ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – SGPC ਦੀਆਂ ਚੋਣਾਂ ਤੋਂ ਐਨ ਪਹਿਲਾਂ SGPC, ਸ਼੍ਰੋਮਣੀ ਅਕਾਲੀ ਦਲ ਤੇ ਬਾਗ਼ੀ ਧੜੇ ਵੱਲੋਂ ਵਾਦ-ਵਿਵਾਦ ਦਾ ਸਿਲਸਿਲਾ ਜਾਰੀ ਹੈ। ਸ਼੍ਰੋੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਇੱਕ ਵਾਰ ਫੇਰ ਅਕਾਲੀ ਦਲ ਬੀਬੀ ਜਗੀਰ ਕੌਰ ’ਤੇ ਲਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਅਕਾਲੀ ਦਲ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਆਪਣੀ ਹਾਰ ਦੇਖ ਸਾਡੇ ਤੇ ਝੂਠੇ ਇਲਜ਼ਾਮ ਲਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਰੇ ਮੈਂਬਰ ਸ੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਜਿੱਤੇ ਹਨ ਤੇ ਉਹਨਾਂ ’ਤੇ ਕੋਈ ਕਿਵੇਂ ਦਬਾਅ ਪਾ ਸਕਦਾ ਹੈ? ਅਜਿਹੀਆਂ ਗੱਲਾਂ ਕਰਨੀਆਂ ਉਨ੍ਹਾਂ ’ਤੇ ਸ਼ੱਕ ਕਰਨਾ ਹੈ। ਇਸ ਲਈ ਉਨ੍ਹਾਂ ਨੂੰ ਕਮਜ਼ੋਰ ਨਾ ਸਮਝਿਆ ਜਾਵੇ। ਉਹ ਖ਼ੁਦ ਫੈਸਲੇ ਲੈਣ ਦੇ ਸਮਰੱਥ ਹਨ। ਸ਼੍ਰੋਮਣੀ ਅਕਾਲੀ ਦਲ ਦੇ ਇਲਜ਼ਾਮਾਂ ਦਾ ਜਵਾਬ ਕਿਸੇ ਬਾਹਰੀ ਤਾਕਤ ਦਾ ਹੱਥ ਨਹੀਂ ਹੈ, ਬਲਕਿ ਮਰਿਆਦਾ ਦਾ ਘਾਣ ਹੋਣ ਕਰਕੇ ਐਸਜੀਪੀਸੀ ਮੈਂਬਰ ਖ਼ੁਦ ਹੀ ਫੈਸਲਾ ਲੈ ਰਹੇ ਹਨ।
ਬਰਾੜ ਨੇ ਇੱਕ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਧਾਰ ਲਹਿਰ ਦੀ ਆਗੂ ਬੀਬੀ ਜਗੀਰ ਕੌਰ ਦੇ ਖ਼ਿਲਾਫ਼ ਝੂਠਾ ਤੇ ਬੇਬੁਨਿਆਦ ਮੁੱਦਾ ਖੜਾ ਕਰਕੇ ਵੱਡਾ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ SGPC ਦੇ ਜਿੰਨੇ ਵੀ ਮੈਂਬਰ ਹਨ, ਉਹ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਹੇਠ ਚੋਣ ਜਿੱਤ ਕੇ ਆਏ ਹਨ। ਹੁਣ ਅਕਾਲੀ ਦਲ ਦੇ ਲੀਡਰ ਸਾਹਿਬਾਨ ਉਨ੍ਹਾਂ ਨੂੰ ਇੰਨੇ ਕਮਜ਼ੋਰ ਕਿਉਂ ਸਮਝਣ ਲੱਗ ਪਏ ਹਨ?
ਉਨ੍ਹਾਂ ਕਿਹਾ ਕਿ ਜਿਸ ਤਰਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖ਼ਾਹੀਆ ਕਰਾਰ ਦੇਣ ਬਾਅਦ ਅਤੇ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਘਾਣ ਹੋਇਆ ਹੈ, SGPC ਦਾ ਕੋਈ ਵੀ ਮੈਂਬਰ ਉਸ ਧੜੇ ਦੇ ਮੈਂਬਰ ਨੂੰ ਵੋਟ ਪਾ ਕੇ ਰਾਜ਼ੀ ਨਹੀਂ। ਸ਼੍ਰੋਮਣੀ ਅਕਾਲੀ ਆਪਣੀ ਪ੍ਰਤੱਖ ਹਾਰ ਵੇਖ ਕੇ ਬੁਖ਼ਲਾਹਟ ਵਿੱਚ ਹੈ, ਇਸੇ ਲਈ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਹੈ। ਭਾਵੇਂ SGPC ਦੇ ਮੈਂਬਰ ਹੋਣ ਤੇ ਭਾਵੇਂ ਸਮੁੱਚਾ ਸਿੱਖ ਪੰਥ ਹੋਵੇ, ਨਾ ਇਹ ਕਿਸੇ ਦੇ ਬਾਹਰੀ ਦਖ਼ਲਅੰਦਾਜ਼ੀ ਬਰਦਾਸ਼ਤ ਕਰਦੇ ਹਨ ਤੇ ਨਾ ਹੀ ਕਰਨਗੇ।