ਸ਼੍ਰੋਮਣੀ ਅਕਾਲੀ ਦਲ (Shrimoni Akali Dal) ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ। ਪਿਛਲੀਆਂ ਦੋ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਮਾੜਾ ਰਿਹਾ ਹੈ, ਜਿਸ ਤੋਂ ਬਾਅਦ ਸਮੇਂ-ਸਮੇਂ ‘ਤੇ ਅਲੱਗ-ਅਲੱਗ ਅਕਾਲੀ ਲੀਡਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਤੋਂ ਅਸਤੀਫਾ ਮੰਗਿਆ ਸੀ ਪਰ ਸੁਖਬੀਰ ਅਸਤੀਫਾ ਨਾ ਦੇਣ ‘ਤੇ ਅੜੇ ਹੋਏ ਹਨ। ਲੋਕ ਸਭਾ 2024 ਦੀਆਂ ਚੋਣਾਂ ਤੋਂ ਬਾਅਦ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਰੀ ਪ੍ਰੈਸ ਨੋਟ ‘ਤੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਸ ਵਿੱਚ ਸੁਖਬੀਰ ਦੀ ਅਗਵਾਈ ਵਿੱਚ ਸਾਰੇ ਮੈਂਬਰਾਂ ਨੇ ਭਰੋਸਾ ਪ੍ਰਗਟ ਕਰਨ ਦੇ ਨਾਲ-ਨਾਲ ਸਲਾਘਾ ਕਰਨ ਦੀ ਗੱਲ ਕੀਤੀ ਗਈ ਸੀ।
ਪਾਰਟੀ ਦੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਵਿੱਚ ਭਰੋਸਾ ਪ੍ਰਗਟ ਕਰਨ ਦਾ ਕੋਈ ਮਤਾ ਲਿਆਂਦਾ ਹੀ ਨਹੀਂ ਗਿਆ । ਉਨ੍ਹਾਂ ਕਿਹਾ ਕਿ ਨਾ ਤਾਂ ਇਹ ਮਤਾ ਕੋਈ ਲੈ ਕੇ ਆਇਆ ਹੈ ਨਾ ਹੀ ਕੋਈ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਦੀ ਹੋਰ ਲੀਡਰਾਂ ਨਾਲ ਵੀ ਗੱਲ ਹੋਈ ਹੈ ਅਤੇ ਸਾਰੇ ਹੈਰਾਨ ਹਨ ਕਿ ਇਹ ਮਤਾ ਜਦੋਂ ਆਇਆ ਹੀ ਨਹੀਂ ਤਾਂ ਪ੍ਰੈਸ ਨੋਟ ਕਿਸ ਨੇ ਜਾਰੀ ਕਰ ਦਿੱਤਾ। ਚੰਦੂਮਾਜਰਾ ਨੇ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੇਵਲ ਪਈਆਂ ਵੋਟਾਂ ਬਾਰੇ ਹੀ ਗੱਲ ਹੋਈ ਸੀ ਅਤੇ ਵੱਖ-ਵੱਖ ਤੌਰ ਤੇ ਲੀਡਰਾਂ ਨੂੰ ਮਿਲ ਕੇ ਮੰਥਨ ਕਰਨ ਦਾ ਫੈਸਲਾ ਹੋਇਆ ਸੀ। ਚੰਦੂਮਾਜਰਾ ਦੇ ਨਾਲ-ਨਾਲ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਬਲਦੇਵ ਸਿੰਘ ਮਾਨ ਤੇ ਡਾ. ਦਲਜੀਤ ਸਿੰਘ ਚੀਮਾ ਵੱਲੋਂ ਜਾਰੀ ਇਸ ਪ੍ਰੈਸ ਨੋਟ ‘ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਪ੍ਰੈਸ ਨੋਟ ਹਰਚਰਨ ਸਿੰਘ ਬੈਂਸ ਵੱਲੋਂ ਜਾਰੀ ਕਰਵਾਇਆ ਗਿਆ ਹੈ।
ਕੋਰ ਕਮੇਟੀ ਦੀ ਹੋਈ ਮੀਟਿੰਗ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਬਿਨਾ ਨੋਟਿਸ ਦਿੱਤੇ ਪਾਰਟੀ ਵਿੱਚੋਂ ਕੱਢਣ ਉੱਤੇ ਵੀ ਸਖਤ ਇਤਰਾਜ਼ ਜਤਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਠੰਡੇ ਬਸਤੇ ਵਿੱਚ ਪਾਉਣ ਦੀ ਗੱਲ ਕਹੀ ਗਈ ਹੈ।
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ 2017 ਤੋਂ ਬਾਅਦ ਸੱਤਾ ਤੋਂ ਬਾਹਰ ਹੈ। ਪਾਰਟੀ ਦੇ ਕਈ ਆਗੂ ਖੁੱਲ੍ਹ ਕੇ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗ ਚੁੱਕੇ ਹਨ। ਪਾਰਟੀ ਦੇ ਹਲਕਾ ਦਾਖਾ ਅਤੇ ਮਾਲਵੇ ਵਿੱਚੋਂ ਇਕਲੌਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਵੀ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਨਾ ਕਰਨ ਨੂੰ ਲੈ ਕੇ ਪਾਰਟੀ ਤੋਂ ਦੂਰੀਆਂ ਬਣਾਇਆ ਹੋਇਆਂ ਹਨ।
ਇਹ ਵੀ ਪੜ੍ਹੋ – ਪੰਜਾਬ ‘ਚ ਕੱਲ੍ਹ ਰਹੇਗੀ ਛੁੱਟੀ, ਮਨਾਈ ਜਾਵੇਗੀ ਈਦ