Punjab

ਜਲੰਧਰ ਦੇ ਦੋ ਸਕੇ ਭਰਾਵਾਂ ਦੇ ਮਾਮਲੇ ’ਚ ਅਕਾਲੀ ਦਲ ਨੇ ਕੀਤੀ CBI ਜਾਂਚ ਦੀ ਮੰਗ…

Akali Dal has demanded a CBI investigation in the case of two brothers from Jalandhar...

ਜਲੰਧਰ ਦੇ ਦੋ ਸਕੇ ਭਰਾਵਾਂ ਦੇ  ਇੰਸਪੈਕਟਰ ਨਵਦੀਪ ਸਿੰਘ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪ੍ਰਤੀਕਰਮ ਦਿੱਤੀ ਹੈ। ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ  ਇਸ ਮਾਮਲੇ ਵਿੱਚ CBI ਜਾਂਚ ਦੀ ਮੰਗ ਕੀਤੀ ਹੈ। ਚੀਮੇ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ 16 ਦਿਨਾਂ ਬਾਅਦ ਮਾਨਵਜੀਤ ਢਿੱਲੋਂ ਦੇ ਛੋਟੇ ਭਰਾ ਜਸ਼ਨਦੀਪ ਸਿੰਘ ਢਿੱਲੋਂ ਦੀ ਲਾਸ਼ ਬਰਾਮਦ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੀ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੇ ਪੁਰਾਣੇ ਕਾਲੇ ਦਿਨ ਯਾਦ ਕਰਵਾ ਦਿੱਤੇ ਹਨ।

ਉਨ੍ਹਾਂ ਨੇ ਕਿਹਾ ਕਿ ਪੂਰੇ 16 ਦਿਨਾਂ ਤੱਕ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ‘ਤੇ ਮੁੱਖ ਮੰਤਰੀ, ਸਾਰੇ ਮੰਤਰੀਆਂ ਅਤੇ ਸੱਤਾਧਾਰੀ ਪਾਰਟੀ ਦੇ ਸਾਰੇ ਵਿਧਾਇਕਾਂ ਦੀ ਚੁੱਪ ਨੂੰ ਦੇਖਦੇ ਹੋਏ, ਸੂਬਾ ਪੁਲਿਸ ਤੋਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਚੀਮਾ ਨੇ ਕਿਹਾ ਕਿ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਪੁਲਿਸ ਵੱਲੋਂ ਦੋਸ਼ੀ ਐਸ.ਐਚ.ਓ ਨਵਦੀਪ ਸਿੰਘ ਨੂੰ ਪੁਲਿਸ ਲਾਈਨ ਭੇਜਣ ਤੋਂ ਸਿਵਾਏ ਸੱਚਾਈ ਦਾ ਪਰਦਾਫਾਸ਼ ਕਰਨ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨਾਂ ਨੇ ਕਿਹਾ ਕਿ ਇਸ ਅਣਮਨੁੱਖੀ ਅਤੇ ਭਿਆਨਕ ਘਟਨਾ ਨੇ ਪੰਜਾਬ ਦੇ ਪੁਲਿਸ ਥਾਣਿਆਂ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਦਾ ਪਰਦਾਫਾਸ਼ ਕਰ ਦਿੱਤਾ ਹੈ।

ਦੱਸ ਦੇਈਏ ਕਿ ਜਲੰਧਰ ਸ਼ਹਿਰ ਦੇ ਦੋ ਭਰਾਵਾਂ ਮਾਨਵਜੀਤ ਅਤੇ ਜਸ਼ਨਦੀਪ ਨੇ ਕੁਝ ਦਿਨ ਪਹਿਲਾਂ ਗੋਇੰਦਵਾਲ ਸਾਹਿਬ ਪੁਲ ਤੋਂ ਤੇਜ਼ ਵਗ ਰਹੇ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਥਾਣਾ ਡਵੀਜ਼ਨ ਨੰਬਰ 1 ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਤੋਂ ਤੰਗ ਆ ਕੇ ਛਾਲ ਮਾਰ ਦਿੱਤੀ।

ਜਸ਼ਨਦੀਪ ਦੀ ਮ੍ਰਿਤਕ ਦੇਹ ਬਿਆਸ ਦਰਿਆ ਵਿੱਚ ਰੁੜ੍ਹ ਕੇ ਖੇਤਾਂ ਵਿੱਚ ਪਹੁੰਚ ਗਈ ਸੀ। ਪਿੰਡ ਦਾ ਕਿਸਾਨ ਅੱਜ ਪਾਣੀ ਘਟਣ ਤੋਂ ਬਾਅਦ ਖੇਤ ਨੂੰ ਗਿਆ। ਜਦੋਂ ਉਹ ਆਪਣੇ ਖੇਤ ਦੇ ਕੰਢਿਆਂ ਨੂੰ ਠੀਕ ਕਰ ਰਿਹਾ ਸੀ ਤਾਂ ਇੱਕ ਹੱਥ ਅਤੇ ਹੱਥ ਵਿੱਚ ਕੜਾ ਵਿਖਾਈ ਦਿੱਤਾ। ਇਸ ਮਗਰੋਂ ਉਸ ਨੇ ਕੱੀ ਨਾਲ ਘਾਹ ਨੂੰ ਅੱਗੇ ਪਿੱਛੇ ਕੀਤਾ ਤਾਂ ਉਸ ਨੂੰ ਨੀਲੇ ਰੰਗ ਦੇ ਪੈਰ ਵਿੱਚ ਪਾਏ ਬੂਟ ਨਜ਼ਰ ਆਏ। ਕਿਸਾਨ ਨੇ ਮੋਹਤਬਰ ਲੋਕਾਂ ਨੂੰ ਨਾਲ ਲਿਆ ਕੇ ਮ੍ਰਿਤਕ ਦੇਹ ਵਿਖਾਈ ਅਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਮ੍ਰਿਤਕ ਦੇਹ ਵੇਖਣ ਲਈ ਰਵਾਨਾ ਹੋ ਗਏ ਹਨ। ਪਿੰਡ ਵਾਲਿਆਂ ਨੇ ਮ੍ਰਿਤਕ ਦੇਹ ਸਬੰਧੀ ਸਥਾਨਕ ਪੁਲਿਸ ਥਾਣੇ ਨੂੰ ਵੀ ਸੂਚਿਤ ਕਰ ਦਿੱਤਾ ਹੈ। ਨਜ਼ਦੀਕੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬੂਟ ਅਤੇ ਬਰੇਸਲੇਟ ਜਸ਼ਨਦੀਪ ਦੇ ਹਨ। ਕਿਸਾਨ ਨੇ ਦੱਸਿਆ ਕਿ ਜਿਸ ਬੰਦੇ ਦੀ ਮ੍ਰਿਤਕ ਦੇਹ ਮਿਲੀ ਹੈ, ਉਹ ਲੰਮੇ ਕੱਦ ਵਾਲਾ ਨੌਜਵਾਨ ਹੈ।