ਅੰਮ੍ਰਿਤਸਰ : ਅੱਜ ਸ੍ਰੀ ਅਕਾਲ ਤਖਤ ਸਾਹਿਬ ( Sri Akal Takht Sahib ) ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਸਾਬਕਾ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ। ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਜਥੇਦਾਰ ਸੁੱਚਾ ਸਿੰਘ ਲੰਗਾਹ ( Sucha Singh Langah )ਨੂੰ 21 ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਰਤਨ ਸਾਫ ਕਰਨ, 21 ਦਿਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬੈਠ ਕੇ ਪਾਠ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਢਾਡੀ ਸਿੰਘਾਂ ਨੂੰ 21 ਦਿਨ 5100 ਰੁਪਏ ਭੇਟਾ ਕਰਨ ਦੀ ਸਜ਼ਾ ਸੁਣਾਈ ਗਈ ਹੈ।
ਇਸ ਤੋਂ ਇਲਾਵਾ ਸੁੱਚਾ ਸਿੰਘ ਲੰਗਾਹ ਹੁਣ 5 ਸਾਲ ਤੱਕ ਕਿਸੇ ਵੀ ਗੁਰਦੁਆਰਾ ਕਮੇਟੀ ਦੇ ਮੈਂਬਰ ਨਹੀਂ ਬਣ ਸਕਣਗੇ। ਗੁਰਬਾਣੀ ਵਿੱਚ ਲਗਾਂ ਮਾਤਰਾ ਨਾਲ ਛੇੜਛਾੜ ਦੇ ਮਾਮਲੇ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਇਕੱਤਰਤਾ ਕਰਕੇ ਦੋਸ਼ੀਆਂ ਨੂੰ ਸਜ਼ਾ ਲਾਈ ਗਈ ਹੈ। ਸਿੰਘ ਸਾਹਿਬਾਨ ਵੱਲੋਂ ਪਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਨੂੰ ਸਿੱਖ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਹੈ।
ਇਸਦੇ ਨਾਲ ਹੀ ਥਮਿੰਦਰ ਸਿੰਘ ਦੇ 2 ਸਾਥੀਆਂ ਰਾਜਵੰਤ ਸਿੰਘ ਅਤੇ ਭਜਨੀਕ ਸਿੰਘ ਨੂੰ ਧਾਰਮਿਕ ਤਨਖਾਹ ਦੀ ਸਜ਼ਾ ਲਾਈ ਗਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਡੱਬੇ ਵਿੱਚ ਬੰਦ ਰੱਖਣ ਵਾਲੇ ਥਮਿੰਦਰ ਸਿੰਘ ਦੇ 2 ਸਾਥੀਆਂ ਰਾਜਵੰਤ ਸਿੰਘ ਨੂੰ 11 ਦਿਨ ਜੋੜੇ ਸਾਫ ਕਰਨ, ਕੀਰਤਨ ਸੁਣਨ, ਇੱਕ ਸਹਿਜ ਪਾਠ ਖੁਦ ਕਰਨ ਅਤੇ ਸਵਾ ਸੌ ਡਾਲਰ ਗੋਲਕ ਵਿੱਚ ਪਾਉਣ ਦੀ ਸਜ਼ਾ, ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾ ਕੇ ਲਿਖਤੀ ਤੌਰ ਉੱਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦੇ ਹੁਕਮ ਹੋਏ ਹਨ।
ਭਜਨੀਤ ਸਿੰਘ ਨੂੰ 1 ਹਫ਼ਤਾ 1 ਘੰਟਾ ਜੋੜਾ ਸਾਫ ਕਰਨ ਅਤੇ 125 ਡਾਲਰ ਚੜਾਵੇ ਦੇ ਹੁਕਮ ਜਾਰੀ ਕੀਤੇ ਹਨ।
ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਵੰਤ ਸਿੰਘ, ਭਜਨੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਕ ਡੱਬੇ ਵਿੱਚ ਬੰਦ ਰੱਖੇ ਸਨ, ਰਾਜਵੰਤ ਅਤੇ ਭਜਨੀਤ ਸਿੰਘ ਨੇ ਇੱਥੇ ਆ ਕੇ ਮੁਆਫੀ ਮੰਗੀ ਹੈ।