ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਸੀਐਮ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਪਰ ਅਜੇ ਤੱਕ ਦੇਸ਼ ਦਾ ਵਿਕਾਸ ਨਹੀਂ ਹੋ ਸਕਿਆ। ਆਪਣੀਆਂ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਂਦਿਆਂ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ 44,666 ਨੌਕਰੀਆਂ ਦੇ ਦਿੱਤੀਆਂ ਹਨ। ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਾਨਾ ਨੌਕਰੀਆਂ ਮਿਲ ਰਹੀਆਂ ਹਨ।
ਨੌਜਵਾਨਾਂ ਨੂੰ ਵਿਦੇਸ਼ ਨਾ ਜਾਣ ਦੀ ਸਲਾਹ
ਵਿਦੇਸ਼ਾਂ ‘ਚ ਜਾਣ ਵਾਲੇ ਨੌਜਵਾਨਾਂ ਬਾਰੇ ਮਾਨ ਨੇ ਕਿਹਾ ਕਿ ਹੁਣ ਬਾਹਰ ਜਾਣ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਵਿਦੇਸ਼ਾਂ ‘ਚ ਵੀ ਹਾਲਾਤ ਖਰਾਬ ਚੱਲ ਰਹੇ ਹਨ। ਮਾਨ ਨੇ ਨੌਜਵਾਨਾਂ ਨੂੰ ਦੇਸ਼ ਛੱਡ ਕੇ ਨਾ ਜਾਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਯੋਗਤਾ ਅਨੁਸਾਰ ਰੁਜ਼ਗਾਰ ਮਿਲਦਾ ਹੈ ਤਾਂ ਬਾਹਰ ਜਾਣ ਦੀ ਕੀ ਲੋੜ ਹੈ। ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਘੁੰਮਣ ਜਾਓ। ਪਰ ਹੁਣ ਵਿਦੇਸ਼ਾਂ ਵਿਚ ਹਾਲਾਤ ਵਿਗੜ ਗਏ ਹਨ। ਉਥੇ ਦੰਗੇ ਹੋ ਰਹੇ ਹਨ। ਇੰਗਲੈਂਡ ਦੇ ਹਰ ਸ਼ਹਿਰ ਵਿਚ ਦੰਗੇ ਹੋ ਰਹੇ ਹਨ।
ਅਕਾਲੀ ਦਲ ‘ਤੇ ਨਿਸ਼ਾਨਾ
ਅਕਾਲੀ ਦਲ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਅਕਾਲੀ ਦਲ 25 ਸਾਲ ਦੇ ਰਾਜ ਦੀ ਗੱਲ ਕਰਦਾ ਸੀ ਪਰ ਅੱਜ ਅਕਾਲੀ ਦਲ ਦੇ ਕੋਲ 25 ਬੰਦੇ ਵੀ ਨਹੀਂ ਹਨ। ਮਾਨ ਨੇ ਕਿਹਾ ਕਿ ਅਕਾਲੀ ਦਲ ਦੇ 10 ਕੁ ਬੰਦੇ ਇੱਧਰ ਭੱਜ ਰਹੇ ਹਨ ਅਤੇ 8 ਕੁ ਉੱਧਰ ਭੱਜ ਰਹੇ ਹਨ। ਮਾਨ ਨੇ ਕਿਹਾ ਕਿ ਅਕਾਲੀ ਦਲ ਨੇ 10 ਸਾਲ ਲਗਾਤਾਰ ਰਾਜ ਕੀਤਾ ਪਰ ਇਹ ਆਮ ਲੋਕਾਂ ਦੇ ਮੁੱਦਿਆਂ ਤੋਂ ਭੱਜਦੇ ਰਹੇ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਮੁੱਦਿਆਂ ਤੋਂ ਭੱਜੇ ਪਰ ਮੁੱਦਿਆਂ ਨੇ ਅਕਾਲੀ ਦਲ ਦਾ ਪਿੱਛਾ ਨਹੀਂ ਛੱਡਿਆ। ਕਈ ਵਾਰ ਉਹ ਮਾਫੀ ‘ਤੇ ਆਪਣੀਆਂ ਗਲਤੀਆਂ ਸਵੀਕਾਰ ਕਰਦੇ ਹਨ ਅਤੇ ਹੁਣ ਉਹ ਆਪਣੀਆਂ ਗਲਤੀਆਂ ਲਈ ਮਾਫੀ ਮੰਗਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਆ ਰਹੇ ਹਨ। ਖੁਦ ਗਲਤੀਆਂ ਕੀਤੀਆਂ ਅਤੇ ਹੁਣ ਮੁਆਫੀ ਮੰਗਣ ਤੱਕ ਪਹੁੰਚ ਰਹੇ ਹਨ।