Punjab

ਸੁਖਬੀਰ ਬਾਦਲ ‘ਤੇ ਫਾਇਰਿੰਗ ਮਾਮਲੇ ‘ਚ ਅਕਾਲੀ ਦਲ ਨੇ ਪੁਲਿਸ ਨੂੰ ਘੇਰਿਆ , ਮਜੀਠੀਆ ਨੇ ਜਾਰੀ ਕੀਤੀ ਸੀਸੀਟੀਵੀ ਫੁਟੇਜ

ਅੰਮ੍ਰਿਤਸਰ : ਸੁਖਬੀਰ ਬਾਦਲ ‘ਤੇ ਗੋਲੀਬਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਪੰਜਾਬ ਪੁਲਿਸ ਅਤੇ ‘ਆਪ’ ਸਰਕਾਰ ਆਹਮੋ-ਸਾਹਮਣੇ ਹੋ ਗਈ ਹੈ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਇਸ ਕਾਤਲਾਨਾ ਹਮਲੇ ਦਾ ਮਕਸਦ ਪੰਜਾਬ ਵਿਚ ਆਧੁਨਿਕ ਅਕਾਲੀ ਲੀਡਰਸ਼ਿਪ ਨੂੰ ਖ਼ਤਮ ਕਰਨਾ ਅਤੇ ਸਰਹੱਦੀ ਸੂਬੇ ਵਿਚ ਫਿਰਕੂ ਵੱਖਰੇਵੇਂ ਪਾ ਕੇ ਸਰਹੱਦੀ ਸੂਬੇ ਦੀ ਸ਼ਾਂਤੀ ਭੰਗ ਕਰਨਾ ਸੀ।

ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਇਸ ਸਾਰੀ ਕਾਰਵਾਈ ਪਿੱਛੇ ਸਾਜ਼ਿਸ਼ ਬੇਨਕਾਬ ਕਰਨ ਲਈ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ।ਮਜੀਠੀਆ ਨੇ ਕਿਹਾ ਕਿ ਗੁਰੂ ਰਾਮਦਾਸ ਦੀ ਅਪਾਰ ਬਖਸ਼ਿਸ਼ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਬਚ ਗਏ ਹਨ ਤੇ ਉਹ ਗੋਲੀ ਚੱਲਣ ਦੇ ਬਾਵਜੂਦ ਆਪਣੀ ਸੇਵਾ ਸੰਪੂਰਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਇਹ ਸੇਵਾ ਲਗਾਤਾਰ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹਨਾਂ ਬੁਜ਼ਦਿਲ ਹਮਲਿਆਂ ਨਾਲ ਡਰਨ ਵਾਲੇ ਨਹੀਂ ਹਾਂ।

ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਤੇ ਮੁਲਜ਼ਮ ਨੂੰ ਫੜਨ ਦੇ ਝੂਠੇ ਦਾਅਵੇ ਕਰਨ ਦੀ ਨਿਖੇਧੀ ਕਰਦਿਆਂ ਜੀਠੀਆ ਨੇ ਵੀਡੀਓ ਸਬੂਤ ਵੀ ਪੇਸ਼ ਕੀਤੇ ਕਿ ਸੂਬਾ ਪੁਲਿਸ ਤਾਂ ਅਪਰਾਧ ਵਾਲੀ ਥਾਂ ਦੇ ਨੇੜੇ ਤੇੜੇ ਵੀ ਨਹੀਂ ਸੀ ਤੇ ਅੱਤਵਾਦੀ ਨੂੰ ਅਕਾਲੀ ਆਗੂ ਦੇ ਨੇੜੇ ਢੁਕਣ ਦਿੱਤਾ ਗਿਆ ਹਾਲਾਂਕਿ ਪੰਜਾਬ ਪੁਲਿਸ ਦਾਅਵੇ ਕਰ ਰਹੀ ਹੈ ਕਿ ਹਮਲਾਵਰ ਪੁਲਿਸ ਦੀ ਨਿਗਰਾਨੀ ਹੇਠ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਸਭ ਤੋਂ ਸੰਕੇਤ ਮਿਲਦੇ ਹਨ ਕਿ ਇਹ ਹਮਲਾ ਗਿਣੀ ਮਿਥੀ ਯੋਜਨਾ ਦਾ ਹਿੱਸਾ ਸੀ ਤੇ ਹਮਲਾਵਰ ਆਈ ਐਸ ਆਈ ਤੇ ਏਜੰਸੀਆਂ ਦਾ ਬੰਦਾ ਹੈ ਜੋ ਸੁਖਜਿੰਦਰ ਸਿੰਘ ਰੰਧਾਵਾ ਦਾ ਨਜ਼ਦੀਕੀ ਹੈ।

ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਸੁਰੱਖਿਆ ਅਫਸਰ ਜਸਬੀਰ ਸਿੰਘ ਵੱਲੋਂ ਹਮਲੇ ਨੂੰ ਅਸਫਲ ਬਣਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਦਾਰ ਜਸਬੀਰ ਸਿੰਘ ਪਿਛਲੇ 20 ਸਾਲਾਂ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸੁਰੱਖਿਆ ਦਸਤੇ ਦਾ ਹਿੱਸਾ ਹਨ ਤੇ ਬਾਦਲ ਪਰਿਵਾਰ ਦੇ ਮੈਂਬਰ ਹਨ।
ਹਮਲਾਵਰ ਨਰਾਇਣ ਸਿੰਘ ਚੌੜਾ ਦੇ ਵੇਰਵੇ ਸਾਂਝੇ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਚੌੜਾ ਇਕ ਖ਼ਤਰਨਾਕ ਅਤਿਵਾਦੀ ਹੈ ਜਿਸ ਕੋਲੋਂ ਬੰਬ, ਐਮ ਪੀ 5 ਮਸ਼ੀਨ ਗੰਨ ਤੇ ਏ ਕੇ 47 ਰਾਈਫਲਾਂ ਬਰਾਮਦ ਕੀਤੀਆਂ ਗਈਆਂ ਹਨ।

ਉਹਨਾਂ ਨੇ ਕਿਹਾ ਕਿ ਨਰਾਇਣ ਸਿੰਘ ਚੌੜਾ ਜੋ ਨਰਿੰਦਰ ਸਿੰਘ ਚੌੜਾ ਦਾ ਭਰਾ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਨਰਿੰਦਰ ਨੂੰ ਸਰਬਸੰਮਤੀ ਨਾਲ ਪੰਚਾਇਤ ਸੰਮਤੀ ਦਾ ਚੇਅਰਮੈਨ ਬਣਵਾਇਆ ਸੀ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜਕਾਲ ਵੇਲੇ ਨਰਾਇਣ ਚੌੜਾ ਦੇ ਖਿਲਾਫ ਦੋ ਕੇਸ ਰੱਦ ਕੀਤੇ ਗਏ ਸਨ ਤੇ ਉਸਨੂੰ 2018 ਵਿਚ ਉਦੋਂ ਜੇਲ੍ਹ ਵਿਚੋਂ ਰਿਹਾਅ ਕੀਤਾ ਗਿਆ ਸੀ ਜਦੋਂ ਰੰਧਾਵਾ ਕਾਂਗਰਸ ਪਾਰਟੀ ਦੇ ਮੰਤਰੀ ਸਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਰੰਧਾਵਾ ਨੇ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਦੇ ਨਜ਼ਦੀਕੀਆਂ ਨੂੰ ਉਤਸ਼ਾਹਿਤ ਕੀਤਾ।