Punjab

ਬਿਕਰਮ ਸਿੰਘ ਮਜੀਠੀਆ ਨੇ ਕੀਤੇ ਕਈ ਅਹਿਮ ਖੁਲਾਸੇ, ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੱਸਿਆ ਅਣਐਲਾਨੀ ਐਂਮਰਜੈਂਸੀ

ਚੰਡੀਗੜ੍ਹ : ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਦੇ ਹੋਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਨੂੰ ਅਣਐਲਾਨੀ ਐਂਮਰਜੈਂਸੀ ਕਰਾਰ ਦਿੱਤਾ  ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਧਾ ਹੀ ਇੰਦਰਾ ਗਾਂਧੀ ਦਾ ਦੂਸਰਾ ਰੂਪ ਕਹਿ ਦਿੱਤਾ।ਮਜੀਠੀਆ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ।ਉਹਨਾਂ ਕਿਹਾ ਹੈ ਕਿ ਵੈਬ ਚੈਨਲਾਂ,ਪੱਤਰਕਾਰਾਂ ਤੇ ਗਾਇਕਾਂ ਦੇ ਅਕਾਊਂਟ ਬੈਨ ਕੀਤੇ ਜਾ ਰਹੇ ਹਨ।ਮਜੀਠੀਆ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਵੱਡੀ ਭੂਮਿਕਾ ਨਿਭਾਉਣ ਵਾਲੇ ਕਈ ਪੱਤਰਕਾਰਾਂ ਦੇ ਵੀ ਨਾਂ ਲਏ ਤੇ ਕਿਹਾ ਕਿ ਇਹਨਾਂ ਦੇ ਪੇਜ਼ ਵੀ ਸਰਕਾਰ ਨੇ ਬੰਦ ਕਰ ਦਿੱਤੇ ਹਨ।

ਪੰਜਾਬ ‘ਚ ਅਣਐਲਾਨੀ ਐਮਰਜੈਂਸੀ ਵਰਗੇ ਬਣੇ ਹਾਲਾਤਾਂ ‘ਚ ਮੀਡੀਆ ਦੀ ਆਵਾਜ਼ ਦਬਾਉਣ ਲਈ ਪੱਤਰਕਾਰਾਂ ‘ਤੇ ਹੋ ਰਹੇ ਪਰਚੇ, ਨਾਜਾਇਜ਼ ਮਾਈਨਿੰਗ, ਵਿਗੜੀ ਅਮਨ ਕਾਨੂੰਨ ਵਿਵਸਥਾ, ਜੇਲਾਂ ‘ਚੋ ਗੈਂਗਸਟਰਾਂ ਦੀ ਇੰਟਰਵਿਊ, ਕਿਸਾਨਾਂ ਅਤੇ ਨੌਜਵਾਨਾਂ ਨਾਲ ਕੀਤੇ ਚੋਣਵੀਂ ਵਾਅਦਿਆਂ ਤੋਂ ਮੁਕਰਨ ਸਮੇਤ ਨਾਕਾਮੀਆਂ ਲਈ ਉਹਨਾਂ ਸੂਬਾ ਸਰਕਾਰ ਤੋਂ ਦਾ ਜਵਾਬ ਮੰਗਿਆ ਹੈ।

ਅਕਾਲੀ ਆਗੂ ਅਨੁਸਾਰ ਇਹ ਹਾਲਾਤ ਸਿਰਫ ਇਸ ਲਈ ਬਣਾਏ ਗਏ ਹਨ ਕਿਉਂਕਿ ਇਹਨਾਂ ਸਰਕਾਰ ਦੇ ਖਿਲਾਫ਼ ਬੋਲਣ ਦੀ ਹਿੰਮਤ ਦਿਖਾਈ ਹੈ।ਪੰਜਾਬ ਦੇ ਅਖ਼ਬਾਰ ਅਜ਼ੀਤ ਦੇ ਖਿਲਾਫ ਹੋਈ ਕਾਰਵਾਈ ਦਾ ਵੀ ਉਹਨਾਂ ਜ਼ਿਕਰ ਕੀਤਾ ਹੈ।ਮੀਡੀਆ ਨੂੰ ਅਪੀਲ ਕਰਦੇ ਹੋਏ ਮਜੀਠੀਆ ਨੇ ਕਿਹਾ ਹੈ ਕਿ ਸੱਚ ਦੇ ਹੱਕ ਵਿੱਚ ਖੜੇ ਹੋਣਾ ਜ਼ਰੂਰੀ ਹੈ।ਇਸ ਲਈ ਅਕਾਲੀ ਦਲ ਉਹਨਾਂ ਦੇ ਨਾਲ ਹੈ।ਪੰਜਾਬ ਦੇ ਹੱਕ ਵਿੱਚ ਕੀਤੀ ਜਾਣ ਵਾਲੀ ਹਰ ਗੱਲ ਛਾਪੀ ਜਾਣੀ ਚਾਹੀਦੀ ਹੈ।

ਰਾਕੇਸ਼ ਚੌਧਰੀ ਮਾਮਲੇ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਵਿੱਚ ਹਾਈ ਕੋਰਟ ਵਿੱਚ ਸਟੇਅ ਹੋਣ ਦੀ ਗੱਲ ਆਪ ਆਗੂਆਂ ਨੇ ਕਹੀ ਸੀ ਪਰ ਇਸ ਨੂੰ ਕੀਤੇ ਵੀ ਸਾਬਤ ਨਹੀਂ ਕਰ ਸਕੇ ਹਨ।

ਆਪ ਆਗੂਆਂ ਨੂੰ ਕੱਟੜ ਬੇਈਮਾਨ ਸੰਬੋਧਨ ਕਰਦੇ ਹੋਏ ਮਜੀਠੀਆ ਨੇ ਵਿੱਤ ਮੰਤਰੀ ਪੰਜਾਬ ਵੱਲੋਂ ਕੱਲ ਕੀਤੇ ਗਏ ਐਕਸਾਈਜ਼ ਵਿਭਾਗ ਵਿੱਚ ਲਾਭ ਦੇ 41 ਫੀਸਦੀ ਵਾਧੇ ਦੇ ਦਾਅਵੇ ਨੂੰ ਚੁਣੌਤੀ ਦਿੱਤੀ ਹੈ ਤੇ ਕਿਹਾ ਹੈ ਕਿ ਇਹ ਸਭ ਅੰਕੜਿਆਂ ਦੀ ਹੇਰਾਫੇਰੀ ਹੈ ਪਰ 200 ਕਰੋੜ ਰੁਪਏ ਦੇ ਖ਼ਜਾਨੇ ਦੀ ਲੁੱਟ ਹੋਈ ਹੈ।ਜਿਸ ਦੇ ਸਬੂਤ ਉਹਨਾਂ ਪੱਤਰਕਾਰਾਂ ਅੱਗੇ ਰੱਖੇ। ਉਹਨਾਂ ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ,ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਹਰਜੋਤ ਸਿੰਘ ਬੈਂਸ ਤੇ ਇਹ ਇਲਜ਼ਾਮ ਲਗਾਏ ਹਨ ਕਿ ਇਹਨਾਂ ਤਿੰਨਾਂ ਨੇ ਖੁੱਦ ਇਸ ਗੱਲ ਨੂੰ ਤਕਸੀਦ ਕੀਤਾ ਹੈ।

ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਸਵਾਲ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਦਿੱਲੀ ਵਿੱਚ ਐਕਸਾਈਜ਼ ਪਾਲਿਸੀ ਬਣਾਉਣ ਵਾਲੇ ਨੂੰ ਝੱਟ ਗ੍ਰਿਫਤਾਰ ਕਰ ਲਿਆ ਗਿਆ ਪਰ ਉਹੀ ਪਾਲਿਸੀ ਪੰਜਾਬ ਵਿੱਚ ਲਾਗੂ ਹੋਈ ਤਾਂ ਇਥੇ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ?

ਮਜੀਠੀਆ ਨੇ ਪੰਜਾਬ ਵਿੱਚ ਲਾਗੂ ਕੀਤੀ ਗਈ ਐਕਸਾਈਜ਼ ਪਾਲਿਸੀ 2021-22 ਵਿੱਚ ਕਾਂਗਰਸ ਦੀ ਸਰਕਾਰ ਵੇਲੇ 74 ਐਲਵਨ ਹੋਣ ਦੀ ਗੱਲ ਕਰਦਿਆਂ ਦਾਅਵਾ ਕੀਤਾ ਹੈ ਕਿ ਹੁਣ ਇਸ ਵੇਲੇ ਇਹ ਘੱਟ ਕੇ 7 ਰਹਿ ਗਏ ਹਨ।ਸਿਸੋਦੀਆ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਅਮਨਦੀਪ ਢੱਲ ਤੇ ਤੁਸ਼ਾਰ ਚੋਪੜਾ ਨਾਮ ਦੇ ਵਿਅਕਤੀਆਂ ਨੇ ਹੇਰਾਫੇਰੀ ਕੀਤੀ ਹੈ।

ਪੰਜਾਬ ਵਿੱਚ ਕਾਂਗਰਸ ਸਰਕਾਰ ਵੇਲੇ 5835 ਠੇਕੇ ਸੀ ਪਰ  ਆਪ ਸਰਕਾਰ ਆਉਣ ਤੋਂ ਬਾਅਦ ਇਹਨਾਂ ਦੀ ਸੰਖਿਆ ਨੂੰ ਵਧਾ ਕੇ 8078 ਕਰ ਦਿੱਤਾ ਗਿਆ।ਜਿਸ ਤੋਂ ਹੋਣ ਵਾਲੀ ਆਮਦਨ ਨੂੰ ਆਪ ਵੱਲੋਂ ਆਪਣੇ ਲਈ ਵਰਤਿਆ ਜਾਵੇਗਾ।

ਵੈਟ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਸ ਵਿੱਚ ਵੀ ਅੰਕੜਿਆਂ ਨਾਲ ਖੇਡਿਆ ਗਿਆ ਹੈ ਤੇ ਤੱਥਾਂ ਨੂੰ ਇਧਰ ਉਧਰ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਪਿਛਲੀਆਂ ਵੀਡੀਓ ਦਿਖਾ ਕੇ ਮਜੀਠੀਆ ਨੇ ਤੰਜ ਕੱਸਿਆ ਕਿ ਇਸ ਪੂਰੇ ਸਾਲ ਦੇ ਦੌਰਾਨ ਵਿੱਤ ਮੰਤਰੀ ਪੰਜਾਬ ਨੇ ਝੂਠ ਬੋਲਿਆ ਹੈ। ਇਨਾਂ ਹੀ ਨਹੀਂ,ਠੇਕਿਆਂ ਦੀ ਨਿਲਾਮੀ ਵੇਲੇ ਵੀ ਵੱਡਾ ਘਪਲਾ ਹੋਇਆ ਹੈ ਪਰ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਇਸ ਵਾਰ ਐਕਸਾਈਜ਼ ਪਾਲਿਸੀ ਬਹੁਤ ਵਧੀਆ ਬਣੀ ਹੈ।

ਮਜੀਠੀਆ ਨੇ ਐਲਾਨ ਕੀਤਾ ਕਿ ਇਸ ਸਾਰੇ ਮਾਮਲੇ ਨੂੰ ਰਾਜਪਾਲ ਕੋਲ ਰੱਖਿਆ ਜਾਵੇਗਾ ਤੇ ਕਾਨੂੰਨੀ ਕਾਰਵਾਈ ਵਾਲਾ ਪੱਖ ਵੀ ਦੇਖਿਆ ਜਾਵੇਗਾ।

ਲਾਰੈਂਸ ਬਿਸ਼ਨੋਈ ਵੀਡੀਓ ਮਾਮਲੇ ਵਿੱਚ ਵੀ ਉਹਨਾਂ ਸਰਕਾਰ ‘ਤੇ ਸਵਾਲ ਕੀਤੇ ਹਨ ਕਿ ਇਸ ਸੰਬੰਧ ਵਿੱਚ ਬਣਾਈ ਗਈ ਕਮੇਟੀ ਨੇ ਇੱਕ ਮਹੀਨਾ ਬੀਤ ਜਾਣ ਮਗਰੋਂ ਵੀ ਕੋਈ ਰਿਪੋਰਟ ਨਹੀਂ ਪੇਸ਼ ਕੀਤੀ ਹੈ। ਇਹਨਾਂ ਵੀਡੀਓ ਨੂੰ ਦੇਖ ਕੇ ਸਿੱਧੂ ਦੇ ਮਾਂ-ਬਾਪ ਨੂੰ ਤਕਲੀਫ ਪਹੁੰਚਦੀ ਹੈ। ਉਹਨਾਂ ਇਹ ਵੀ ਇਲਜ਼ਾਮ ਲਗਾਇਆ ਕਿ ਸਿੱਧੂ ਦੀ ਬਰਸੀ ਵੇਲੇ ਵੀ ਨੈਟ ਬੰਦ ਕਰ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ।

ਪੰਜਾਬ ਦੀ ਕਿਸਾਨਾਂ ਦੀ ਤਬਾਹ ਹੋਈ ਫਸਲ ਬਾਰੇ ਬੋਲਦਿਆਂ ਉਹਨਾਂ ਕਿਹਾ ਹੈ ਕਿ ਸਰਕਾਰ ਨੇ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਬਿਨਾਂ ਗਿਰਦਾਵਰੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਪਰ ਹੁਣ ਕਿਸੇ ਵੀ ਇਲਾਕੇ ਵਿੱਚ ਸਹੀ ਤਰਾਂ ਨਾਲ ਗਿਰਦਾਵਰੀ ਨਹੀਂ ਹੋਈ ਹੈ।