Punjab

ਪੰਜਾਬ ‘ਚ ਬਣ ਸਕਦੀ ਇਕ ਹੋਰ ਪਾਰਟੀ! 2 ਦਸੰਬਰ ਦੇ ਫੈਸਲੇ ‘ਤੇ ਨਾ ਹੋਇਆ ਅਮਲ ਤਾਂ ਹੋਲੇ ਮੁਹੱਲੇ ਤੋਂ ਬਾਅਦ ਹੋ ਸਕਦਾ ਐਲਾਨ

ਬਿਉਰੋ ਰਿਪੋਰਟ – ਪੰਜਾਬ ਵਿਚ ਜਿੱਥੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (MP Amritpal Singh) ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ (MP Sarabjeet Singh Khalsa) ਵੱਲੋਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਹੈ, ਉੱਥੇ ਹੀ ਇਕ ਹੋਰ ਪਾਰਟੀ ਹੋਂਦ ਵਿਚ ਆ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲ਼ੋਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ (SAD Working Committee) ਅਕਾਲ ਤਖ਼ਤ ਦੇ 2 ਦਸੰਬਰ ਦੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਉਹ ਮਾਰਚ ਵਿੱਚ ਹੋਲੇ-ਮਹੱਲੇ ਤੋਂ ਬਾਅਦ ਸਿਆਸੀ ਪਾਰਟੀ ਬਣਾਉਣਗੇ। ਦੱਸ ਦੇਈਏ ਕਿ ਇਹ ਐਲਾਨ ਬੀਤੇ ਦਿਨ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਚੰਡੀਗੜ੍ਹ ਸਥਿਤ ਨਿਵਾਸ ’ਤੇ ਹੋਈ ਮੀਟਿੰਗ ਤੋਂ ਬਾਅਦ ਕੀਤਾ ਗਿਆ ਹੈ। ਇਸ ਮੀਟਿੰਗ ਵਿਚ ਗੁਰਪ੍ਰਤਾਪ ਵਡਾਲਾ, ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ, ਪਰਮਿੰਦਰ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਸਰਵਣ ਸਿੰਘ ਫਿਲੌਰ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਤਵਿੰਦਰ ਸਿੰਘ ਟੌਹੜਾ, ਚਰਨਜੀਤ ਸਿੰਘ ਬਰਾੜ ਆਦਿ ਹਾਜ਼ਰ ਸਨ। ਇਸ ਮੀਟਿੰਗ ਵਿਚ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਦੀ ਮੰਗ ਕੀਤੀ ਗਈ ਹੈ। 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਤਿੰਨ ਦਿਨਾਂ ਅੰਦਰ ਬਾਦਲ ਦਾ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਪ੍ਰਵਾਨ ਕਰਨ ਲਈ ਕਿਹਾ ਸੀ। ਨਾਮਜ਼ਦਗੀ ਮੁਹਿੰਮ ਚਲਾਉਣ ਲਈ ਇੱਕ ਪੈਨਲ ਬਣਾਉਣ ਲਈ ਵੀ ਕਿਹਾ ਗਿਆ। ਪਿਛਲੇ ਸਾਲ ਅਕਾਲੀ ਦਲ ਦੇ ਨਾਰਾਜ਼ ਆਗੂਆਂ ਨੇ ਸੁਧਾਰਾਂ ਦੀ ਲਹਿਰ ਚਲਾਈ ਸੀ। ਨਕੋਦਰ ਤੋਂ ਸਾਬਕਾ ਵਿਧਾਇਕ ਗੁਰਪ੍ਰਤਾਪ ਵਡਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਪਾਰਟੀ ਬਣਾਉਣ ਵਿਚ ਕੋਈ ਕਾਹਲੀ ਨਹੀਂ ਹੈ। ਜੇਕਰ ਅਕਾਲੀ ਦਲ 2 ਦਸੰਬਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਹੋਲੇ ਮੁਹੱਲੇ ਤੋਂ ਬਾਅਦ ਕੋਈ ਫੈਸਲਾ ਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ – ਹਰਿਆਣਾ ‘ਚ ਡਰਾਈਵਿੰਗ ਸਿੱਖ ਰਹੇ ਨੌਜਵਾਨ ਨੇ 5 ਲੋਕਾਂ ਨੂੰ ਦਰੜਿਆ, ਬ੍ਰੇਕ ਦੀ ਬਜਾਏ ਐਕਸਲੇਟਰ ‘ਤੇ ਰੱਖਿਆ ਪੈਰ