ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ। ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਦਾਕੜ ਨੇ ਕਿਹਾ ਕਿ ਪਾਰਟੀ ਨੇ ਇਹ ਫੈਸਲਾ ਪੰਜਾਬ ਦੇ ਲੋਕਾਂ, ਪਾਰਟੀ ਵਰਕਰਾਂ, ਆਗੂਆਂ ਅਤੇ ਕਿਸਾਨਾਂ ਦੀ ਰਾਏ ਦੇ ਆਧਾਰ ‘ਤੇ ਲਿਆ ਹੈ। ਇਹ ਫੈਸਲਾ ਪੰਜਾਬ ਦੇ ਸਮੂਹ ਵਪਾਰੀਆਂ, ਮਜ਼ਦੂਰਾਂ ਅਤੇ ਪਛੜੇ ਵਰਗਾਂ ਦੇ ਉੱਜਵਲ ਭਵਿੱਖ ਲਈ ਲਿਆ ਗਿਆ ਹੈ।
ਇਸਦੇ ਜਵਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਕੋਈ ਇਕੱਲੀ ਸਿਆਸੀ ਪਾਰਟੀ ਨਹੀਂ ਹੈ ਸਗੋਂ ਅਕਾਲੀ ਦਲ ਅਸੂਲਾਂ ਵਾਲੀ ਪਾਰਟੀ ਹੈ। ਬਾਦਲ ਨੇ ਕਿਹਾ ਕਿ ਸਾਡੇ ਲਈ ਪਾਰਟੀ ਦੇ ਅਸੂਲ ਜਿਆਦਾ ਮਾਇਨੇ ਰੱਖਦੇ ਨਾ ਕੇ ਨੰਬਰ ਗੇਮ। ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ 103 ਸਾਲਾਂ ਵਿੱਚ ਕੇਵਲ ਸਰਕਾਰ ਬਣਾਉਣ ਲਈ ਸਿਆਸਤ ਨਹੀਂ ਕੀਤੀ ।
ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ। ਬਾਦਲ ਨੇ ਕਿਹਾ ਕਿ ਕੌਮ ਦੀ ਰੱਖਿਆ ਲਈ, ਪੰਜਾਬ ਦੀ ਤਰੱਕੀ ਲਈ ਅਤੇ ਪੰਜਾਬ ਦੋ ਲੋਕਾਂ ਲਈ ਹਮੇਸ਼ਾ ਅਕਾਲੀ ਦਲ ਜਿੰਮੇਵਾਰ ਰਿਹਾ ਹੈ। ਉਨ੍ਹਾਂ ਨੇ ਵਿਰੋਧੀ ਪਾਰਟੀਆਂ ‘ਤੇ ਤੰਜ ਕੱਸਦਿਆਂ ਕਿਹਾ ਕਿ ਬਾਕੀ ਸਿਆਸੀ ਪਾਰਟੀਆਂ ਕੇਵਲ ਵੋਟ ਦੀ ਸਿਆਸਤ ਕਰਦੀਆਂ ਹਨ। ਕਿਸਾਨਾਂ ਬਾਰੇ ਬੋਲਦਿਆਂ ਬਾਦਲ ਨੇ ਕਿਹਾ ਕਿ ਜੇਕਰ ਦੇਸ਼ ਵਿੱਚ ਕੋਈ ਪਾਰਟੀ ਕਿਸਾਨਾਂ ਨਾਲ ਖੜ੍ਹਦੀ ਹੈ ਜਾਂ ਕਿਸਾਨਾਂ ਦੀ ਗੱਲ ਕਰਦੀ ਹੈ ਉਹ ਕੇਵਲ ਅਕਾਲੀ ਦਲ ਹੈ।
ਦੱਸ ਦੀਏ ਕਿ ਪੰਜਾਬ ‘ਚ ਭਾਰਤੀ ਜਨਤਾ ਪਾਰਟੀ ਇਕੱਲੇ ਹੀ ਚੋਣਾਂ ਲੜੇਗੀ। ਇਸ ਦਾ ਐਲਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਅੱਜ ਇੱਕ ਵਿਡੀਓ ਜਾਰੀ ਕਰਕੇ ਕੀਤਾ ਗਿਆ ਸੀ। ਉਨ੍ਹਾਂ ਨੇ ਟਵਿਟਰ ‘ਤੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ‘ਚ ਭਾਜਪਾ ਇਕੱਲੇ ਹੀ ਲੋਕ ਸਭਾ ਚੋਣਾਂ ਲੜੇਗੀ। ਅੱਗੇ ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ, ਪਾਰਟੀ ਵਰਕਰਾਂ ਅਤੇ ਆਗੂਆਂ ਦੀ ਰਾਏ ਲੈਣ ਮਗਰੋਂ ਪੰਜਾਬ ਦੇ ਭਵਿੱਖ, ਜਵਾਨੀ, ਕਿਸਾਨੀ ਅਤੇ ਸਾਰਿਆਂ ਦੀ ਬਿਹਤਰੀ ਵਾਸਤੇ ਇਹ ਫ਼ੈਸਲਾ ਲਿਆ ਗਿਆ ਹੈ।
ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜੋ ਕੰਮ ਭਾਜਪਾ ਨੇ 10 ਸਾਲਾਂ ਵਿਚ ਕੀਤਾ ਹੈ, ਉਹ ਹਾਲੇ ਤੱਕ ਕਿਸੇ ਨੇ ਨਹੀਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਫੈਸਲਾ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਦੇ ਚਲਦਿਆਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਗਿਆ।