India Khaas Lekh Punjab

ਬਾਦਲਾਂ ਦੀ ਕੁਰਬਾਨੀ ਕਿਸਾਨ ਹਿਤੈਸ਼ੀ ਕਦਮ ਜਾਂ ਸਿਆਸੀ ਮਜਬੂਰੀ ਵੱਸ ਕੀਤਾ ਐਲਾਨ, ਮੋਦੀ ਨੂੰ ਪਏਗਾ ਕੋਈ ਫ਼ਰਕ?

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਸ਼ਨੀਵਾਰ ਨੂੰ ਸੱਤਾਧਾਰੀ ਪਾਰਟੀ ਭਾਜਪਾ ਦੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਦਾ ਤਿਆਗ ਕਰ ਦਿੱਤਾ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਸੀ ਕਿ ਪਾਰਟੀ ਬੀਜੇਪੀ ਨਾਲ ਆਪਣੇ ਸਬੰਧਾਂ ਦੀ ਸਮੀਖਿਆ ਕਰ ਰਹੀ ਹੈ। ਸ਼ਨੀਵਾਰ ਸ਼ਾਮ ਕਰੀਬ ਸਾਢੇ 4 ਘੰਟਿਆਂ ਤਕ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਚੱਲੀ, ਜਿਸ ਤੋਂ ਬਾਅਦ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਕੇ NDA ਨਾਲੋਂ ਗਠਜੋੜ ਤੋੜਨ ਦਾ ਐਲਾਨ ਕਰ ਦਿੱਤਾ। ਹੁਣ ਅਕਾਲੀ ਦਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਸਾਨਾਂ ਨਾਲ ਖੜੇ ਹੋਣ ਅਤੇ ਕਿਸਾਨ ਵਿਰੋਧੀ ਬਿੱਲਾਂ ’ਤੇ ਦਸਤਖ਼ਤ ਨਾ ਕਰਨ।


ਗਠਜੋੜ ਤੋੜਨ ਪਿੱਛੋਂ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ

NDA ਨਾਲੋਂ ਗਠਜੋੜ ਤੋੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੋਪੜ ਵਿੱਚ ਅਕਾਲੀ ਵਰਕਰਾਂ ਨਾਲ ਪਹਿਲੀ ਮੀਟਿੰਗ ਕੀਤੀ ਹੈ। ਰੋਪੜ ਦੇ ਗੁਰਦੁਆਰਾ ਭੱਠਾ ਸਾਹਿਬ ਦੇ ਦੀਵਾਨ ਹਾਲ ਵਿੱਚ ਸਾਰੇ ਅਕਾਲੀ ਵਰਕਰ ਇਕੱਠੇ ਹੋਏ। ਬਾਦਲ ਨੇ ਪਹਿਲੀ ਅਕਤੂਰ ਨੂੰ ਤਲਵੰਡੀ ਸਾਬੋ, ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਸਾਹਿਬ ਤੋਂ ਖੇਤੀ ਬਿੱਲਾਂ ਖਿਲਾਫ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਜੋ ਚੰਡੀਗੜ੍ਹ ਪਹੁੰਚੇਗਾ। ਸੁਖਬੀਰ ਬਾਦਲ ਨੇ ਇਸ ਦਿਨ ਪੂਰਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਵੀ ਦਾਅਵਾ ਕੀਤਾ ਹੈ। ਉਨ੍ਹਾਂ ਕਿਸਾਨਾਂ ਨੂੰ ਇਕੱਠੇ ਹੋ ਦਿੱਲੀ ਕੂਚ ਕਰਨ ਦੀ ਅਪੀਲ ਕੀਤੀ ਤੇ ਖ਼ੁਦ ਇਕੱਠ ਦੀ ਅਗਵਾਈ ਕਰਨ ਦੀ ਗੱਲ ਕਹੀ ਹੈ।

ਇਸ ਤੋਂ ਪਹਿਲਾਂ, ਖੇਤੀ ਬਿੱਲਾਂ ਨੂੰ ਲੈ ਕੇ ਦੇਸ਼ ਭਰ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਸੁਖਬੀਰ ਬਾਦਲ ਨੇ ਜ਼ਿਲ੍ਹਾ ਮੁਕਤਸਰ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਅਕਾਲੀਆਂ ਦੇ ਇੱਕ ਬੰਬ ਨੇ ਮੋਦੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹਰਸਿਮਰਤ ਕੌਰ ਬਾਦਲ ਨੇ ਵੀ ਰਾਸ਼ਟਰਪਤੀ ਕੋਵਿੰਦ ਨੂੰ ਖੇਤੀ ਬਿੱਲਾਂ ’ਤੇ ਨਾ ਕਰਨ ਦੀ ਬੇਨਤੀ ਕੀਤੀ ਹੈ।


ਅਕਾਲੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਅਕਾਲੀ ਕੇਂਦਰ ਸਰਕਾਰ ਦੇ ਅਜਿਹੇ ਕਿਸੇ ਕਦਮ ਦਾ ਸਮਰਥਨ ਨਹੀਂ ਕਰ ਸਕਦੇ ਜਿਸ ਨਾਲ ਕਿਸਾਨਾਂ ਦੇ ਹਿੱਤਾਂ ਨੂੰ ਠੇਸ ਪਹੁੰਚਦੀ ਹੋਵੇ। ਇਸੇ ਕਾਰਨ ਹਰਸਿਮਰਤ ਕੌਰ ਬਾਦਲ ਨੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ ਸੀ।


ਹਰਸਿਮਰਤ ਕੌਰ ਦਾ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ

NDA ਨਾਲੋਂ ਗਠਜੋੜ ਤੋੜਨ ਤੋਂ ਲਗਪਗ ਇੱਕ ਹਫ਼ਤੇ ਪਹਿਲਾਂ ਅਕਾਲੀ ਦਲ ਦੀ ਹਰਸਿਮਰਤ ਕੌਰ ਕੋਲੋਂ ਕੇਂਦਰੀ ਵਜ਼ਾਰਤ ਦਾ ਅਹੁਦਾ ਛੱਡ ਦਿੱਤਾ ਸੀ। ਭਾਜਪਾ ਸਰਕਾਰ ਦੇ ਖੇਤੀ ਆਰਡੀਨੈਂਸਾਂ ਦਾ ਸਮਰਥਨ ਕਰਨ ’ਤੇ ਅਕਾਲੀ ਦਲ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਦੋਂ ਕੇਂਦਰੀ ਮੰਤਰੀ ਮੰਡਲ ਵਿੱਚ ਇਸ ਆਰਡੀਨੈਂਸ ਨੂੰ ਕਾਨੂੰਨ ਬਣਾਉਣ ਲਈ ਸੰਸਦ ਵਿਚ ਬਿੱਲ ਲਿਆਉਣ ਦੀ ਚਰਚਾ ਹੋਈ ਸੀ, ਤਾਂ ਹਰਸਿਮਰਤ ਵੀ ਇਸ ਵਿੱਚ ਮੌਜੂਦ ਸਨ। ਕੇਂਦਰੀ ਕੈਬਨਿਟ ਵੱਲੋਂ ਬਿੱਲ ਪਾਸ ਹੋਣ ਤੋਂ ਬਾਅਦ ਹਰਸਿਮਰਤ ਕੌਰ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਉਹ ਪੰਜਾਬ ਦੇ ਕਿਸਾਨ ਭਰਾਵਾਂ, ਭੈਣਾਂ ਅਤੇ ਧੀਆਂ ਦੇ ਨਾਲ ਖੜ੍ਹਨ ਵਿੱਚ ਮਾਣ ਮਹਿਸੂਸ ਕਰਦੇ ਹਨ।

ਹੁਣ NDA ਨਾਲੋਂ ਗਠਜੋੜ ਤੋੜਨ ਬਾਅਦ ਹਰਸਿਮਰਤ ਕੌਰ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੁਆਰਾ ਜਿਸ NDA ਦੀ ਕਲਪਨਾ ਕੀਤੀ ਗਈ ਸੀ, ਉਹ ਹੁਣ ਨਹੀਂ ਰਿਹਾ। ਉਨ੍ਹਾਂ ਟਵੀਟ ਕੀਤਾ, ‘ਜੇ 3 ਕਰੋੜ ਪੰਜਾਬੀਆਂ ਦਾ ਦਰਦ ਅਤੇ ਵਿਰੋਧ ਪ੍ਰਦਰਸ਼ਨ ਭਾਰਤ ਸਰਕਾਰ ਦੇ ਸਖਤ ਰੁਖ਼ ਨੂੰ ਬਦਲਣ ਵਿੱਚ ਅਸਫਲ ਰਿਹਾ ਹੈ, ਤਾਂ ਇਹ ਵਾਜਪਾਈਜੀ ਜੀ ਅਤੇ ਬਾਦਲ ਸਾਹਿਬ ਦੁਆਰਾ ਕਲਪਿਤ #ਐਨਡੀਏ ਨਹੀਂ ਹੈ। ਇੱਕ ਗਠਜੋੜ ਆਪਣੇ ਸਭ ਤੋਂ ਪੁਰਾਣੇ ਸਹਿਯੋਗੀ ਲਈ ਕੰਨ ਬੋਲ਼ੇ ਕਰ ਦਿੰਦਾ ਹੈ ਤੇ ਸਾਰੇ ਦੇਸ਼ ਨੂੰ ਖੁਆਉਣ ਵਾਲਿਆਂ ਦੀ ਅਪੀਲ ’ਤੇ ਅੱਖਾਂ ਮੋੜ ਲੈਣਾ ਕਿਸੇ ਪਾਸਿਓਂ ਵੀ ਪੰਜਾਬ ਦੇ ਹਿੱਤ ਵਿੱਚ ਨਹੀਂ।’


24 ਸਾਲ ਪੁਰਾਣਾ ਗਠਜੋੜ ਤੋੜਨ ਦੇ ਵੱਡੇ ਕਾਰਨ

  • ਖੇਤੀ ਬਿੱਲਾਂ ਦਾ ਮਾਮਲਾ

ਦਰਅਸਲ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਵਿਵਾਦਿਤ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਅਕਾਲੀ ਦਲ ਦੇ ਬੀਜੇਪੀ ਨਾਲ ਤਿੱਖੇ ਮਤਭੇਦ ਚੱਲ ਰਹੇ ਸੀ, ਜਿਸ ਤੋਂ ਬਾਅਦ ਅਕਾਲੀ ਦਲ ਨੇ ਬੀਜੇਪੀ ਦੇ ਗਠਜੋੜ ਨਾਲੋਂ ਰਿਸ਼ਤਾ ਖ਼ਤਮ ਕਰਨ ਦਾ ਵੱਡਾ ਕਦਮ ਚੁੱਕਿਆ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ NDA ਨਾਲ ਰਹਿਣਾ ਸੰਭਵ ਨਹੀਂ, ਕਿਉਂਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਤੇ ਪੰਜਾਬ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਦਾ ਹਿੱਸਾ ਸਨ, ਇਸ ਦੇ ਬਾਵਜੂਦ ਉਨ੍ਹਾਂ ਕੋਲੋਂ ਖੇਤੀ ਬਿੱਲਾਂ ’ਤੇ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ।

ਨਵੇਂ ਬਿੱਲਾਂ ਦੇ ਲਾਗੂ ਹੋਣ ਬਾਅਦ ਐਮਐਸਪੀ ਸਿਸਟਮ ਖ਼ਤਮ ਹੋਣ ਦੇ ਡਰ ਕਾਰਨ ਅਕਾਲੀ ਦਲ ਲਗਾਤਾਰ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਿਹਾ ਹੈ। ਪਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਬਿੱਲਾਂ ਨਾਲ ਪ੍ਰਾਈਵੇਟ ਖਿਡਾਰੀ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਮੁਸੀਬਤ ਪੈਦਾ ਕਰਨਗੇ।

ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਇਸ ਬਿੱਲ ਦੇ ਨਾਲ ਸਿੱਧੇ ਤੌਰ ‘ਤੇ ਪੂਰੇ ਦੇਸ਼ ਵਿੱਚ ਕਰੀਬ 20 ਲੱਖ ਕਿਸਾਨ ਪ੍ਰਭਾਵਿਤ ਹੋਣਗੇ, 15 ਤੋਂ 20 ਲੱਖ ਖੇਤ ਮਜ਼ਦੂਰ ਪ੍ਰਭਾਵਿਤ ਹੋਣਗੇ ਅਤੇ ਹਜ਼ਾਰਾਂ ਆੜ੍ਹਤੀ ਭਾਈਚਾਰੇ ’ਤੇ ਇਸ ਬਿੱਲ ਦਾ ਸਿੱਧਾ ਪ੍ਰਭਾਵ ਪਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਦੇ ਇਹ ਬਿੱਲ ਖੇਤੀ ਉੱਤੇ ਸਿੱਧਾ ਹਮਲਾ ਕਰ ਰਹੇ ਹਨ। ਜਦੋਂ ਸਰਕਾਰ ਨੇ ਸਾਡੀ ਨਹੀਂ ਮੰਨੀ ਤਾਂ ਪਹਿਲਾਂ ਸਾਡੀ ਪਾਰਟੀ ਨੇ ਵਜ਼ੀਰੀ ਛੱਡੀ ਅਤੇ ਹੁਣ ਅਸੀਂ ਆਪਣੇ ਵਰਕਰਾਂ ਦੇ ਨਾਲ ਸਲਾਹ ਕਰਕੇ ਭਾਜਪਾ ਦਾ ਸਾਥ ਵੀ ਛੱਡ ਰਹੇ ਹਾਂ।

ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਅਕਾਲੀ ਦਲ ਨੇ ਸੰਸਦ ਵਿੱਚ ਇਹ ਮੁੱਦਾ ਚੁੱਕਿਆ, ਉਸ ਤਰ੍ਹਾਂ ਕਿਸੇ ਹੋਰ ਧਿਰ ਨੇ ਨਹੀਂ। ਇੱਥੋਂ ਤਕ ਕਿ ਖੇਤੀ ਬਿੱਲਾਂ ਦੇ ਵਿਰੋਧ ’ਚ ਕਾਂਗਰਸ ਵੀ ਅਕਾਲੀ ਦਲ ਦੇ ਪਿੱਛੇ ਹੀ ਰਹੀ ਹੈ। ਬਾਦਲ ਨੇ ਕਿਹਾ ਕਿ ਚੋਟੀ ਦੇ ਕਾਂਗਰਸੀ ਆਗੂ ਸੰਸਦ ਤੋਂ ਗਾਇਬ ਸਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਪੱਖੀ ਹੋਣ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਦੇ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ, ਨਾਲ ਹੀ ਉਨ੍ਹਾਂ ਕੈਪਟਨ ਨੂੰ ਵੀ ਸਵਾਲ ਕੀਤਾ ਕਿ ਉਹ ਨਵੇਂ ਖੇਤੀ ਬਿੱਲ ਰੱਦ ਕਿਉਂ ਨਹੀਂ ਕਰ ਰਹੇ?

  • ਜੰਮੂ-ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਦਾ ਮੁੱਦਾ

ਇਸ ਤੋਂ ਇਲਾਵਾ ਅਕਾਲੀ ਦਲ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਅਧਿਕਾਰਿਤ ਭਾਸ਼ਾ ਦਾ ਦਰਜਾ ਨਾ ਦੇਣ ਕਰਕੇ ਵੀ ਕਾਫੀ ਨਾਰਾਜ਼ ਸੀ। ਸੰਸਦ ਵਿੱਚ ਵੀ ਅਕਾਲੀ ਦਲ ਨੇ ਇਸ ਮੁੱਦੇ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਦਰਅਸਲ ਕੇਂਦਰ ਸਰਕਾਰ ਵੱਲੋਂ 3 ਸਤੰਬਰ ਨੂੰ ਇੱਕ ਬਿੱਲ ਪ੍ਰਵਾਨ ਕੀਤਾ ਗਿਆ ਹੈ ਜਿਸ ਤਹਿਤ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰਿਦਆਂ ਕਸ਼ਮੀਰੀ, ਡੋਗਰੀ ਅਤੇ ਹਿੰਦੀ ਭਾਸ਼ਾਵਾਂ ਨੂੰ ਜੰਮੂ-ਕਸ਼ਮੀਰ ਵਿੱਚ ਸਰਕਾਰੀ ਭਾਸ਼ਾਵਾਂ ਵਜੋਂ ਮਾਨਤਾ ਦੇ ਦਿੱਤੀ ਗਈ ਹੈ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਕਾਂਗਰਸ ਲਗਾਤਾਰ ਅਕਾਲੀ ਦਲ ਨੂੰ ਘੇਰ ਰਹੀ ਸੀ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ’ਤੇ ਉਸ ਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ ਹੈ।

ਇਸ ਬਾਰੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਾਂਗਰਸ ਲੀਡਰ ਤੇ ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਕਾਲੀ ਦਲ ’ਤੇ ਗੰਭੀਰ ਇਲਜ਼ਾਮ ਲਾਏ ਸੀ। ਜੰਮੂ-ਕਸ਼ਮੀਰ ਦੇ ਪੰਜਾਬ ਅਤੇ ਪੰਜਾਬੀ ਨਾਲ ਡੂੰਘੀ ਸਾਂਝ ਬਾਰੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਰੰਧਾਵਾ ਨੇ ਕਿਹਾ ਸੀ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਜੰਮੂ-ਕਸ਼ਮੀਰ ਪੰਜਾਬ ਦਾ ਹਿੱਸਾ ਸੀ ਅਤੇ ਉਸ ਸਮੇਂ ਤੋਂ ਹੀ ਇਸ ਖਿੱਤੇ ਦੀ ਪੰਜਾਬ ਅਤੇ ਪੰਜਾਬੀ ਨਾਲ ਡੂੰਘੀ ਸਾਂਝ ਹੈ, ਜਿਸ ਨੂੰ ਮੌਜੂਦਾ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਇੰਝ ਤੋੜਿਆ ਜਾਣਾ ਬੇਹੱਦ ਮੰਦਭਾਗਾ ਹੈ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਕਹਾਉਣ ਵਾਲੇ ਅਕਾਲੀਆਂ ਦਾ ਚੁੱਪ ਰਹਿਣਾ ਉਸ ਤੋਂ ਵੀ ਮੰਦਭਾਗਾ ਹੈ।

ਇਸ ਮਗਰੋਂ ਅਕਾਲੀ ਦਲ ਨੇ ਬੀਜੇਪੀ ਸਰਕਾਰ ਨਾਲ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਅਤੇ ਸਿੱਖਾਂ ਪ੍ਰਤੀ ਅਸੰਵੇਦਨਸ਼ੀਲਤਾ ਦੇ ਮੁੱਦੇ ਬਾਰੇ ਵੀ ਮੂੰਹ-ਮਾਰੀ ਕੀਤੀ ਤੇ ਦੋਵਾਂ ਪਾਰਟੀਆਂ ਵਿੱਚ ਮਤਭੇਦ ਹੋਣ ਲੱਗੇ। ਦੱਸ ਦੇਈਏ 2019 ਵਿੱਚ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਸੂਬੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। ਸੂਬੇ ਦੇ ਦੋ ਕੇਂਦਰ-ਸ਼ਾਸਤ ਪ੍ਰਦੇਸ਼ ਬਣਾਏ ਗਏ: ਜੰਮੂ-ਕਸ਼ਮੀਰ ਅਤੇ ਲੱਦਾਖ। ਹੁਣ ਇਸ ਜੰਮੂ-ਕਸ਼ਮੀਰ UT ਵਿੱਚ ਅਧਿਕਾਰਿਤ ਭਾਸ਼ਾਵਾਂ ਦਾ ਬਿੱਲ ਪਾਸ ਕੀਤਾ ਗਿਆ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਨੂੰ ਥਾਂ ਨਹੀਂ ਮਿਲੀ। ਇਸ ਮੁੱਦੇ ’ਤੇ ਜੰਮੂ-ਕਸ਼ਮੀਰ ਵਿੱਚ ਪੰਜਾਬੀ ਬੋਲਣ ਵਾਲੇ ਲੋਕਾਂ ਨੇ ਵੀ ਰੋਸ ਪ੍ਰਦਰਸ਼ਨ ਵੀ ਕੀਤੇ ਸਨ।

  • ਅਕਾਲੀ ਦਲ ’ਤੇ ਸਿਆਸੀ ਦਬਾਅ

ਯਾਦ ਰਹੇ ਅਕਾਲੀ ਦਲ ਪਾਰਟੀ ਦਾ ਅਧਾਰ ਪੰਜਾਬ ਦਾ ਕਿਸਾਨ ਹੀ ਹੈ। ਸੁਖਬੀਰ ਬਾਦਲ ਅਕਾਲੀ ਦਲ ਨੂੰ ਕਿਸਾਨਾਂ ਦੀ ਪਾਰਟੀ ਕਹਿੰਦੇ ਹਨ ਤੇ ਆਪਣੇ-ਆਪ ਨੂੰ ਵੀ ਕਿਸਾਨ-ਹਿਤੈਸ਼ੀ ਕਹਾਉਂਦੇ ਹਨ। ਇਸ ਲਈ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। ਮੰਨਿਆ ਜਾ ਰਿਹਾ ਹੈ ਕਿ ਖੇਤੀ ਬਿੱਲਾਂ ਦੇ ਮਾਮਲੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਦਾ ਸਾਥ ਦੇਣ ਨਾਲ ਕਿਸਾਨ ਨਾਰਾਜ਼ ਹੋ ਜਾਣਗੇ ਅਤੇ ਇਸ ਨਾਲ ਅਕਾਲੀਆਂ ਦੇ ਵੋਟ ਬੈਂਕ ’ਤੇ ਅਸਰ ਪੈ ਸਕਦਾ ਹੈ।

ਕਿਸਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਅਸਤੀਫ਼ੇ ਨਾਲ ਸੰਤੁਸ਼ਟ ਨਹੀਂ ਸਨ। ਅਕਾਲੀ ਦਲ ਨੂੰ ਲਗਾਤਾਰ ਸਵਾਲ ਕੀਤੇ ਜਾ ਰਹੇ ਸਨ ਕਿ ਜੇ ਅਕਾਲੀ ਦਲ ਵਾਕਿਆ ਹੀ ਕਿਸਾਨ ਹਿਤੈਸ਼ੀ ਹੈ ਤਾਂ ਪੰਜਾਬ ਵਿੱਚ ਭਾਜਪਾ ਨਾਲ ਗਠਜੋੜ ਅਜੇ ਤਕ ਕਾਇਮ ਕਿਉਂ ਹੈ। ਇਸ ਦਬਾਅ ਕਰਕੇ ਹੀ ਅਕਾਲੀ ਦਲ ਨੂੰ ਇਹ ਫੈਸਲਾ ਲੈਣਾ ਪਿਆ।

ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲ ਪੇਸ਼ ਕਰਨ ਤੋਂ ਲੈ ਕੇ ਪਾਸ ਕਰਨ ਤਕ ਵਿਰੋਧੀ ਦਲਾਂ ਵੱਲੋਂ ਵੀ ਅਕਾਲੀ ਦਲ ਦਾ ਘਿਰਾਉ ਕੀਤਾ ਜਾ ਰਿਹਾ ਸੀ ਕਿ ਕੇਂਦਰੀ ਵਜ਼ਾਰਤ ਵਿੱਚ ਅਕਾਲੀ ਦਲ ਦੀ ਮੌਜੂਦਗੀ ਹੋਣ ਦੇ ਬਾਵਜੂਦ ਇਹ ਬਿੱਲ ਪਾਸ ਕਿਵੇਂ ਹੋਏ? ਕੀ ਅਕਾਲੀ ਦਲ ਨੇ ਇਸ ਦਾ ਵਿਰੋਧ ਨਹੀਂ ਕੀਤਾ? ਇਸ ਲਈ ਖੇਤੀ ਬਿੱਲਾਂ ਦਾ ਹਮਾਇਤੀ ਰਿਹਾ ਅਕਾਲੀ ਦਲ ਪਲਟੀ ਮਾਰਦਿਆਂ ਆਪਣੀ ਹੀ ਭਾਈਵਾਲ ਰਹੀ ਕੇਂਦਰ ਦੀ NDA ਸਰਕਾਰ ਦੇ ਖ਼ਿਲਾਫ਼ ਖੜਾ ਹੋ ਗਿਆ, ਇੱਥੋਂ ਤਕ ਕਿ ਵਜ਼ਾਰਤ ਵੀ ਛੱਡ ਦਿੱਤੀ ਤੇ ਰਿਸ਼ਤਾ ਵੀ ਤੋੜ ਲਿਆ।


ਬਾਦਲਾਂ ਦੀ ਕਾਰਵਾਈ ’ਤੇ ਕਾਂਗਰਸ ਦੀ ਪ੍ਰਤੀਕਿਰਿਆ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ਗਠਜੋੜ ਨੂੰ ਤੋੜਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਹ ਕਿਸਾਨਾਂ ਦੇ ਹੱਕ ਵਿੱਚ ਨਹੀਂ, ਬਲਕਿ ਸਿਰਫ ਸਿਆਸੀ ਕਾਰਨਾਂ ਕਰਕੇ ਲਿਆ ਗਿਆ ਫੈਸਲਾ ਹੈ। ਕੈਪਟਨ ਨੇ ਟਵੀਟ ਕਰਕੇ ਅਕਾਲੀ ਦਲ ਦੇ ਗਠਜੋੜ ਤੋੜਨ ਦੇ ਕਦਮ ਨੂੰ ਸਿਆਸੀ ਮਜਬੂਰੀ ਕਰਾਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਬਿੱਲਾਂ ਨੂੰ ਲੈ ਕੇ ਬੀਜੇਪੀ ਦੀ ਚੁਫੇਰਿਓਂ ਹੋ ਰਹੀ ਆਲੋਚਨਾ ਤੋਂ ਬਾਅਦ ਬਾਦਲ ਪਰਿਵਾਰ ਕੋਲ ਕੋਈ ਹੋਰ ਵਿਕਲਪ ਨਹੀਂ ਬਚਿਆ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਅੱਗੇ ਹੋਰ ਕੋਈ ਚਾਰਾ ਨਹੀਂ ਸੀ, ਕਿਉਂਕਿ ਬੀਜੇਪੀ ਨੇ ਪਹਿਲਾਂ ਹੀ ਖੇਤੀ ਬਿੱਲਾਂ ਦੇ ਫਾਇਦਿਆਂ ਬਾਰੇ ਕਿਸਾਨਾਂ ਨੂੰ ਯਕੀਨ ਦਿਵਾਉਣ ਵਿੱਚ ਅਸਫਲ ਰਹਿਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। NDA ਛੱਡਣ ਦਾ ਅਕਾਲੀ ਦਾ ਫੈਸਲਾ ਸਿਰਫ ਝੂਠ ਤੇ ਧੋਖਾ ਹੈ। ਉਂਞ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਅਕਾਲੀ ਦਲ ਨੂੰ NDA ਨਾਲੋਂ ਗਠਜੋੜ ਤੋੜਨ ਲਈ ਕਹਿ ਰਹੇ ਸਨ। ਯਾਦ ਰਹੇ ਇਸ ਤੋਂ ਪਹਿਲਾਂ ਕੈਪਟਨ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਵੀ ਮਹਿਜ਼ ਇੱਕ ਡਰਾਮਾ ਦੱਸਿਆ ਸੀ।


‘ਆਪ’ ਮੁਖੀ ਭਗਵੰਤ ਮਾਨ ਨੇ ਵੀ ਕੱਸਿਆ ਤੰਜ਼

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਅਕਾਲੀ ਦਲ ਉੱਤੇ ਤੰਜ ਕੱਸਿਆ ਹੈ। ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, ‘ਅਕਾਲੀ ਦਲ ਜੀ, ਅਬ ਪਛਤਾਏ ਕਿਆ ਹੁਏ ਜਬ ਮੋਦੀ ਚੁਗ ਗਏ ਖੇਤ।’

ਦਰਅਸਲ ਪਿਛਲੇ ਸਮਿਆਂ ਵਿੱਚ ਅਕਾਲੀ ਦਲ ਖੇਤੀ ਬਿੱਲਾਂ ਦਾ ਹਮਾਇਤੀ ਰਿਹਾ ਹੈ। ਪਰ ਹੁਣ ਕਿਸਾਨਾਂ ਦੇ ਭਖਦੇ ਮਿਜਾਜ਼ ਕਰਕੇ ਅਕਾਲੀ ਨੇ ਯੂ-ਟਰਨ ਲੈਂਦਿਆਂ ਖੇਤੀ ਬਿੱਲਾਂ ਖ਼ਿਲਾਫ਼ ਧਾਵਾ ਬੋਲ ਦਿੱਤਾ। ਇਸ ਲਈ ਪੰਜਾਬ ਵਿੱਚ ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ ਸਿਆਸੀ ਮਜਬੂਰੀ ਵਿੱਚ ਆ ਕੇ ਕਿਸਾਨ ਪੱਖੀ ਫੈਸਲੇ ਲੈਣ ਲਈ ਉਸ ਦੀ ਬਦਕੋਈ ਕਰ ਰਹੀਆਂ ਹਨ।


ਅਕਾਲੀ ਦਲ ਨਾਲੋਂ ਵੱਖ ਹੋਣ ’ਤੇ NDA ਨੂੰ ਕੀ ਨੁਕਸਾਨ?

ਜਾਣਕਾਰੀ ਮੁਤਾਬਕ ਪੰਜਾਬ ਵਿੱਚ ਅਰਬਨ ਵੋਟ ਬੈਂਕ ਲਈ ਤਾਂ ਬੀਜੇਪੀ ਆਤਮ-ਨਿਰਭਰ ਹੈ ਪਰ ਦਿਹਾਤੀ ਵੋਟ ਬੈਂਕ ਲਈ ਬੀਜੇਪੀ ਨੂੰ ਅਕਾਲੀ ਦਲ ’ਤੇ ਨਿਰਭਰ ਰਹਿਣਾ ਪੈਂਦਾ ਸੀ। ਪਿਛਲੀਆਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਏ ਤਾਂ ਪੰਜਾਬ ਵਿੱਚ ਜ਼ਿਆਦਾਤਰ ਕਿਸਾਨ ਅਕਾਲੀ ਦਲ ਦੇ ਸਮਰਥਕ ਰਹੇ ਹਨ। ਹੁਣ ਅਕਾਲੀ ਨਾਲ ਦੀ ਨਾਰਾਜ਼ਗੀ ਨਾਲ ਬੀਜੇਪੀ ਨੂੰ ਸਿਆਸੀ ਤੌਰ ’ਤੇ ਨੁਕਸਾਨ ਝੱਲਣਾ ਪੈ ਸਕਦਾ ਹੈ। ਹਰਿਆਣਾ ਵਿੱਚ ਵੀ ਬੀਜੇਪੀ ਨੂੰ ਅਕਾਲੀ ਦਲ ਦੇ ਵੱਖ ਹੋਣ ਦਾ ਖ਼ਾਮਿਆਜ਼ਾ ਭੁਗਤਣਾ ਪੈ ਸਕਦਾ ਹੈ।

 

ਸੁਖਬੀਰ ਸਿੰਘ ਬਾਦਲ ਅਤੇ ਪੀਐਮ ਨਰੇਂਦਰ ਮੋਦੀ ਦੀ ਪੁਰਾਣੀ ਤਸਵੀਰ

ਇਸ ਮੁੱਦੇ ’ਤੇ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਮੋਦੀ ਸਰਕਾਰ ‘ਤੇ ਸਖਤ ਹਮਲਾ ਬੋਲਿਆ ਹੈ। ਐਨਡੀਏ ਤੋਂ ਅਕਾਲੀ ਦਲ ਦੇ ਵੱਖ ਹੋਣ ‘ਤੇ ਸੰਜੇ ਰਾਉਤ ਨੇ ਕਿਹਾ ਕਿ ਜਿਸ ਗਠਜੋੜ ਵਿੱਚ ਸ਼ਿਵ ਸੈਨਾ ਅਤੇ ਅਕਾਲੀ ਦਲ ਨਹੀਂ, ਮੈਂ ਉਸ ਨੂੰ ਐਨਡੀਏ ਨਹੀਂ ਮੰਨਦਾ। ਉਨ੍ਹਾਂ ਕਿਹਾ ਕਿ ਸ਼ਿਵਸੇਨਾ ਨੂੰ ਵੀ ਮਜਬੂਰੀ ਵੱਸ NDA ਤੋਂ ਬਾਹਰ ਨਿਕਲਣਾ ਪਿਆ, ਹੁਣ ਅਕਾਲੀ ਦਲ ਵੀ ਨਿਕਲ ਗਿਆ, ਜਦਕਿ ਇਹ ਦੋਵੇਂ ਦਲ NDA ਦੇ ਦੋ ਮਜਬੂਤ ਥੰਮ ਮੰਨੇ ਜਾਂਦੇ ਸਨ।


2022 ਦੀਆਂ ਚੋਣਾਂ ’ਤੇ ਕੀ ਪਏਗਾ ਅਸਰ?

ਪੰਜਾਬ ਵਿੱਚ 2022 ’ਟ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਤੋਂ ਪਹਿਲਾਂ ਹੀ ਅਕਾਲੀ ਦਲ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਹੈ। ਜੇ ਅਕਾਲੀ ਦਲ ਦੀਆਂ ਕੋਸ਼ਿਸ਼ਾਂ ਨਾਲ ਮੋਦੀ ਸਰਕਾਰ ਆਪਣੇ ਬਿੱਲ ਵਾਪਿਸ ਲੈ ਲੈਂਦੀ ਹੈ ਤਾਂ ਇਸ ਨਾਲ ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਸਮਰਥਨ ਮਿਲ ਸਕਦਾ ਹੈ। ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਬੀਜੇਪੀ ਨਾਰਾਜ਼ ਅਕਾਲੀ ਨੂੰ ਮਨਾ ਪਾਏਗੀ ਜਾਂ ਨਹੀਂ।