Punjab

ਜਲੰਧਰ ਵੈਸਟ ਦੀ ਜ਼ਿਮਨੀ ਚੋਣ ਲਈ ਅਕਾਲੀ ਦਲ ਵੱਲੋਂ ਉਮੀਦਵਾਰ ਦਾ ਐਲਾਨ! ਟਕਸਾਲੀ ਆਗੂ ਦੀ ਪਤਨੀ ਨੂੰ ਦਿੱਤਾ ਮੌਕਾ

ਬਿਉਰੋ ਰਿਪੋਰਟ – ਜਲੰਧਰ ਵੈਸਟ ਜ਼ਿਮਨੀ ਚੋਣ ਲਈ ਅਕਾਲੀ ਦਲ ਨੇ ਸਭ ਤੋਂ ਅਖੀਰ ਵਿੱਚ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਤੋਂ ਬਾਅਦ ਅਕਾਲੀ ਦਲ ਨੇ ਵੀ ਮਹਿਲਾ ਉਮੀਦਵਾਰ ’ਤੇ ਦਾਅ ਖੇਡਿਆ ਹੈ। ਬੀਬੀ ਸੁਰਜੀਤ ਕੌਰ ਅਕਾਲੀ ਦਲ ਦੀ ਉਮੀਦਵਾਰ ਹੋਵੇਗੀ। ਉਹ 2 ਵਾਰ ਕੌਂਸਲਰ ਰਹਿ ਚੁੱਕੇ ਹਨ, ਉਨ੍ਹਾਂ ਦੇ ਪਤੀ ਜਥੇਦਾਰ ਪ੍ਰਿਤਪਾਲ ਸਿੰਘ ਜਲੰਧਰ ਤੋਂ ਅਕਾਲੀ ਦਲ ਦੇ ਵੱਡੇ ਆਗੂ ਸਨ।

ਬੀਬੀ ਜਗੀਰ ਕੌਰ ਅਧੀਨ ਬਣੀ ਕਮੇਟੀ ਨੇ ਸਾਰੇ ਨਾਵਾਂ ’ਤੇ ਵਿਚਾਰ ਕਰਨ ਤੋਂ ਬਾਅਦ ਬੀਬੀ ਸੁਰਜੀਤ ਕੌਰ ਨੂੰ ਉਮੀਦਵਾਰ ਚੁਣਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਸੁਰਜੀਤ ਕੌਰ ਪੰਥਕ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਜਥੇਦਾਰ ਪ੍ਰਿਤਪਾਲ ਸਿੰਘ ਆਪ ਵੀ ਕੌਂਸਲਰ ਰਹੇ ਹਨ ਤੇ ਉਨ੍ਹਾਂ ਦੀ ਪਤਨੀ ਸਮਾਜ ਸੇਵੀ ਹੈ। ਮੈਨੂੰ ਉਮੀਦਵਾਰ ਹੈ ਲੋਕ ਉਨ੍ਹਾਂ ਦੇ ਕੀਤੇ ਕੰਮਾਂ ਨੂੰ ਵੇਖਦੇ ਹੋਏ ਜਿਤਾਉਣਗੇ।

ਜਾਣਕਾਰੀ ਮੁਤਾਬਕ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਉਮੀਦਵਾਰ ਦੀ ਚੋਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ, ਮਹਿੰਦਰ ਸਿੰਘ ਕੇ.ਪੀ, ਗੁਰਪ੍ਰਤਾਪ ਵਡਾਲਾ ਅਤੇ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਅਧੀਨ ਕਮੇਟੀ ਦਾ ਗਠਨ ਕੀਤਾ ਸੀ।

ਜਲੰਧਰ ਵੈਸਟ ਜ਼ਿਮਨੀ ਚੋਣ ਵਿੱਚ ਹੁਣ ਸਾਰੀਆਂ ਹੀ ਪਾਰਟੀਆਂ ਨੇ ਉਮੀਦਵਾਰ ਐਲਾਨ ਦਿੱਤੇ ਹਨ। ਬੀਜੇਪੀ ਦੇ ਵੱਲੋਂ ਸ਼ੀਤਲ ਅੰਗੁਰਾਲ ਦਾਅਵੇਦਾਰੀ ਪੇਸ਼ ਕਰ ਰਹੇ ਹਨ ਤਾਂ ਆਮ ਆਦਮੀ ਵੱਲੋਂ ਮੋਹਿੰਦਰ ਭਗਤ ਮੈਦਾਨ ਵਿੱਚ ਹਨ। ਕਾਂਗਰਸ ਨੇ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ‘ਤੇ ਦਾਅ ਖੇਡਿਆ ਹੈ ਜਦਕਿ BSP ਨੇ 25 ਸਾਲ ਤੋਂ ਪਾਰਟੀ ਨਾਲ ਜੁੜੇ ਬਿੰਦਰ ਲਾਖਾ ਦਾ ਨਾਂ ਉਮੀਦਵਾਰੀ ਲਈ ਅੱਗੇ ਕੀਤਾ ਹੈ।

ਇਹ ਵੀ ਪੜ੍ਹੋ – ਸ਼ੀਤਲ ਅੰਗੁਰਾਲ ਨੇ ਜਲੰਧਰ ਜ਼ਿਮਨੀ ਚੋਣ ਲਈ ਭਰੀ ਨਾਮਜ਼ਦਗੀ, ਪਹਿਲਾਂ ਕੱਢਿਆ ਰੋਡ ਸ਼ੋਅ