Punjab

ਪੰਜਾਬ ‘ਚ ਹਾਰ ਤੋਂ ਬਾਅਦ ਅਕਾਲੀ ਹੋਏ ਇਕੱਠੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਕੱਲ੍ਹ ਦੁਪਹਿਰ ਤੋਂ ਬਾਅਦ ਕੋਰ ਕਮੇਟੀ ਦੇ ਇਕੱਲੇ-ਇਕੱਲੇ ਮੈਂਬਰ ਨਾਲ ਵਿਚਾਰ ਵਿਟਾਂਦਰਾ ਕਰਨਗੇ। ਪਰਸੋਂ ਸਾਰੇ ਜ਼ਿਲ੍ਹਿਆਂ ਦੇ ਜਥੇਦਾਰ ਸਾਹਿਬਾਨ ਦੀ ਇੱਕ ਮੀਟਿੰਗ ਪਾਰਟੀ ਹੈੱਡ ਦਫ਼ਤਰ ਵਿੱਚ ਦੁਪਹਿਰ 2 ਵਜੇ ਹੋਵੇਗੀ। ਇਸ ਤੋਂ ਬਾਅਦ ਅਗਲੀ ਤਰੀਕ ਸਾਰੇ ਉਮੀਦਵਾਰਾਂ ਨੂੰ ਦਿਆਂਗੇ ਅਤੇ ਬਾਅਦ ਵਿੱਚ ਪ੍ਰਧਾਨ ਜ਼ਿਲ੍ਹੇ ਮੁਤਾਬਕ ਵਰਕਰ ਮੀਟਿੰਗ ਕਰਕੇ ਬਾਕੀ ਵਰਕਰਾਂ ਦੀ ਰਾਏ ਵੀ ਲੈਣਗੇ।

ਪਹਿਲਾ ਮਤਾ ਪਾਸ ਕੀਤਾ ਗਿਆ ਹੈ ਕਿ ਪੰਜਾਬ ਦੇ ਲੋਕਾਂ ਦਾ ਜੋ ਫਤਵਾ ਆਇਆ ਸੀ ਉਸਨੂੰ ਸ਼੍ਰੋਮਣੀ ਅਕਾਲੀ ਦਲ ਨੇ ਖਿੜੇ ਮੱਥੇ ਸਵੀਕਾਰ ਕੀਤਾ ਹੈ। ਅਸੀਂ ਸਾਰੇ ਵੋਟਰਾਂ, ਵਰਕਰਾਂ, ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਸੁਖਬੀਰ ਬਾਦਲ ਨੇ ਦਿਨ ਰਾਤ ਅਣਥੱਕ ਮਿਹਨਤ ਕੀਤੀ ਸੀ ਅਤੇ ਚੋਣ ਪ੍ਰਚਾਰ ਪੂਰੀ ਤਨਦੇਹੀ ਨਾਲ ਕੀਤਾ।

ਉਨ੍ਹਾਂ ਨੇ ਕਿਹਾ ਕਿ ਕੋਰ ਕਮੇਟੀ ਨੇ ਪ੍ਰਧਾਨ ਨੂੰ ਅਧਿਕਾਰ ਦਿੱਤੇ ਹਨ ਕਿ ਪਾਰਟੀ ਦੀ ਉਹ ਇੱਕ ਹਾਈ ਲੈਵਲ ਕਮੇਟੀ ਇੱਕ ਦੋ ਦਿਨਾਂ ਤੱਕ ਬਣਾ ਦੇਣਗੇ ਜਿਹੜੀ ਇਸ ਸਾਰੇ ਫਤਵੇ ਦੀ ਪੂਰੀ ਤਰ੍ਹਾਂ ਸਮੀਖਿਆ ਕਰਕੇ, ਹਾਰ ਦੇ ਲਈ ਜਿਹੜੇ ਕਾਰਨ ਰਹੇ ਹਨ ਜਿਸ ਕਰਕੇ ਪਾਰਟੀ ਪਿੱਛੇ ਰਹੀ, ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਿਵੇਂ ਠੀਕ ਕੀਤੀਆਂ ਜਾ ਸਕਦੀਆਂ ਹਨ, ਬਾਰੇ ਕੰਮ ਕਰੇਗੀ।

ਦੂਸਰਾ ਮਤਾ ਪਾਸ ਕੀਤਾ ਗਿਆ ਹੈ ਕਿ BBMB ਦੇ ਫੈਸਲੇ ਨੂੰ ਜਲਦ ਵਾਪਸ ਲੈਣ ਦੀ ਅਪੀਲ ਕੀਤੀ ਗਈ ਹੈ। ਇਸਦੇ ਨਾਲ ਹੀ ਚੰਡੀਗੜ੍ਹ ਵਿੱਚ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਇੱਕ-ਇੱਕ ਕਰਕੇ ਪੰਜਾਬ ਦੇ ਮੁਲਾਜ਼ਮਾਂ, ਅਫਸਰਾਂ ਦੀਆਂ ਥਾਂਵਾਂ ਨੂੰ ਖੋਹ ਕੇ ਯੂਟੀ ਕੇਡਰ ਦੇ ਅਫ਼ਸਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਅਸੀਂ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਚਿਤਾਵਨੀ ਦਿੱਤੀ ਹੈ ਕਿ ਇਹ ਕੰਮ ਫੈਡਰਲਿਜ਼ਮ ਦੇ ਖਿਲਾਫ ਹਨ ਅਤੇ ਇਸਨੂੰ ਤੁਰੰਤ ਰੋਕਿਆ ਜਾਵੇ। ਇਹ ਸਾਰੀ ਸਮੀਖਿਆ ਕਈ ਦਿਨ ਜਾਰੀ ਰਹੇਗੀ।