Punjab Religion

ਜਥੇਦਾਰ ਦੀ ਸੇਵਾ ਸੰਭਾਲ ਦੇ ਵਿਵਾਦ ਨੂੰ ਲੈ ਕੇ ਅਕਾਲੀ ਦਲ ਦਾ ਵੱਡਾ ਬਿਆਨ, SGPC ਨੇ ਵੀ ਨਕਾਰੇ ਇਲਜ਼ਾਮ

ਅੰਮ੍ਰਿਤਸਰ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਨੂੰ ਲੈ ਕੇ ਹੋ ਰਹੇ ਵਿਵਾਦ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਬਿਆਨ ਦਿੱਤਾ ਹੈ। ਅਕਾਲੀ ਦਲ ਨੇ ਕਿਹਾ ਕਿ ਗੁਰੂ ਸਾਹਿਬ ਦੀ ਹਾਜ਼ਰੀ ਵਿਚ ਹੀ ਗਿਆਨੀ ਕੁਲਦੀਪ ਸਿੰਘ ਨੇ ਸੇਵਾ ਸੰਭਾਲੀ ਹੈ।

ਪ੍ਰੈਸ ਕਾਨਫਰੰਸ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਸੂਝ ਬੂਝ ਨਾਲ ਫੈਸਲਾ ਲੈਂਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸਵੇਰੇ ਵੇਲੇ ਨਿਭਾਈ ਹੈ ਜਿਸ ਨਾਲ ਪੰਜਾਬ ਦੀ ਧਰਤੀ ’ਤੇ ਖੂਨ ਖਰਾਬਾ ਹੋਣ ਤੋਂ ਬਚ ਗਿਆ ਹੈ।

ਉਹਨਾਂ ਕਿਹਾ ਕਿ ਅੱਜ ਕੇਂਦਰ ਦੀਆਂ ਏਜੰਸੀਆਂ ਪੰਜਾਬ ਦੀ ਧਰਤੀ ’ਤੇ ਖੂਨ ਖਰਾਬਾ ਕਰਵਾਉਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੀ ਧਿਰ ਹੀ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਚੁਣਦੀ ਹੈ ਜੋ ਅੱਗੋਂ ਪਾਰਲੀਮੈਂਟ ਵੱਲੋਂ ਪਾਸ ਐਕਟ ਮੁਤਾਬਕ ਹੀ ਫੈਸਲੇ ਲੈਂਦੀ ਹੈ।

SGPC ਨੇ ਵੀ ਨਕਾਰੇ ਇਲਜ਼ਾਮ

ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਲਜ਼ਾਮ ਨਕਾਰੇ ਹਨ। ਇੱਕ ਪੋਸਟ ਸਾਂਝੀ ਕਰਦਿਆਂ SGPC ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅੱਜ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਹੋਣ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਗਿਆਨੀ ਕੁਲਦੀਪ ਸਿੰਘ ਦੇ ਸੇਵਾ ਸੰਭਾਲਣ ਮੌਕੇ ਪੰਜ ਪਿਆਰੇ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਸਤਾਰਾਂ ਦਿੱਤੀਆਂ ਗਈਆਂ ਹਨ। ਉਪਰੰਤ ਸਿੰਘ ਸਾਹਿਬ ਨੂੰ ਤਖ਼ਤ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਵੱਲੋਂ ਸਿਰਪਾਓ ਦਿੱਤੇ ਗਏ। ਤਸਵੀਰਾਂ ਨਾਲ ਨੱਥੀ ਹਨ। ਗਲਤ ਪ੍ਰਚਾਰ ਨਾ ਕੀਤਾ ਜਾਵੇ।