Punjab

ਅੱਜ ਮੁੜ ਸ਼ਕਤੀਸ਼ਾਲੀ ਹੋਵੇਗਾ ਅਕਾਲੀ ਦਲ – ਦਲਜੀਤ ਸਿੰਘ ਚੀਮਾ

ਅੰਮ੍ਰਿਤਸਰ : ਅੱਜ, 12 ਅਪ੍ਰੈਲ 2025 ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਪਲੈਕਸ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਨਵਾਂ ਪ੍ਰਧਾਨ ਚੁਣਿਆ ਜਾਵੇਗਾ। ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਜਨਰਲ ਡੈਲੀਗੇਟ ਸੈਸ਼ਨ ਸ਼ੁਰੂ ਹੋ ਗਿਆ ਹੈ, ਜਿੱਥੇ ਪਾਰਟੀ ਦੇ ਸਮਰਥਕ ਅਤੇ ਆਗੂ ਇਕੱਠੇ ਹੋ ਰਹੇ ਹਨ।

ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ 1920 ਵਿੱਚ ਹੋਈ ਸੀ, ਅਤੇ ਪੰਥਕ ਮਸਲਿਆਂ ਨੂੰ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ। ਉਦੋਂ ਤੋਂ, ਪ੍ਰਧਾਨ ਦੀ ਚੋਣ ਲਈ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਡੈਲੀਗੇਟ ਸੈਸ਼ਨ ਕਰਵਾਉਣ ਦੀ ਰਿਵਾਇਤ ਚੱਲੀ ਆ ਰਹੀ ਹੈ, ਜੋ ਪੰਥਕ ਭਾਵਨਾਵਾਂ ਨਾਲ ਜੁੜੀ ਹੈ।

ਚੀਮਾ ਨੇ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪਾਰਟੀ ਦੇ ਪ੍ਰਧਾਨ ਦੀ ਚੋਣ ਨੂੰ ਰੋਕਣ ਲਈ ਦੂਜੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ। ਉਨ੍ਹਾਂ ਬਾਗੀ ਅਕਾਲੀ ਆਗੂਆਂ ਦੇ ਕਾਂਗਰਸ ਨਾਲ ਜੁੜਨ ’ਤੇ ਵੀ ਟਿੱਪਣੀ ਕੀਤੀ, ਕਹਿੰਦਿਆਂ ਕਿ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੇ ਸਹਾਰੇ ਅਕਾਲੀ ਦਲ ਨੂੰ ਮੁੜ ਮਜ਼ਬੂਤ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਬਾਗੀ ਧੜਾ ਸਿੱਖ ਕੌਮ ਦੀ ਸਭ ਤੋਂ ਵੱਡੀ ਦੁਸ਼ਮਣ ਕਾਂਗਰਸ ਪਾਰਟੀ ਕੋਲ ਪਹੁੰਚਿਆ ਹੈ

ਚੀਮਾ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੀ ਸਫਲਤਾ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਵਰਕਰਾਂ ਅਤੇ ਆਗੂਆਂ ਦੀ ਮਿਹਨਤ ਸਦਕਾ 27.5 ਲੱਖ ਮੈਂਬਰਾਂ ਦੀ ਰਿਕਾਰਡ ਭਰਤੀ ਹੋਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਅੱਜ ਦੀ ਚੋਣ ਤੋਂ ਬਾਅਦ ਅਕਾਲੀ ਦਲ ਪਹਿਲਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੋਵੇਗਾ ਅਤੇ ਗੁਰੂ ਸਾਹਿਬ ਦੀ ਅਸੀਸ ਨਾਲ ਪੰਜਾਬ ਤੇ ਦੇਸ਼ ਦੀ ਸੇਵਾ ਕਰੇਗਾ।

ਅਕਾਲੀ ਆਗੂ ਸਰਬਜੀਤ ਝਿੰਜਰ ਨੇ ਸੁਖਜਿੰਦਰ ਸਿੰਘ ਰੰਧਾਵਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ‘ਰੰਧਾਵਾ ਦੇ ਪਿਤਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਹਮਲੇ ਤੋਂ ਬਾਅਦ ਖੁਸ਼ੀ ’ਚ ਲੱਡੂ ਵੰਡੇ ਸੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਪੰਥਕ ਮਸਲਿਆਂ ’ਚ ਦਖ਼ਲ ਦਿੰਦੀ ਰਹੀ ਹੈ। ਗੁਪਤ ਤਰੀਕੇ ਨਾਲ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਉਨਾਂ ਨੇ ਕਿਹਾ ਕਿ ਦਿੱਲੀ ਤੋਂ ਹਮੇਸ਼ਾ ਹੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਹੋਈਆਂ ਹਨ

ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਡੈਲੀਗੇਟ ਦੀ ਪਾਰਦਰਸ਼ੀ ਢੰਗ ਨਾਲ ਚੋਣ ਹੋਈ ਹੈ। ਚੋਣ ਕਮਿਸ਼ਨ ਕੋਲ ਸਾਡਾ ਸਾਰਾ ਰਿਕਾਰਡ ਮੌਜੂਦ ਹੈ।