Punjab

ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਗ੍ਰਿਫ਼ਤਾਰ, ਫੇਕ ਵੀਡੀਓ ਸ਼ੇਅਰ ਕਰਨ ਦੇ ਲੱਗੇ ਇਲਜ਼ਾਮ

Akali leader Parambans Singh Bunty Romana arrested

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਚੰਡੀਗੜ੍ਹ ਪੁਲਿਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਵਿਰੁਧ ਸੈਕਟਰ 3 ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਸਾਈਬਰ ਸੈੱਲ ਵੱਲੋਂ ਕੀਤੀ ਗਈ ਹੈ। ਬੰਟੀ ਰੋਮਾਣਾ ‘ਤੇ ਫੇਕ ਵੀਡੀਓ ਸ਼ੇਅਰ ਕਰਨ ਦੇ ਇਲਜ਼ਾਮ ਹਨ।

ਦਰਅਸਲ ਅਕਾਲੀ ਲੀਡਰ ਬੰਟੀ ਰੋਮਾਣਾ ਨੇ ਐਕਸ ਪਲੇਫਾਰਮ ‘ਤੇ ਇੱਕ ਵੀਡੀਓ ਟਵੀਟ ਕੀਤੀ ਸੀ। ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਥਿਤ ਤੌਰ ‘ਤੇ ਗਾਇਕ ਕੰਵਰ ਗਰੇਵਾਲ ਪੰਜਾਬ ਦੇ ਮੁੱਖ ਮੰਤਰੀ ਖਿਲਾਫ਼ ਗੀਤ ਗਾ ਰਹੇ ਹਨ, ਪਰ ਜਦੋਂ ਇਸ ਵੀਡੀਓ ਤਸਫ਼ਤੀਸ਼ ਕੀਤੀ ਗਈ ਤਾਂ ਪਾਇਆ ਗਿਆ ਕਿ ਇਹ ਵੀਡੀਓ ਐਡੀਟਡ ਸੀ। ਜਿਸ ਕਾਰਨ ਪੁਲਿਸ ਨੇ ਨਾਲ ਦੀ ਨਾਲ ਕਾਰਵਾਈ ਕਰਦੇ ਹੋਏ ਅੱਜ ਅਕਾਲੀ ਦਲ ਦੇ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਗ੍ਰਿਫ਼ਤਾਰ ਕਰ ਲਿਆ।

ਅਕਾਲੀ ਆਗੂ ਦੀ ਗ੍ਰਿਫਤਾਰੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿੰਦਾ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੂੰ ਕਥਿਤ ਦੋਸ਼ਾਂ ਤਹਿਤ ਗ੍ਰਿਫਤਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਛੇੜੀ ਗਈ ਸਿਆਸੀ ਬਦਲਾਖੋਰੀ ਦੀ ਸਖ਼ਤ ਨਿਖੇਧੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਅਤੇ ਪੰਜਾਬੀਆਂ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣਾ ਅਤੇ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣਾ ਚਾਹੁੰਦੀ ਹੈ।

ਬਾਦਲ ਨੇ ਕਿਹਾ ਕਿ ਅਕਾਲੀ ਦਲ ਅਜਿਹੀਆਂ ਕਾਇਰਤਾ ਭਰੀਆਂ ਕਾਰਵਾਈਆਂ ਤੋਂ ਡਰੇਗਾ ਨਹੀਂ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪਰਮਬੰਸ ਰੋਮਾਣਾ ਨੂੰ ਦਿਲੋਂ ਸਮਰਥਨ ਦਿੰਦੀ ਹੈ ਅਤੇ ਇਹ ਯਕੀਨੀ ਬਣਾਏਗੀ ਕਿ ਆਮ ਆਦਮੀ ਪਾਰਟੀ ਦੀ ਅਰਾਜਕਤਾ ਨੂੰ ਅਸਫਲ ਕੀਤਾ ਜਾਵੇ ਅਤੇ ਕੇਸ ਵਿੱਚ ਇਨਸਾਫ਼ ਕੀਤਾ ਜਾਵੇ।