Punjab

ਜਲੰਧਰ ਜ਼ਿਮਨੀ ਚੋਣ ‘ਚ ਅਕਾਲੀ ਦਲ ਦਾ ਵੱਡਾ ਐਲਾਨ! BSP ਉਮੀਦਵਾਰ ਨੂੰ ਦਿੱਤੀ ਹਮਾਇਤ!

ਅਕਾਲੀ ਦਲ ਨੇ ਅਧਿਕਾਰਕ ਤੌਰ ‘ਤੇ BSP ਦੇ ਉਮੀਦਵਾਰ ਨੂੰ ਜਲੰਧਰ ਵੈਸਟ ਜ਼ਿਮਨੀ ਚੋਣ ਵਿੱਚ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਉਧਰ ਅਕਾਲੀ ਦਲ ਦੇ ਬਾਗੀ ਗੁੱਟ ਦੀ ਅਗਵਾਈ ਕਰ ਰਹੇ ਪ੍ਰੇਮ ਸਿੰਘ ਚੰਦੂਮਾਰਜਾ ਦੇ ਵੱਲੋਂ ਅੱਜ ਸੁਖਬੀਰ ਸਿੰਘ ਬਾਦਲ ‘ਤੇ ਲਗਾਏ ਇਲਜ਼ਾਮਾ ਦਾ ਜਵਾਬ ਦੇਣ ਲਈ ਪਾਰਟੀ ਦੇ ਆਗੂ ਦਲਜੀਤ ਸਿੰਘ ਚੀਮਾ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗ ਦੇ ਹੋ ਪਰ ਆਪਣੇ ਵਿੱਚੋ ਪ੍ਰਧਾਨ ਦਾ ਉਮੀਦਵਾਰ ਕੌਣ ਹੈ, ਇਹ ਤੈਅ ਨਹੀਂ ਕਰ ਸਕਦੇ ਹੋ। ਜਦਕਿ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਹੀ ਕਿਹਾ ਸੀ ਕਿ ਜੇ ਮੇਰੇ ‘ਤੇ ਵਿਸ਼ਵਾਸ ਨਹੀਂ ਹੈ ਤਾਂ ਕਿਸੇ ਹੋਰ ਨੂੰ ਬਣਾ ਦਿਓ।

ਚੰਦੂਮਾਜਰਾ ਵੱਲੋਂ ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨਾਲ ਹੋਈ ਮੁਲਾਕਾਤ ਦਾ ਜਵਾਬ ਵੀ ਚੀਮਾ ਨੇ ਦਿੱਤਾ ਹੈ। ਚੰਦੂਮਾਜਰਾ ਨੇ ਇਲਜ਼ਾਮ ਲਗਾਇਆ ਸੀ ਕਿ ਗਠਜੋੜ ਦੇ ਲਈ ਸੁਖਬੀਰ ਪ੍ਰਧਾਨ ਦੇ ਤਰਲੇ ਪਾ ਰਹੇ ਸਨ। ਪਰ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ‘ਤੇ ਪ੍ਰਧਾਨ ਮੰਤਰੀ ਆਪ ਆਏ ਸਨ ਅਤੇ ਉਨ੍ਹਾਂ ਨੇ 3 ਦਿਨ ਦਾ ਮੋਨ ਵੀ ਰੱਖਿਆ ਸੀ ਉਨ੍ਹਾਂ ਦਾ ਧੰਨਵਾਦ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਨੇ ਮੁਲਾਕਾਤ ਕੀਤੀ ਸੀ।

ਦਲਜੀਤ ਸਿੰਘ ਚੀਮਾ ਨੇ ਕਿਹਾ ਅਸੀਂ ਜਲੰਧਰ ਪੱਛਮੀ ਸੀਟ ‘ਤੇ ਉਮੀਦਵਾਰ ਨਹੀਂ ਖੜਾ ਕਰਨਾ ਚਾਹੁੰਦੇ ਸੀ ਅਸੀਂ 2 ਸਾਲ ਮਿਹਨਤ ਤੋਂ ਬਾਅਦ ਵਾਪਸ ਆਉਣਾ ਚਾਹੁੰਦੇ ਸੀ ਪਰ ਜਾਣਬੁਝ ਕੇ ਸੁਰਜੀਤ ਕੌਰ ਨੂੰ ਖੜਾ ਕੀਤਾ ਗਿਆ ਤਾਂ ਕੀ ਨਤੀਜਾ ਮਾੜਾ ਆਏ ਅਤੇ ਫਿਰ ਇਲਜ਼ਾਮ ਪ੍ਰਧਾਨ ਦੇ ਮੋਢੇ ਤੇ ਪਾ ਦਿੱਤਾ ਜਾਵੇ। ਜੇਕਰ ਵਿਰੋਧੀ ਧਿਰ ਨੂੰ ਸੁਰਜੀਤ ਕੌਰ ਦੀ ਇੰਨੀ ਹੀ ਚਿੰਤਾ ਸੀ ਤਾਂ ਚੋਣਾਂ ਹੋਣ ਦਿੰਦੇ।

ਉਧਰ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਉਮੀਦਵਾਰ ਤੈਅ ਕਰਨ ਲਈ ਬਣੀ ਕਮੇਟੀ ਵਿੱਚ ਸ਼ਾਮਲ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੂੰ ਵੀ ਪਾਰਟੀ ਨੇ ਪੱਖ ਰੱਖਣ ਦੇ ਲਈ ਅੱਗੇ ਕੀਤਾ। ਉਨ੍ਹਾਂ ਕਿਹਾ ਸਾਡੇ ਕੋਲੋ BSP ਨੇ ਹਮਾਇਤ ਮੰਗੀ ਸੀ, ਅਸੀਂ ਉਮੀਦਵਾਰਾਂ ਨੂੰ ਦੱਸ ਦਿੱਤਾ ਸੀ ਅਸੀ ਸੀਟ ਛੱਡ ਸਕਦੇ ਹਾਂ ਪਰ ਇਸ ਦੇ ਬਾਵਜੂਦ ਉਮੀਦਵਾਰ ਦਾ ਐਲਾਨ ਕਰ ਦਿਤਾ ਗਿਆ। ਕੱਲ ਜਦੋਂ BSP ਸੁਪਰੀਮੋ ਮਾਇਆਵਤੀ ਨੇ ਸਾਨੂੰ ਸਮਰਥਨ ਦੀ ਗੱਲ ਕਹੀ ਤਾਂ ਅਸੀਂ ਬੀਬੀ ਸੁਰਜੀਤ ਕੌਰ ਨੂੰ ਕਾਗਜ਼ ਵਾਪਸ ਲੈਣ ਲਈ ਅਪੀਲ ਕੀਤੀ ਜਿਸ ਤੋਂ ਬਾਅਦ ਹੁਣ ਅਸੀਂ BSP ਨੂੰ ਹਮਾਇਤ ਦਾ ਫੈਸਲਾ ਲਿਆ ਹੈ।

ਦਲਜੀਤ ਸਿੰਘ ਚੀਮਾ ਨੇ ਬਾਗੀ ਗੁੱਟ ਦੀ ਆਗੂ ਬੀਬੀ ਜਗੀਰ ਕੌਰ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀ ਨੂੰ ਲੈਕੇ ਜਿਹੜੇ ਸਵਾਲ ਚੁਕੇ ਗਏ ਸਨ ਉਸ ਦਾ ਜਵਾਬ ਵੀ ਅਕਾਲੀ ਦਲ ਨੇ ਮਰਿਆਦਾ ਦਾ ਹਵਾਲਾ ਦਿੰਦੇ ਹੋਏ ਦਿੱਤਾ। ਉਨ੍ਹਾਂ ਕਿਹਾ ਕਿਸੇ ਨੇ ਵੀ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਵਿਖੇ ਨਹੀਂ ਕੀਤੀ ਸੀ।

ਜਲੰਧਰ ਤੋਂ ਕਾਂਗਰਸ ਦੇ ਐੱਮਪੀ ਚਰਨਜੀਤ ਸਿੰਘ ਚੰਨੀ ਵੱਲੋਂ ਅਕਾਲੀ ਦਲ ਦੀ ਬਗਾਵਤ ਪਿੱਛੇ RSS ਦੀ ਖਾਕੀ ਨਿਕਰ ਨੂੰ ਕਾਰਨ ਦੱਸਿਆ ਤਾਂ ਅਕਾਲੀ ਦਲ ਦੇ ਆਗੂ ਚੀਮਾ ਨੇ ਕਿਹਾ ਰੌਲਾ ਜਿਹਾ ਤਾਂ ਪੈਂਦਾ ਦੇਖੀਆਂ ਮੈਂ ਵੀ ਨਹੀਂ।