‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਬੇਅਦਬੀ ਮਾਮਲੇ ‘ਤੇ ਬਣੀ ਨਵੀਂ ਐੱਸਆਈਟੀ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ‘ਅਸੀਂ ਚਾਹੁੰਦੇ ਹਾਂ ਕਿ ਬੇਅਦਬੀ ਦਾ ਇਨਸਾਫ ਮਿਲੇ। ਹਾਈਕੋਰਟ ਦੀ ਝਾੜ ਤੋਂ ਬਾਅਦ ਇਹ ਜੋ ਐੱਸਆਈਟੀ ਬਣੀ ਹੈ, ਇਸਦਾ ਅਸੀਂ ਹਰ ਪੱਖ ਤੋਂ ਸਹਿਯੋਗ ਦਿੱਤਾ ਹੈ। ਪਰ ਜਿਸ ਤਰ੍ਹਾਂ ਦੇ ਬਿਆਨ ਸੁਨੀਲ ਜਾਖੜ ਦੇ ਆਏ ਹਨ ਕਿ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਦਿੱਤਾ ਹੈ ਕਿ ਬਾਦਲਾਂ ਨੂੰ ਇਨ੍ਹਾਂ ਘਟਨਾਵਾਂ ਵਿੱਚ ਕਿਵੇਂ ਫਰੇਮ ਕਰਨਾ ਹੈ, ਉਸ ਤੋਂ ਇਹੀ ਸਾਬਿਤ ਹੁੰਦਾ ਹੈ ਕਿ ਗਾਂਧੀ ਪਰਿਵਾਰ ਤੋਂ ਲੈ ਕੇ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਸਿਰਫ ਇੱਕੋ ਹੀ ਮਨਸੂਬਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਵਿੱਚ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਸਾਇਆ ਜਾਵੇ’।
ਉਨ੍ਹਾਂ ਕਿਹਾ ਕਿ ‘ਜੋ ਪਹਿਲੀ ਐੱਸਆਈਟੀ ਬਣੀ ਸੀ, ਜਿਸ ਵਿੱਚ ਏਡੀਜੀਪੀ ਪ੍ਰਬੋਧ ਕੁਮਾਰ ਤੇ ਚਾਰ ਹੋਰ ਮੈਂਬਰ ਸੀ, ਜਿਨ੍ਹਾਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਸੀ। ਉਦੋਂ ਚਾਰ ਮੈਂਬਰਾਂ ਨੂੰ ਪਿੱਛੇ ਹਟਾਇਆ ਗਿਆ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹੀ ਸਾਰੀ ਜਾਂਚ ਕੀਤੀ। ਜਾਂਚ ਵਿੱਚ ਜੋ 14 ਅਕਤੂਬਰ 2015 ਨੂੰ ਪੁਲਿਸ ਵੱਲੋਂ ਇੱਕ ਐੱਫਆਈਆਰ ਦਰਜ ਕੀਤੀ ਗਈ ਸੀ, ਉਸਦੀ ਕਿਸੇ ਵੀ ਪੱਖ ਤੋਂ ਜਾਂਚ ਨਹੀਂ ਕੀਤੀ ਗਈ ਸੀ। ਇਸ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਨੇ ਬਾਕਾਇਦਾ ਕਿਹਾ ਸੀ ਕਿ ਉਸ ਐੱਫਆਈਆਰ ਦੀ ਵੀ ਹਰੇਕ ਪੱਖ ਤੋਂ ਜਾਂਚ ਕੀਤੀ ਜਾਵੇ’।