Punjab Religion

SGPC ਚੋਣਾਂ ਲਈ ਹੋ ਰਹੀ ਜਾਅਲੀ ਵੋਟਾਂ ਦੀ ਰਜਿਸਟ੍ਰੇਸ਼ਨ! ਅਕਾਲੀ ਦਲ ਵੱਲੋਂ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਸ਼ਿਕਾਇਤ ਦਰਜ

ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਉਣ ਵਾਲੀਆਂ SGPC ਚੋਣਾਂ ਲਈ ਜਾਅਲੀ ਵੋਟਾਂ ਦੀ ਰਜਿਸਟਰੇਸ਼ਨ ਹੋ ਰਹੀ ਹੈ ਤੇ ਇਹ ਸਭ ਸੂਬਾ ਸਰਕਾਰ ਦੇ ਇਸ਼ਾਰੇ ’ਤੇ ਹੋ ਰਿਹਾ ਹੈ। ਇਸ ਦੇ ਵਿਰੁੱਧ ਅਕਾਲੀ ਦਲ ਨੇ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਸੇਵਾਮੁਕਤ ਜਸਟਿਸ ਐਸ ਐਸ ਸਾਰੋਂ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਵਿੱਚ ਪਾਰਟੀ ਨੇ ਜਾਅਲੀ ਵੋਟਾਂ ਦੀ ਰਜਿਸਟਰੇਸ਼ਨ ਸਬੰਧੀ ਉੱਚ ਪੱਧਰੀ ਜਾਂਚ ਕਰਾਉਣ ਅਤੇ ਇਸ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ।

ਆਪਣੀ ਸ਼ਿਕਾਇਤ ਵਿੱਚ ਅਕਾਲੀ ਦਲ ਨੇ ਲਿਖਿਆ ਹੈ ਕਿ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪਾਰਦਰਸ਼ੀ ਤਰੀਕੇ ਨਾਲ ਬਣਾਉਣ ਲਈ ਸਪਸ਼ਟ ਹਦਾਇਤਾਂ ਕੀਤੀਆਂ ਗਈਆਂ ਹਨ ਪਰ ਹੇਠਾਂ ਸਰਕਾਰੀ ਪੱਧਰ ਤੇ ਵੱਡੀਆਂ ਗੜਬੜੀਆਂ ਸਾਹਮਣੇ ਆ ਰਹੀਆਂ ਹਨ। ਸਬੂਤ ਵਜੋਂ ਅਕਾਲੀ ਦਲ ਨੇ ਵ੍ਹਟਸਐਪ ਚੈਟ ਦੇ ਸਕ੍ਰੀਨਸ਼ੌਟ ਵੀ ਨੱਥੀ ਕੀਤੇ ਹਨ।

ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਨੂੰ ਕਿਸੇ ਪੰਥ ਦਰਦੀ ਨੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ/ਰਾਏਕੋਟ ਸਬ ਡਵਿਜ਼ਨ ਨਾਲ ਸਬੰਧਤ ਇੱਕ Whatsup group ਦੇ ਸਕਰੀਨ ਸ਼ਾਟ ਭੇਜੇ ਹਨ। ਇਹ ਦੋਵੇਂ ਸਕਰੀਨ ਸ਼ਾਟ ਚਿੱਠੀ ਵਿੱਚ ਨੱਥੀ ਕੀਤੇ ਗਏ ਹਨ। ਇਹ ਗਰੁੱਪ ਲੁਧਿਆਣਾ ਜਿਲੇ ਦੇ ਜਗਰਾਉ/ਰਾਏਕੋਟ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਲ ਸਬੰਧਤ ਹੈ ਅਤੇ ਇਸ Whatsup group ਦਾ ਨਾਂ ‘ELECTION SUPERVISORS JGN’ ਹੈ।

Image

ਇਸ ਗੱਲਬਾਤ (ਚੈਟਿੰਗ) ਤੋਂ ਇਹ ਸਪਸ਼ਟ ਹੈ ਕਿ ਕਿਸੇ ਅਧਿਕਾਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਜਾਅਲੀ ਦਰਜ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ ਹਨ ਅਤੇ ਉਸ ਤੋਂ ਪ੍ਰੇਸ਼ਾਨ ਹੋ ਕਿ ਇੱਕ ਕਰਮਚਾਰੀ ਆਪਣੇ ਬਾਕੀ ਸਾਥੀਆਂ ਨੂੰ ਇਹ ਦਲੀਲ ਦੇ ਰਿਹਾ ਹੈ ਕਿ ਅਗਰ ਅਸੀਂ ਆਪਣੇ ਕੋਲੋਂ ਅਧਾਰ ਕਾਰਡ ਨੰਬਰ ਵੀ ਪਾ ਦੇਈਏ, ਵੋਟਰ ਲਿਸਟ ਤੋਂ ਫੋਟੋ ਕੱਟ ਕੇ ਵੀ ਪਾ ਦੇਈਏ ਪਰ ਕੀ ਅਯੋਗ ਵੋਟਰ ਦੇ ਆਪ ਜਾਅਲੀ ਦਸਤਖ਼ਤ ਕਰਨੇ ਠੀਕ ਹਨ?

ਉਹ ਕਰਮਚਾਰੀ ਇਹ ਖਦਸ਼ਾ ਵੀ ਜਾਹਰ ਕਰਦਾ ਹੈ ਕਿ ਅਗਰ ਉਹ ਕਲੀਨ ਸੇਵਨ (ਸਿਰੋ ਮੋਨਾ) ਨਿਕਲਿਆ ਤਾਂ ਜਿੰਮੇਵਾਰ ਕੌਣ ਹੋਵੇਗਾ? ਅਗਰ ਉਹ ਅਦਾਲਤ ਵਿੱਚ ਇਸ ਅਧਾਰ ’ਤੇ ਕੇਸ ਕਰ ਦੇਵੇ ਕਿ ਮੇਰੀ ਵੋਟ ਬਣੀ ਹੈ ਤਾਂ ਮੈਂ ਚੋਣ ਵੀ ਲੜ ਸਕਦਾ ਹਾਂ ਤਾਂ ਫਿਰ ਕੋਣ ਜ਼ਿੰਮੇਵਾਰ ਹੋਵੇਗਾ? ਉਸ ਨੇ ਇਥੋਂ ਤੱਕ ਕਿਹਾ ਕਿ ਛਿੱਤਰ ਕਿਸ ਦੇ ਪੈਣਗੇ?

ਅਕਾਲੀ ਦਲ ਨੇ ਇਸ ਗੱਲ ’ਤੇ ਹੈਰਾਨੀ ਜਤਾਈ ਕਿ ਕਰਮਚਾਰੀ ਦੇ ਇਸ ਸਵਾਲ ਉਪਰ ਐਸ.ਡੀ.ਐਮ. ਨੂੰ ਇਹ ਕਹਿਣਾ ਚਾਹੀਦਾ ਸੀ ਕਿ ਕੋਈ ਵੀ ਜਾਅਲੀ ਅਧਾਰ ਕਾਰਡ/ ਜਾਅਲੀ ਦਸਤਖ਼ਤ/ਜਾਅਲੀ ਫੋਟੋ ਆਦਿ ਨਹੀਂ ਲਗਾਉਣੀ ਅਤੇ ਨਾ ਹੀ ਕੋਈ ਜਾਅਲੀ ਵੋਟ ਬਣਾਉਣੀ ਹੈ। ਪਰ ਉਨ੍ਹਾਂ ਨੇ ਚੈਟਿੰਗ ਵਿੱਚ ਇਹ ਪ੍ਰਭਾਵ ਦਿੱਤਾ ਹੈ ਕਿ ਇਹ ਇਨਕੁਆਰੀ ਐਸ.ਡੀ.ਐਮ. ਦਫਤਰ ਕੋਲ ਹੀ ਆਉਣੀ ਹੈ ਅਤੇ ਫਿਰ ਡਿਪਟੀ ਕਮਿਸ਼ਨਰ ਸਾਹਿਬ ਕੋਲ ਜਾਣੀ ਹੈ। ਇਸ ਲਈ ਜੇ ਅਜਿਹਾ ਹੋਇਆ ਤਾਂ ਇਹ ਵੋਟ ਕੱਟ ਦਿੱਤੀ ਜਾਵੇਗੀ।

ਇਹ ਸਭ ਚਿੱਠੀ ਵਿੱਚ ਲਿਖਦਿਆਂ ਅਕਾਲੀ ਦਲ ਨੇ ਸਪਸ਼ਟ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਰਕਾਰੀ ਸ਼ਹਿ ਤੇ ਖੁਲ੍ਹੇਆਮ ਸਰਕਾਰੀ ਤੰਤਰ ਰਾਹੀ ਜਾਅਲੀ ਵੋਟਾਂ ਬਣਾਈਆਂ ਜਾ ਰਹੀਆਂ ਹਨ, ਜਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ।

ਵੇਖੋ ਚਿੱਠੀ-

Image

Image