ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੀ ਮੁਆਫੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰੱਦ ਕਰ ਦਿੱਤੀ ਹੈ । ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਦਾ ਕਹਿਣਾ ਹੈ ਕਿ ਇਸ ਵਿਵਾਦ ਸਬੰਧੀ ਉਨ੍ਹਾਂ ਨੂੰ ਕਾਫੀ ਸ਼ਿਕਾਇਤਾਂ ਮਿਲੀਆਂ ਸਨ। ਇਸ ਲਈ ਸਕੱਤਰੇਤ ਨੇ ਸੋਸ਼ਲ ਮੀਡੀਆ ‘ਤੇ ਅੰਮ੍ਰਿਤਾ ਵੜਿੰਗ ਦੀ ਮੁਆਫ਼ੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਅੰਮ੍ਰਿਤਾ ਵੜਿੰਗ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਗ੍ਰਿਫਤਾਰੀ ਦੀ ਮੰਗ ਕੀਤੀ ।
ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਦੇ ਇੱਕ ਅਧਿਕਾਰੀ ਨੇ ਕਿਹਾ ਅੰਮ੍ਰਿਤਾ ਵੜਿੰਗ ਨੂੰ ਲਿਖਤੀ ਮੁਆਫੀ ਅਤੇ ਸਪੱਸ਼ਟੀਕਰਨ ਜਮ੍ਹਾਂ ਕਰਾਉਣਾ ਪਵੇਗਾ। ਇਸ ਤੋਂ ਬਾਅਦ ਹੀ ਜਥੇਦਾਰ ਸਾਹਿਬ ਅਗਲੀ ਕਾਰਵਾਈ ਕਰਨਗੇ । ਇਸ ਦੌਰਾਨ ਜਦੋਂ ਅੰਮ੍ਰਿਤਾ ਵੜਿੰਗ ਦਾ ਬਿਆਨ ਸ੍ਰੀ ਅਕਾਲ ਤਖ਼ਤ ਪਹੁੰਚਿਆ ਸੀ ਤਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਦਾ ਸਖਤ ਨੋਟਿਸ ਲੈਂਦੇ ਹੋਏ ਅੰਮ੍ਰਿਤਾ ਵੜਿੰਗ ਨੂੰ ਮੁਆਫੀ ਮੰਗਣ ਲਈ ਕਿਹਾ ਸੀ ਅਤੇ ਕਾਂਗਰਕ ਦੇ ਪੰਜੇ ਨੂੰ ਸਿੱਖਾਂ ਦਾ ਵਿਰੋਧੀ ਦੱਸਿਆ ਸੀ । ਇਸ ਦੇ ਨਾਲ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਸੁਚੇਤ ਕੀਤਾ ਹੈ ਕਿ ਉਹ ਆਪਣੇ ਸਿਆਸੀ ਮੰਤਵਾਂ ਲਈ ਗੁਰੂ ਸਾਹਿਬਾਨ ਅਤੇ ਧਾਰਮਿਕ ਚਿੰਨ੍ਹਾਂ ਦਾ ਜ਼ਿਕਰ ਕਰਨ ਤੋਂ ਗੁਰੇਜ਼ ਕਰਨ।
ਅੰਮ੍ਰਿਤਾ ਵੜਿੰਗ ਨੇ ਮੁਆਫੀ ਮੰਗੀ
ਸ੍ਰੀ ਅਕਾਲ ਤਖਤ ਸਾਹਿਬ ਦੀ ਸਖਤ ਟਿਪਣੀ ਤੋਂ ਬਾਅਦ ਅੰਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਜਾਰੀ ਕਰਦੇ ਹੋਏ ਕਿਹਾ ਸੀ “ਸਭ ਤੋਂ ਪਹਿਲਾਂ ਮੈਂ ਦੋਵੇਂ ਹੱਥ ਜੋੜ ਕੇ ਉਹਨਾਂ ਸਭ ਤੋਂ ਮੁਆਫ਼ੀ ਮੰਗਣੀ ਚਾਹੁੰਦੀ ਹਾਂ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਮੇਰੇ ਅਣਜਾਣੇ ਵਿੱਚ ਬੋਲੇ ਗਏ ਬਿਆਨ ਤੋਂ ਠੇਸ ਪਹੁੰਚੀ ਹੈ। ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਹ ਵਾਹਿਗੁਰੂ ਅਤੇ ਸੰਗਤ ਬਖਸ਼ਣਹਾਰ ਹੈ ਮੈਂ ਆਪ ਸਭ ਜੀ ਪਾਸੋਂ ਮੁਆਫ਼ੀ ਮੰਗਦੀ ਹਾਂ।” ਅੰਮ੍ਰਿਤਾਾ ਵੜਿੰਗ ਦੇ ਪਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪਤਨੀ ਦੇ ਬਿਆਨ ਤੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਕਈ ਵਾਰ ਕੋਈ ਸ਼ਖਸ ਬੋਲਣਾ ਕੁਝ ਹੋ ਜਾਂਦਾ ਹੈ ਪਰ ਸਮਝਿਆ ਕੁਝ ਹੋ ਜਾਂਦਾ ਹੈ,ਮੇਰੀ ਪਤਨੀ ਨੇ ਆਪਣੇ ਬਿਆਨ ਦੇ ਲਈ ਮੁਆਫੀ ਮੰਗ ਲਈ ਹੈ ।
ਅੰਮ੍ਰਿਤਾ ਵੜਿੰਗ ਦਾ ਵਿਵਾਦਿਤ ਬਿਆਨ
ਦਰਅਸਲ ਬਠਿੰਡਾ ਲੋਕਸਭਾ ਸੀਟ ‘ਤੇ ਪ੍ਰਚਾਰ ਦੌਰਾਨ ਅੰਮ੍ਰਿਤਾ ਵੜਿੰਗ ਨੇ ਕਾਂਗਰਸ ਦੇ ਪੰਜੇ ਦੇ ਚੋਣ ਨਿਸ਼ਾਨ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਨਾਲ ਜੋੜ ਕੇ ਤੁਲਨਾ ਕਰ ਦਿੱਤੀ ਸੀ ਜਿਸ ਤੋਂ ਬਾਅਦ ਵਿਵਾਦ ਭਖ ਗਿਆ ਤੇ ਚੁਫ਼ੇਰੇ ਉਨ੍ਹਾਂ ਦੀ ਖ਼ਿਲਾਫ਼ਤ ਹੋਣ ਲੱਗੀ। ਇਸ ’ਤੇ ਉਨ੍ਹਾਂ ਕੱਲ੍ਹ ਵੀਡੀਓ ਪਾ ਕੇ ਇਸ ਨੂੰ ‘ਜਾਣੇ-ਅਨਜਾਣੇ’ ਵਿੱਚ ਹੋਈ ਗ਼ਲਤੀ ਕਹਿ ਕਿ ਮੁਆਫ਼ੀ ਮੰਗੀ ਸੀ।