Punjab

ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਨੂੰ ਮੁੜ ਦਿਖਾਈ ਪਿੱਠ

ਬਿਉਰੋ ਰਿਪੋਰਟ – ਅਕਾਲੀ ਦਲ ਦੀ ਭਰਤੀ ਲਈ ਅਕਾਲ ਤਖਤ ਸਾਹਿਬ ਵੱਲੋਂ ਬਣਾਈ 7 ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਕਮੇਟੀ ਦੇ ਮੈਂਬਰ ਕਿਰਪਾਲ ਸਿੰਘ ਬਡੂੰਗਰ ਨੇ ਅਚਾਨਕ ਆਪਣਾ ਅਸਤੀਫਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਭੇਜ ਦਿੱਤਾ ਹੈ। ਉਨ੍ਹਾਂ ਤੋਂ ਪਹਿਲਾਂ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਦੇ ਨਾਲ-ਨਾਲ 7 ਮੈਂਬਰੀ ਕਮੇਟੀ ਤੋਂ ਵੀ ਫਾਰਗ ਕਰਨ ਦੀ ਅਪੀਲ ਕੀਤੀ ਸੀ। ਕਿਰਪਾਲ ਸਿੰਘ ਬਡੂੰਗਰ ਦੇ ਅਸਤੀਫੇ ਤੋਂ ਬਾਅਦ ਮੁੱਲਾਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸੋਸ਼ਲ ਮੀਡੀਆ ਰਾਂਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਕੀ ਪੰਜ ਮੈਂਬਰਾਂ ਨੇ ਆਪਣੇ ਤੌਰ ‘ਤੇ ਮੀਟਿੰਗ ਕੀਤੀ ਹੈ। ਪੰਜ ਮੈਂਬਰਾਂ ਦੀ ਹੋਈ ਮੀਟਿੰਗ ਤੋਂ ਬਾਅਦ ਕਮੇਟੀ ਮੈਂਬਰ ਇਕਬਾਲ ਸਿੰਘ ਝੂੰਦਾਂ ਨੇ ਦੱਸਿਆ ਕਿ ਅਕਾਲੀ ਦਲ 7 ਮੈਂਬਰੀ ਕਮੇਟੀ ਤੋਂ ਭਰਤੀ ਕਰਵਾਉਣ ਲਈ ਸਹਿਯੋਗ ਨਹੀਂ ਕਰ ਰਿਹਾ ਭਾਵ ਕਿ ਅਕਾਲੀ ਦਲ 7 ਮੈਂਬਰੀ ਕਮੇਟੀ ਰਾਂਹੀ ਭਰਤੀ ਨਹੀਂ ਕਰਵਾਉਣੀ ਚਾਹੁੰਦਾ, ਜਿਸ ਕਰਕੇ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ ਜਾਵੇਗਾ। ਝੂੰਦਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਨੂੰ ਦੱਸਿਆ ਜਾਵੇਗਾ 7 ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ ਤੇ ਹਰ ਹੁਕਮ ਮੰਨਣ ਲਈ ਤਿਆਰ ਹੈ ਪਰ ਅਕਾਲੀ ਦਲ ਸਹਿਯੋਗ ਨਹੀਂ ਕਰ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ 7 ਮੈਂਬਰੀ ਕਮੇਟੀ ਦੀ ਦੂਜੀ ਮੀਟਿੰਗ ‘ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਬਲਵਿੰਦਰ ਸਿੰਘ ਭੂੰਦੜ ਨੇ 2 ਦਿਨਾਂ ਦਾ ਸਮਾਂ ਨਹੀਂ ਮੰਗਿਆ ਸੀ ਤੇ ਹੋ ਰਹੀ ਭਰਤੀ ਕਿਸੇ ਕੀਮਤ ‘ਤੇ ਵੀ ਨਹੀਂ ਰੋਕੀ ਜਾਵੇਗੀ।

ਇਹ ਵੀ ਪੜ੍ਹੋ – ਮੋਹਾਲੀ ਵਿੱਚ ਦੋ ਟ੍ਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ: ਦੇਸ਼ ਨਿਕਾਲਾ ਦਿੱਤੇ ਨੌਜਵਾਨ ਨੇ ਸ਼ਿਕਾਇਤ ਦਰਜ ਕਰਵਾਈ