Punjab

ਅਕਾਲੀ ਦਲ ਨੇ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੀ ਮੈਂਬਰਸ਼ਿਪ ਕੀਤੀ ਰੱਦ

ਬਿਉਰੋ ਰਿਪੋਰਟ – ਅਕਾਲੀ ਦਲ ਨੇ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਬੀਤੇ ਦਿਨ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਸਰਪ੍ਰਸਤ ਹੋਣ ਦੇ ਨਾਤੇ ਬਾਗ਼ੀਆਂ ਨੂੰ ਪਾਰਟੀ ਤੋਂ ਬਾਹਰ ਕੱਢਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਪਾਰਟੀ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਜਿਸ ਸ਼ਖਸ ਨੂੰ ਕਿਸੇ ਨੂੰ ਅਹੁਦਾ ਦੇਣ ਦਾ ਅਧਿਕਾਰ ਨਹੀਂ ਹੈ ਉਹ ਹਟਾ ਕਿਵੇਂ ਸਕਦਾ ਹੈ। ਤੁਸੀਂ ਕਹਿੰਦੇ ਹੋ ਅਸੀਂ ਡੈਲੀਗੇਟ ਬੁਲਾਉਣਾ ਹੈ ਬੁਲਾ ਕੇ ਵੇਖ ਲਿਓ 99 ਫੀਸਦੀ ਸਾਡੇ ਨਾਲ ਹੋਣਗੇ। ਅਸੀਂ ਢੀਂਡਸਾ ਸਾਬ੍ਹ ਨੂੰ ਮਾਨ ਸਤਿਕਾਰ ਦੇ ਲਈ ਸਰਪ੍ਰਸਤ ਦਾ ਅਹੁਦਾ ਦਿੱਤਾ ਸੀ ਤਾਂਕੀ ਤੁਸੀਂ ਇਸ ਨੂੰ ਪਾਰਟੀ ਦੇ ਲਈ ਵਰਤੋ ਪਰ ਤੁਸੀਂ ਇਸ ਨੂੰ ਪਾਰਟੀ ਵਿਰੋਧੀ ਸ਼ਕਤੀਆਂ ਦੇ ਮੋਹਰੇ ਬਣ ਗਏ।

ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਢੀਂਡਸਾ ਨੂੰ ਪੁੱਛਿਆ ਕਿ ਤੁਸੀਂ ਕਹਿੰਦੇ ਹੋ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਸੀਂ ਹਾਰੇ ਹਾਂ ਪਰ ਜਦੋਂ ਤੁਸੀਂ 5 ਮਾਰਚ 2024 ਨੂੰ ਸ਼ਾਮਲ ਹੋਏ ਅਤੇ ਹੁਣ 31 ਜੁਲਾਈ ਤੱਕ ਕੀ ਹਾਲਾਤ ਬਦਲੇ? ਜੇਕਰ ਸੁਖਬੀਰ ਸਿੰਘ ਬਾਦਲ ਕਮਜ਼ੋਰ ਪ੍ਰਧਾਨ ਸਨ ਤਾਂ ਤੁਹਾਡੀ ਕੀ ਮਜ਼ਬੂਰੀ ਸੀ ਪਾਰਟੀ ਵਿੱਚ ਮੁੜ ਤੋਂ ਸ਼ਾਮਲ ਹੋਣ ਦੀ?

ਗਰੇਵਾਲ ਨੇ ਕਿਹਾ ਸੁਖਦੇਵ ਸਿੰਘ ਢੀਂਡਸਾ ਨੇ ਸ਼ਾਮਲ ਹੋਣ ਵੇਲੇ ਇਹ ਵੀ ਕਿਹਾ ਸੀ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ 2015 ਦੀ ਬੇਅਦਬੀ ਲਈ ਮੁਆਫ਼ੀ ਮੰਗ ਲਈ ਹੈ ਤਾਂ ਸਾਡੀ ਮੰਗ ਪੂਰੀ ਹੋ ਗਈ ਹੈ। ਤੁਸੀਂ ਕਹਿੰਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਪ੍ਰਧਾਨ ਬਣੇ ਤਾਂ ਇਹ ਪਰਿਵਾਰਵਾਦ ਹੈ ਤੁਸੀਂ ਆਪਣੇ ਪੁੱਤਰ ਦੀ ਟਿਕਟ ਪਿੱਛੇ ਪਾਰਟੀ ਨੂੰ ਤੋੜੋ ਤਾਂ ਇਹ ਪੰਥਕ ਕਿਵੇਂ ਹੋ ਸਕਦਾ ਹੈ?

ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਇਲਜ਼ਾਮ ਲਗਾਇਆ ਕਿ ਪ੍ਰਦੀਪ ਕਲੇਰ ਨੂੰ ਬਾਗੀ ਗੁੱਟ ਨੇ ਛੱਡਿਆ ਹੈ ਜੋ ਰਟੀ-ਰਟਾਈ ਬੋਲੀ ਬੋਲ ਰਿਹਾ ਹੈ। ਜਿਸ ਸ਼ਖਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਸ ਨੂੰ ਅੱਗੇ ਕਰ ਰਹੇ ਹੋ। ਗਰੇਵਾਲ ਨੇ ਕਿਹਾ ਜਦੋਂ 2017 ਦੀਆਂ ਚੋਣਾਂ ਹੋਈਆਂ ਸਨ ਤਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਡੇਰੇ ਦੀ ਹਮਾਇਤ ਲੈਣ ਦੇ ਲਈ ਤਲਬ ਕੀਤਾ ਗਿਆ ਸੀ।

ਅਕਾਲੀ ਦਲ ਦੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਚੰਦੂਮਾਜਰਾ ਤੇ ਵੀ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਪਟਿਆਲਾ ਤੋਂ ਚੋਣ ਜਿੱਤਣ ਦੇ ਲਈ ਪ੍ਰੇਮ ਸਿੰਘ ਚੰਦੂਮਾਜਰਾ ਨਿਰੰਕਾਰੀ ਡੇਰੇ ਗਏ ਸਨ, ਪਰ ਸਜ਼ਾ ਗੁਰਚਰਨ ਸਿੰਘ ਟੋਹੜਾ ਨੂੰ ਦਵਾ ਦਿੱਤੀ। 1986 ਵਿੱਚ ਬਰਨਾਲਾ ਸਰਕਾਰ ਵਿੱਚ ਆਪਰੇਸ਼ਨਸ ਬਲੈਕ ਥੰਡਰ ਦੌਰਾਨ ਕੈਬਨਿਟ ਵਿੱਚ ਮੰਤਰੀ ਰਹੇ, ਪਰ ਸਜ਼ਾ ਸੁਰਜੀਤ ਸਿੰਘ ਬਰਨਾਲਾ ਨੂੰ ਮਿਲੀ ਤੇ ਆਪ ਪਿੱਛੇ ਹੋ ਗਏ। ਉਸ ਦੀ ਮੁਆਫ਼ੀ ਕੌਣ ਮੰਗੇਗਾ?

ਸੁਣੋ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ –