Punjab

ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਸਹਾਰੇ ਲੱਭ ਰਿਹਾ ਆਪਣੀ ਸਿਆਸੀ ਜ਼ਮੀਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਅਰੇ ਦੇ ਸਹਾਰੇ ਸਿਆਸੀ ਜ਼ਮੀਨ ਮੁੜ ਇਕੱਠੀ ਕਰਨ ਦੀ ਤਾਕ ਵਿੱਚ ਹੈ। ਅਕਾਲੀ ਦਲ ਵੱਲੋਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਸਦ ਦੇ ਬਾਹਰ ਧਰਨਾ ਦਿੱਤਾ ਗਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਆਗੂ ਹੱਥਾਂ ਵਿੱਚ ਤਖਤੀਆਂ ਫੜੀ ਨਜ਼ਰ ਆਏ। ਉਨ੍ਹਾਂ ਨੇ ਕੋਲੋਂ ਲੰਘ ਰਹੇ ਕੇਂਦਰੀ ਮੰਤਰੀਆਂ ਨੂੰ ਸਿੰਘਾਂ ਦੀ ਰਿਹਾਈ ਵਾਲੀ ਮੰਗ ਪੂਰੀ ਕਰਨ ਦੀ ਅਪੀਲ ਕੀਤੀ ਗਈ।

ਅਕਾਲੀ ਆਗੂਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਸਿੰਘਾਂ ਦੀ ਰਿਹਾਈ ਲਈ ਅਪੀਲ ਕੀਤੀ। ਹਰਸਿਮਰਤ ਕੌਰ ਬਾਦਲ ਨੇ ਨਿਤਿਨ ਗਡਕਰੀ ਦੇ ਸਾਹਮਣੇ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਹੁਣ ਰਾਜੀਵ ਗਾਂਧੀ ਦੇ ਕਾਤਲ ਰਿਹਾਅ ਹੋ ਗਏ ਹਨ, ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰੋ। ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਧਰਨੇ ਵਿਚ ਪਹੁੰਚੇ ਪ੍ਰਦਰਸ਼ਨਕਾਰੀਆਂ ਸਮੇਤ ਪੰਥ ਮੇਰੇ ਦੀਆਂ ਗੂੰਜਾਂ ਯੁੱਗਾਂ ਯੁੱਗ ਪੈਂਦੀਆਂ ਰਹਿਣਗੀਆਂ ਦੇ ਜੈਕਾਰੇ ਲਗਾਏ। 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲ਼ੋਂ ਇੱਕ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਪਰ ਇਹ ਕਮੇਟੀ ਸ਼ੁਰੂ ਵਿੱਚ ਹੀ ਖਿੰਡਰ ਗਈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਤੋਂ ਲਾਂਭੇ ਕਰਨ ਦੀ ਮੰਗ ਸ਼ੁਰੂ ਕਰਨ ਨਾਲ ਕਮੇਟੀ ਵਿੱਚ ਤਰੇੜਾਂ ਪੈ ਗਈਆਂ।

ਉਸ ਤੋਂ ਬਾਅਦ ਕਈ ਹੋਰ ਮੈਂਬਰ ਵੀ ਸੁਖਬੀਰ ਬਾਦਲ ਦੇ ਉਲਟ ਖੜੇ ਹੋ ਗਏ। ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ ਸਿਮਰਨਜੀਤ ਸਿੰਘ ਮਾਨ ਨੇ ਵੀ ਬਾਦਲਾਂ ਨਾਲ ਰਲ ਕੇ ਚੱਲਣ ਤੋਂ ਨਾਂਹ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਲੋਕ ਸਭਾ ਵਿੱਚ ਅਕਾਲੀ ਦਲ ਦੇ ਸਿਰਫ਼ ਦੋ ਨੁਮਾਇੰਦੇ ਹਨ ਜਿਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਨਾਂ ਸ਼ਾਮਿਲ ਹੈ।