ਚੰਡੀਗੜ੍ਹ : ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਬਿਆਨ ਆਇਆ ਸੀ ਕਿ ਜ਼ੀਰਾ ਫੈਕਟਰੀ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ ਪਰ ਹੁਣ ਇਸ ਬਿਆਨ ‘ਤੇ ਘਸਮਾਣ ਪੈਣਾ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਇਸ ਬਿਆਨ ਨੂੰ ਸਿਰੇ ਤੋਂ ਨਕਾਰਦਿਆਂ ਝੂਠ ਦੱਸਿਆ ਹੈ ਤੇ ਕਿਹਾ ਹੈ ਕਿ ਸੰਨ 2006 ਵਿੱਚ ਇਹ ਫੈਕਟਰੀ ਲੱਗੀ ਸੀ ਤੇ ਉਦੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਸੀ। ਉਹਨਾਂ ਮੰਤਰੀ ਧਾਲੀਵਾਲ ‘ਤੇ ਵਰਦਿਆਂ ਇਹ ਇਲਜ਼ਾਮ ਵੀ ਲਗਾਇਆ ਹੈ ਕਿ ਉਦੋਂ ਮੰਤਰੀ ਸਾਹਬ ਆਪ ਕਾਂਗਰਸ ਦੀਆਂ ਗੱਡੀਆਂ ਵਿੱਚ ਘੁੰਮਦੇ ਹੁੰਦੇ ਸੀ।
ਦੀਪ ਮਲਹੋਤਰਾ ਦੀ ਗੱਲ ਕਰਦਿਆਂ ਕਲੇਰ ਨੇ ਦਾਅਵਾ ਕੀਤਾ ਹੈ ਕਿ ਹਰ ਪਾਰਟੀ ਵਿੱਚ ਬੰਦੇ ਆਉਂਦੇ-ਜਾਂਦੇ ਰਹਿੰਦੇ ਹਨ ਤੇ ਖੁਦ ਆਪ ਦੇ ਕਈ ਮੰਤਰੀ ਹੋਰਨਾਂ ਪਾਰਟੀਆਂ ਦਾ ਹਿੱਸਾ ਰਹੇ ਹਨ। ਇਹ ਦੀਪ ਮਲਹੋਤਰਾ ਪਹਿਲਾਂ ਭਾਵੇਂ ਅਕਾਲੀ ਦਲ ਦਾ ਐਮਐਲਏ ਸੀ ਪਰ ਹੁਣ ਇਸ ਦੀਆਂ ਆਪ ਨਾਲ ਨਜ਼ਦੀਕੀਆਂ ਦੀ ਗੱਲ ਵੀ ਸਾਹਮਣੇ ਆਈ ਹੈ। ਦਿੱਲੀ ਦੀ ਐਕਸਸਾਈਜ ਪਾਲੀਸੀ ਸੰਬੰਧੀ ਮਾਮਲਾ,ਜਿਸ ਦੀ ਜਾਂਚ ਹੁਣ ਸੀਬੀਆਈ ਕਰ ਰਹੀ ਹੈ,ਵਿੱਚ ਵੀ ਦੀਪ ਮਲਹੋਤਰਾ ਸ਼ਾਮਿਲ ਹੈ।
ਇਸ ਤੋਂ ਇਲਾਵਾ ਉਹਨਾਂ ਇਹ ਵੀ ਸਵਾਲ ਚੁੱਕਿਆ ਹੈ ਕਿ ਆਪ ਦੇ ਆਪਣੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਐਮਪੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਵਾਰ-ਵਾਰ ਜ਼ੀਰਾ ਫੈਕਟਰੀ ਦਾ ਪੱਖ ਪੂਰਿਆ ਹੈ। ਇਸ ਤੋਂ ਇਲਾਵਾ ਹਾਈ ਕੋਰਟ ਰਾਹੀਂ ਫੈਕਟਰੀ ਵਾਲੇ ਸਰਕਾਰ ਕੋਲੋਂ 20 ਕਰੋੜ ਲੈ ਗਏ,ਉਹਨਾਂ ਬਾਰੇ ਵੀ ਸਪੱਸ਼ਟੀਕਰਨ ਦਿੱਤਾ ਜਾਵੇ।
ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ 2 ਮਹੀਨੇ ਪਹਿਲਾਂ ਹੀ ਫੈਕਟਰੀ ਨੂੰ ਕਲੀਨ ਚਿੱਟ ਦਿੱਤੇ ਜਾਣ ਦੀ ਗੱਲ ਵੀ ਉਹਨਾਂ ਨੇ ਕੀਤੀ ਤੇ ਕਿਹਾ ਕਿ ਇਸ ‘ਤੇ ਵੀ ਸਰਕਾਰ ਜਵਾਬ ਦੇਵੇ ਨਹੀਂ ਤਾਂ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਨਾ ਛੱਡ ਦੇਵੇ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਮਾਨ ਦੇ ਕਈ ਬਿਆਨ ਝੂਠੇ ਸਾਬਤ ਹੋਏ ਹਨ।