Punjab

ਅਕਾਲੀ ਦੇ ਵਫ਼ਦ ਨੂੰ ਰਾਜੋਆਣਾ ਨਾਲ ਮਿਲਣ ਦੀ ਇਜਾਜ਼ਤ ਨਹੀਂ ਮਿਲੀ !

ਬਿਉਰੋ ਰਿਪੋਰਟ : ਬਲਵੰਤ ਸਿੰਘ ਰਾਜੋਆਣਾ ਦੀ 5 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਭੁੱਖ ਹੜਤਾਲ ਰੁਕਵਾਉਣ ਲਈ ਪਹੁੰਚੇ ਅਕਾਲੀ ਦਲ ਦੇ 2 ਮੈਂਬਰੀ ਵਫਦ ਨੂੰ ਜੇਲ੍ਹ ਵਿੱਚ ਮਿਲਣ ਨਹੀਂ ਦਿੱਤਾ ਗਿਆ । ਬਿਕਰਮ ਸਿੰਘ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਨੇ ਇਲਜ਼ਾਮ ਲਗਾਇਆ ਕਿ ਸਾਨੂੰ ADGP ਜੇਲ ਨੇ 4 ਦਸੰਬਰ ਨੂੰ ਮਿਲਣ ਦੀ ਇਜਾਜ਼ਤ ਦਿੱਤਾ ਸੀ । ਇਸ ਦੇ ਬਾਵਜੂਦ ਜਦੋਂ ਅਸੀਂ ਪਟਿਆਲਾ ਜੇਲ੍ਹ ਪਹੁੰਚੇ ਤਾਂ ਸਾਨੂੰ ਡਿਪਟੀ ਸੁਪਰੀਟੈਂਡੈਂਟ ਨੇ ਕਿਹਾ ਤੁਸੀਂ ਅੱਜ ਨਹੀਂ ਮਿਲ ਸਕਦੇ ਹੋ ਅਸੀਂ ਪੁੱਛਿਆ ਫਿਰ ਕਦੋਂ ਮਿਲ ਸਕਦੇ ਹਾਂ ਤਾਂ ਫਿਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ।

ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿਤਾਵਨੀ ਦਿੱਤੀ ਜੇਕਰ ਬਲਵੰਤ ਸਿੰਘ ਰਾਜੋਆਣਾ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਅਤੇ ਜੇਕਰ ਉਨ੍ਹਾਂ ਦੀ ਸਿਹਤ ਵਿਗੜੀ ਤਾਂ ਇਸ ਦੇ ਲਈ ਉਹ ਆਪ ਜ਼ਿੰਮੇਵਾਰ ਹੋਣਗੇ। ਮਜੀਠੀਆ ਨੇ ਕਿਹਾ ਰਾਜੋਆਣਾ ਦਾ ਮਾਮਲਾ ਸਿੱਖ ਕੌਮ ਦੀ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ।

ਸਿਰਫ਼ ਇੰਨਾ ਹੀ ਨਹੀਂ ਮਜੀਠੀਆ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਜਦੋਂ ਡਿਪਟੀ ਜੇਲ੍ਹ ਸੁਪਰੀਟੈਂਡੈਂਟ ਸਾਡੇ ਨਾਲ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਫੋਨ ਆ ਰਿਹਾ ਸੀ । ਹੁਣ ਇਹ ਫ਼ੋਨ ਕਿਸ ਦਾ ਸੀ ਇਹ ਸਮਝਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਮੇਰੇ ਵੱਲੋਂ 2 ਦਿਨ ਪਹਿਲਾਂ ਕੀਤੀ ਪ੍ਰੈੱਸ ਕਾਨਫ਼ਰੰਸ ਦੀ ਵਜ੍ਹਾ ਕਰਕੇ ਲੱਗ ਦਾ ਹੈ ਮੁੱਖ ਮੰਤਰੀ ਨੇ ਮੈਨੂੰ ਮਿਲਣ ਨਹੀਂ ਦਿੱਤਾ। ਫਿਰ ਮਜੀਠੀਆ ਮੁੱਖ ਭਗਵੰਤ ਮਾਨ ਨੂੰ ਚੁਨੌਤੀ ਦਿੰਦੇ ਹੋਏ ਕਿ ਜੇਕਰ ਦਮ ਹੈ ਤਾਂ ਭਗਵੰਤ ਮਾਨ ਆਪ ਆਕੇ ਦੱਸਣ ਕੀ ਕਿਉਂ ਨਹੀਂ ਮਿਲਣ ਦੀ ਇਜਾਜ਼ਤ ਦਿੱਤੀ ਗਈ । ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਹੁਣ ਅਸੀਂ ਆਪਣੀ ਲੀਗਲ ਟੀਮ ਨਾਲ ਮਿਲਕੇ ਅਗਲੀ ਰਣਨੀਤੀ ਤਿਆਰ ਕਰਾਂਗੇ ।

ਉਧਰ ਵਫਦ ਦੇ ਦੂਜੇ ਮੈਂਬਰ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ ਅਸੀਂ ਡਿਪਟੀ ਸੁਪਰੀਟੈਂਡੈਂਟ ਨੂੰ ਕਿਹਾ ਜਿਹੜੀ ਇਜਾਜ਼ਤ SGPC ਨੂੰ ਰਾਜੋਆਣਾ ਨਾਲ ਮੁਲਾਕਾਤ ਦੇ ਲਈ ਮਿਲੀ ਸੀ ਉਹ ਹੀ ਸਾਨੂੰ ਮਿਲੀ ਹੈ ਫਿਰ ਸਾਨੂੰ ਕਿਉਂ ਨਹੀਂ ਮਿਲਣ ਦਿੱਤਾ ਜਾ ਰਿਹਾ ਹੈ । ਤੁਸੀਂ ਸਾਡੀ ਇਜਾਜ਼ਤ ਰੱਦ ਕਰ ਦਿਉ ਜਾਂ ਇਹ ਕਹਿ ਦਿਉ ਕਿ ਮੁੱਖ ਮੰਤਰੀ ਸਾਹਿਬ ਦੇ ਹੁਕਮ ਆ ਗਏ ਹਨ ਇਸ ਲਈ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ । ਵਲਟੋਹਾ ਨੇ ਕਿਹਾ ਆਮ ਆਦਮੀ ਪਾਰਟੀ ਬੰਦੀ ਸਿੰਘਾਂ ਦੀ ਰਿਹਾਈ ਦੀ ਦੁਸ਼ਮਣ ਹੈ ਇਸੇ ਲਈ ਰਾਜੋਆਣਾ ਵਾਂਗ ਦਵਿੰਦਰ ਪਾਲ ਸਿੰਘ ਭੁੱਲਰ ਦੇ ਮਾਮਲੇ ਵਿੱਚ ਵੀ ਦਿੱਲੀ ਵਿੱਚ ਅਜਿਹਾ ਹੀ ਕਰ ਰਹੇ ਹਨ । ਉਨ੍ਹਾਂ ਦੀ ਰਿਹਾਈ ਦੇ ਲਈ ਕਮੇਟੀ ਦੀ ਮੀਟਿੰਗ ਨਹੀਂ ਬੁਲਾਈ ਜਾ ਰਹੀ ਹੈ । ਵਲਟੋਹਾ ਨੇ ਜੇਲ੍ਹ ਦੇ ਬਾਹਰੋਂ ਵੀ ਬਲਵੰਤ ਸਿੰਘ ਰਾਜੋਆਣਾ ਨੂੰ ਅਪੀਲ ਕੀਤੀ ਕਿ ਤੁਸੀਂ ਕੌਮ ਦੀ ਸਤਿਕਾਰ ਯੋਗ ਸ਼ਖ਼ਸੀਅਤ ਹੋ, ਸਰਕਾਰਾਂ ਦੀ ਚਾਲਾ ਵਿੱਚ ਆਕੇ ਤੁਸੀਂ ਭੁੱਖ ਹੜਤਾਲ ਵਰਗਾ ਕਦਮ ਨਾ ਚੁੱਕੋ,ਅਸੀਂ ਤੁਹਾਡੀ ਰਿਹਾਈ ਦੇ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ,ਜੇਕਰ ਫਿਰ ਵੀ ਕੋਈ ਨਤੀਜਾ ਨਹੀਂ ਨਿਕਲ ਦਾ ਹੈ ਤਾਂ ਅਸੀਂ ਤੁਹਾਡੇ ਨਾਲ ਜੇਲ੍ਹ ਦੇ ਬਾਹਰ ਭੁੱਖ ਹੜਤਾਲ ‘ਤੇ ਬੈਠ ਜਾਵਾਂਗੇ।