਪਲੱਬਧੀ ਤਾਂ ਹੀ ਹੋਵੇ ਜੇ ਸਰਕਾਰ ਹੋਵੇ ਕਿਉਂਕਿ ਮੁੱਖ ਮੰਤਰੀ ਤਾਂ ਗਾਇਬ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਨੇ ਪੰਜਾਬੀਆਂ ਦੀ ਸੌ ਸਾਲ ਸੇਵਾ ਕੀਤੀ ਹੈ, ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਰਾਜਪਾਲ ਨੂੰ ਮਿਲਣ ਵਾਲੇ ਵਫ਼ਦ ਵਿੱਚ ਬਲਵਿੰਦਰ ਸਿੰਘ ਭੂੰਦੜ, ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਡਾ.ਦਲਜੀਤ ਸਿੰਘ ਚੀਮਾ ਅਤੇ ਸਿਕੰਦਰ ਸਿੰਘ ਮਲੂਕਾ ਸ਼ਾਮਿਲ ਸਨ।