Punjab

ਇਆਲੀ ਤੋਂ ਬਾਅਦ ਅਕਾਲੀ ਦਲ ‘ਚ ਇੱਕ ਹੋਰ ਵੱਡੀ ਬਗਾਵਤ ! ਝੂੰਦਾਂ ਰਿਪੋਰਟ ਬਣੀ ਗਲੇ ਦੀ ਹੱਡੀ

ਝੂੰਦਾ ਰਿਪੋਰਟ ਸਿੱਧਾ ਕੋਰ ਕਮੇਟੀ ਵਿੱਚ ਪੇਸ਼ ਕਰਨ ਤੋਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨਰਾਜ਼

‘ਦ ਖ਼ਾਲਸ ਬਿਊਰੋ :- ਪੰਜਾਬ ਵਿਧਾਨਸਭਾ ਚੋਣਾਂ ਵਿੱਚ ਲਗਾਤਾਰ ਦੂਜੀ ਵਾਰ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਹਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਵੱਧਦੀ ਜਾ ਰਹੀ ਹੈ। ਪਾਰਟੀ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੋਂ ਬਾਅਦ ਹੁਣ ਇੱਕ ਹੋਰ ਦਿੱਗਜ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਝੂੰਦਾਂ ਰਿਪੋਰਟ ਨੂੰ ਲੈ ਕੇ ਸੁਖਬੀਰ ਬਾਦਲ ‘ਤੇ ਸਵਾਲ ਚੁੱਕੇ ਹਨ। ਇਸੇ ਲਈ ਉਹ ਬੁੱਧਵਾਰ ਨੂੰ ਝੂੰਦਾਂ ਰਿਪੋਰਟ ‘ਤੇ ਕੋਰ ਕਮੇਟੀ ਦੀ ਸਮੀਖਿਆ ਬੈਠਕ ਵਿੱਚ ਨਹੀਂ ਪਹੁੰਚੇ ਸਨ।

ਚੰਦੂਮਾਜਰਾ ਦਾ ਇਤਰਾਜ਼

ਸਾਬਕਾ ਐੱਮਪੀ ਪ੍ਰੇਮ ਸਿੰਘ ਚੰਦੂਮਾਜਰਾ ਦਾ ਇਤਰਾਜ਼ ਹੈ ਕਿ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਸਿੱਧੇ ਕੋਰ ਕਮੇਟੀ ਵਿੱਚ ਕਿਉਂ ਪੇਸ਼ ਕੀਤਾ ਗਿਆ ? ਇਸ ਨੂੰ ਸਮੀਖਿਆ ਕਮੇਟੀ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਸੀ। ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਮੇਟੀ ਦੇ ਕਨਵੀਨਰ ਬਲਵਿੰਦਰ ਸਿੰਘ ਭੂੰਦੜ ਨੂੰ ਕਿਹਾ ਸੀ ਕਿ ਸਮੀਖਿਆ ਕਮੇਟੀ ਦੀ ਮੀਟਿੰਗ ਕਰਨ ਉਸ ਵਿੱਚ ਝੂੰਦਾਂ ਕਮੇਟੀ ਦੀ ਰਿਪੋਰਟ ‘ਤੇ ਵਿਚਾਰ ਹੋਵੇਗਾ, ਇਸ ਤੋਂ ਬਾਅਦ ਸੰਯੁਕਤ ਰਾਏ ਕੋਰ ਕਮੇਟੀ ਦੇ ਸਾਹਮਣੇ ਰੱਖੀ ਜਾਵੇਗੀ ਪਰ ਇਸ ਦੇ ਬਾਵਜੂਦ ਆਖਿਰ ਕਿਵੇਂ ਰਿਪੋਰਟ ਸਿੱਧੇ ਕੋਰ ਕਮੇਟੀ ਦੇ ਸਾਹਮਣੇ ਰੱਖੀ ਗਈ ? ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਰਿਪੋਰਟ ਨਹੀਂ ਪੜੀ ਹੈ। ਮੈਨੂੰ ਨਹੀਂ ਪਤਾ ਕਿਉਂ ਰਿਪੋਰਟ ਕੋਰ ਕਮੇਟੀ ਕੋਲ ਭੇਜੀ ਗਈ ਹੈ।

ਇਹ ਹੈ ਝੂੰਦਾਂ ਕਮੇਟੀ ਦੀ ਰਿਪੋਰਟ

2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ 3 ਸੀਟਾਂ ਮਿਲੀਆਂ ਸਨ। ਪ੍ਰਕਾਸ਼ ਸਿੰਘ ਬਾਦਲ,ਸੁਖਬੀਰ ਬਾਦਲ ਤੋਂ ਲੈ ਕੇ ਵੱਡੇ-ਵੱਡੇ ਦਿੱਗਜ ਆਗੂ ਹਾਰ ਗਏ ਸਨ। ਇਸ ਸ਼ਰਮਨਾਕ ਹਾਰ ਦੀ ਪੜਚੋਲ ਕਰਨ ਦੇ ਲਈ ਪਾਰਟੀ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਨੇ 100 ਵਿਧਾਨਸਭਾ ਹਲਕਿਆਂ ਦੇ ਦੌਰੇ ਤੋਂ ਬਾਅਦ 42 ਸੁਝਾਅ ਦਿੱਤੇ ਸਨ, ਜਿਸ ‘ਤੇ ਕੋਰ ਕਮੇਟੀ ਦੀ ਮੀਟਿੰਗ ਵਿੱਚ ਚਰਚਾ ਹੋਈ। ਕਮੇਟੀ ਨੇ ਲੀਡਰਸ਼ਿਪ ਬਦਲਣ ਯਾਨੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾਉਣ ਦੀ ਕੋਈ ਸਿਫਾਰਿਸ਼ ਨਹੀਂ ਕੀਤੀ ਸੀ। ਹਾਲਾਂਕਿ, ਵਿਧਾਇਕ ਮਨਪ੍ਰੀਤ ਇਆਲੀ ਨੇ ਝੂੰਦਾਂ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਲੀਡਰਸ਼ਿਪ ਬਦਲਣ ਦੀ ਮੰਗ ਕੀਤੀ ਸੀ।

ਵਲਟੋਹਾ ਦਾ ਝੂੰਦਾਂ ਕਮੇਟੀ ‘ਤੇ ਜਵਾਬ

ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਝੂੰਦਾਂ ਕਮੇਟੀ ਵਿੱਚ ਲਿਖੇ ਹਰ ਸ਼ਬਦ ‘ਤੇ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦੀ ਸਲਾਹ ਲਈ ਗਈ ਹੈ। ਉਨ੍ਹਾਂ ਨੇ ਕਿਸੇ ਰੁਝੇਵੇ ਦੀ ਵਜ੍ਹਾ ਕਰਕੇ ਕੋਰ ਕਮੇਟੀ ਦੀ ਮੀਟਿੰਗ ਵਿੱਚ ਨਾ ਆਉਣ ਬਾਰੇ ਜਾਣਕਾਰੀ ਦਿੱਤੀ ਸੀ। ਵਲਟੋਹਾ ਮੁਤਾਬਕ ਮੀਟਿੰਗ ਤੋਂ ਪਹਿਲਾਂ ਚੰਦੂਮਾਜਰਾ ਨੂੰ ਏਜੰਡਾ ਵੀ ਦੱਸਿਆ ਗਿਆ ਸੀ ਕਿ ਝੂੰਦਾਂ ਰਿਪੋਰਟ ਕੋਰ ਕਮੇਟੀ ਦੀ ਮੀਟਿੰਗ ਵਿੱਚ ਰੱਖੀ ਜਾਵੇਗੀ।