India Punjab

CM ਮਾਨ ਨੇ ਚੰਡੀਗੜ੍ਹ ਏਅਰਪੋਰਟ ਦਾ ਨਾਂ ਭਗਤ ਸਿੰਘ ਰੱਖਣ ਲਈ ਹਰਿਆਣਾ ਦੀ ਕਿਹੜੀ ਸ਼ਰਤ ਮੰਨੀ ?

ਚੰਡੀਗੜ੍ਹ ਏਅਰਪੋਰਟ ਦੇ ਨਾਂ ਅੱਗੇ ਮੋਹਾਲੀ ਲੱਗੇ ਜਾਂ ਫਿਰ ਪੰਚਕੂਲਾ, ਇਸ ਨੂੰ ਲੈ ਕੇ ਹੁਣ ਵੀ ਵਿਵਾਦ

ਦ ਖ਼ਾਲਸ ਬਿਊਰੋ : ਚੰਡੀਗੜ੍ਹ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਏਅਰੋਪਰਟ ਹੋਵੇਗਾ ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਸਹਿਮਤੀ ਬਣ ਗਈ ਹੈ ਪਰ ਇਸ ਨਾਲ ਹਰਿਆਣਾ ਜਾਂ ਫਿਰ ਪੰਜਾਬ ਦੇ ਕਿਹੜੇ ਸ਼ਹਿਰ ਦਾ ਨਾਂ ਜੋੜਿਆ ਜਾਵੇਗਾ ਇਸ ਨੂੰ ਲੈ ਕੇ ਹੁਣ ਵੀ ਸਸਪੈਂਸ ਬਣਿਆ ਹੋਇਆ ਹੈ । ਹਰਿਆਣ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸਾਫ਼ ਕਰ ਦਿੱਤਾ ਹੈ ਕਿ ਏਅਰਪੋਰਟ ਦੇ ਨਾਂ ਨਾਲ ਪੰਚਕੂਲਾ ਜੋੜਿਆ ਜਾਵੇਗਾ ਜਿਸ ਨੂੰ ਲੈ ਕੇ ਅਕਾਲੀ ਦਲ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਿਆ ਹੈ।

ਦਲਜੀਤ ਚੀਮਾ ਦਾ ਸੀਐੱਮ ਮਾਨ ਨੂੰ ਸਵਾਲ

ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਿਆ ਹੈ ਕਿ ਸ਼ਹੀਦ ਭਗਤ ਸਿੰਘ ਏਅਰਪੋਰਟ ਦੇ ਨਾਲ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪੰਚਕੂਲਾ ਸ਼ਬਦ ਜੋੜਨ ਦੀ ਜਿਹੜੀ ਸ਼ਰਤ ਰੱਖੀ ਹੈ ਕਿ ਉਹ ਪੰਜਾਬ ਸਰਕਾਰ ਨੇ ਮੰਨ ਲਈ ਹੈ ? ਉਨ੍ਹਾਂ ਟਵਿਟਰ ‘ਤੇ ਦੁਸ਼ਯੰਤ ਚੌਟਾਲਾ ਦਾ ਉਹ ਬਿਆਨ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਏਅਰਪੋਰਟ ਦੇ ਨਾਲ ਪੰਚਕੂਲਾ ਜੋੜਨ ਦੀ ਗੱਲ ਕਹਿ ਰਹੇ ਹਨ। ਸਵਾਲ ਉਠਣੇ ਲਾਜ਼ਮੀ ਵੀ ਨੇ ਕਿਉਂਕਿ ਸੀਐੱਮ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਜਦੋਂ ਦੁਸ਼ਯੰਤ ਚੌਟਾਲਾ ਨਾਲ ਮੀਟਿੰਗ ਤੋਂ ਬਾਅਦ ਦੱਸਿਆ ਕਿ ਚੰਡੀਗੜ੍ਹ ਏਅਰੋਪਰਟ ਦਾ ਨਾਂ ਭਗਤ ਸਿੰਘ ਰੱਖਣ ‘ਤੇ ਸਹਿਮਤੀ ਬਣ ਗਈ ਹੈ ਤਾਂ ਉਨ੍ਹਾਂ ਨੇ ਇਹ ਨਹੀਂ ਦੱਸਿਆ ਸੀ ਏਅਰਪੋਰਟ ਦੇ ਨਾਂ ਅੱਗੇ ਕਿਸ ਸ਼ਹਿਰ ਦਾ ਨਾਂ ਜੋੜਿਆ ਜਾਵੇਗਾ ?

ਵਿਵਾਦ ਤਾਂ ਇਸੇ ਚੀਜ਼ ਨੂੰ ਲੈ ਕੇ ਹੀ ਸੀ ਪੰਜਾਬ ਹਮੇਸ਼ਾ ਏਅਰਪੋਰਟ ਦੇ ਅੱਗੇ ਮੁਹਾਲੀ ਜੋੜਨਾ ਚਾਹੁੰਦਾ ਸੀ। ਜਦਕਿ ਹਰਿਆਣਾ ਇਸ ਨੂੰ ਚੰਡੀਗੜ੍ਹ ਏਅਰਪੋਰਟ ਰੱਖਣਾ ਚਾਹੁੰਦਾ ਸੀ ਹਾਲਾਂਕਿ ਪੰਜਾਬ ਨੂੰ ਵੇਖ ਦੇ ਹੋਏ ਹਰਿਆਣਾ ਨੇ ਵੀ ਹੁਣ ਏਅਰਪੋਰਟ ਦੇ ਨਾਲ ਪੰਚਕੂਲਾ ਜੋੜਨ ਦੀ ਮੰਗ ਕਰ ਦਿੱਤੀ ਹੈ, ਭਗਤ ਸਿੰਘ ਦੇ ਨਾਂ ਨੂੰ ਲੈਕੇ ਤਾਂ ਕੋਈ ਵਿਵਾਦ ਹੀ ਨਹੀਂ ਸੀ,ਦੋਵਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਨੇ ਪਹਿਲਾਂ ਹੀ ਇਸ ਨਾਂ ‘ਤੇ ਮੋਹਰ ਲਾ ਦਿੱਤੀ ਸੀ।

2008 ਵਿੱਚ ਏਅਰਪੋਰਟ ਦੀ ਉਸਾਰੀ ਸ਼ੁਰੂ ਹੋਈ

2008 ਵਿੱਚ ਚੰਡੀਗੜ੍ਹ ਏਅਰਪੋਰਟ ਨੂੰ ਕੌਮਾਂਤਰੀ ਦਰਜਾ ਦਿਵਾਉਣ ਦੇ ਲਈ ਏਅਰਪੋਰਟ ਦੀ ਉਸਾਰੀ ਸ਼ੁਰੂ ਹੋਈ ਸੀ। ਸੂਬੇ ਦੇ ਤਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਸ ਦਾ ਐਲਾਨ ਕੀਤਾ ਸੀ ਪਰ ਅਖੀਰਲੇ ਮੌਕੇ ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਉੱਥੇ ਪਹੁੰਚ ਗਏ ਅਤੇ ਏਅਰਪੋਰਟ ‘ਤੇ ਹਰਿਆਣਾ ਦਾ ਵੀ ਬਰਾਬਰ ਦਾ ਹੱਕ ਦੱਸਿਆ ।ਬਸ ਉਸੇ ਦਿਨ ਤੋਂ ਦੋਵਾਂ ਸੂਬਿਆਂ ਵਿੱਚ ਵਿਵਾਦ ਸ਼ੁਰੂ ਹੋ ਗਿਆ। 11 ਸਤੰਬਰ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਏਅਰਪੋਰਟ ਨੂੰ ਕੌਮਾਂਤਰੀ ਏਅਰਪੋਰਟ ਦਾ ਦਰਜਾ ਦਿੰਦੇ ਹੋਏ ਇਸ ਦੇ ਨਵੇਂ ਟਰਮੀਨਲਸ ਦਾ ਉਦਘਾਟਨ ਕੀਤਾ ਪਰ ਨਾਂ ਨੂੰ ਲੈ ਕੇ ਰੇੜਕਾ ਜਾਰੀ ਰਿਹਾ।

ਨਵਾਂ ਟਰਮੀਨਲ ਵੀ ਮੋਹਾਲੀ ਵਾਲੀ ਥਾਂ ‘ਤੇ ਬਣਾਇਆ ਗਿਆ ਸੀ।ਪੰਜਾਬ ਸਰਕਾਰ ਦਾ ਦਾਅਵਾ ਸੀ ਕੌਮਾਂਤਰੀ ਹਵਾਈ ਅੱਡੇ ਲਈ ਸੂਬਾ ਸਰਕਾਰ ਨੇ ਜ਼ਮੀਨ ਦਿੱਤੀ ਹੈ ਇਸ ਲਈ ਏਅਰਪੋਰਟ ਦਾ ਨਾਂ ਮੁਹਾਲੀ ਕੌਮਾਂਤਰੀ ਹਵਾਈ ਅੱਡਾ ਹੋਣਾ ਚਾਹੀਦਾ ਹੈ ਜਦਕਿ ਹਰਿਆਣਾ ਦਾ ਤਰਕ ਸੀ ਕਿ ਚੰਡੀਗੜ੍ਹ ਏਅਰਪੋਰਟ ਨੂੰ ਹੀ ਕੌਮਾਂਤਰੀ ਦਰਜ਼ਾ ਮਿਲਿਆ ਹੈ ਇਸ ਲਈ ਚੰਡੀਗੜ੍ਹ ਇਸ ਨਾਲ ਜੁੜਿਆ ਹੋਣਾ ਚਾਹੀਦਾ ਹੈ।