‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਸਬੰਧੀ ਦਾਇਰ ਕੀਤੀ ਚਾਰਜਸ਼ੀਟ ਬਾਰੇ ਬੋਲਦਿਆਂ ਕਿਹਾ ਕਿ ‘ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਰਾਜਨੀਤਿਕ ਲਾਭ ਲਈ ਹੈ ਅਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਦਿੱਲੀ ਪੁਲਿਸ ਵੱਲੋਂ ਕਿਸਾਨਾਂ ‘ਤੇ ਇਹ ਦੋਸ਼ ਬਿਲਕੁਲ ਨਾ-ਵਾਜਿਬ ਹੈ ਕਿ ਕਿਸਾਨ ਲਾਲ ਕਿਲ੍ਹੇ ‘ਤੇ ਕਬਜ਼ਾ ਕਰਨਾ ਚਾਹੁੰਦੇ ਸਨ ਅਤੇ ਉਸਨੂੰ ਧਰਨਾ ਸਥਾਨ ਬਣਾਉਣਾ ਚਾਹੁੰਦੇ ਸਨ, ਕਿਉਂਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਿਰਫ ਗਿਣਤੀ ਦੇ ਪ੍ਰਦਰਸ਼ਨਕਾਰੀ ਹੀ ਲਾਲ ਕਿਲ੍ਹੇ ਵਾਲੀ ਸਾਈਡ ਗਏ ਸੀ, ਬਾਕੀ ਸਾਰੇ ਕਿਸਾਨ ਲੀਡਰ ਅਤੇ ਕਿਸਾਨ ਤੈਅ ਰੂਟ ‘ਤੇ ਗਏ ਸਨ। ਇਸ ਕਰਕੇ ਲੱਗਦਾ ਹੈ ਕਿ ਚਾਰਜਸ਼ੀਟ ਦੇ ਬਹਾਨੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਅਚਾਨਕ ਹੋਈ ਘਟਨਾ ਨੂੰ ਸਾਜਿਸ਼ ਦਾ ਰੂਪ ਦੇਣਾ, ਇਸਨੂੰ ਚੰਗੀ ਜਾਂਚ ਨਹੀਂ ਕਿਹਾ ਜਾ ਸਕਦਾ।