ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨਾਂ ਵੱਲੋਂ ਹੋਏ ਹੁਕਮਾਂ ਅਨੁਸਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਸੋਹਣ ਸਿੰਘ ਠੰਡਲ ਤੋਂ ਬਾਅਦ ਹੁਣ ਬੀਬੀ ਜਗੀਰ ਕੌਰ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਉਹ ਸਿਰਫ 16 ਦਿਨ ਦੇ ਲਈ ਮੰਤਰੀ ਬਣੇ ਸਨ ਅਤਕੇ ਇੰਨ੍ਹਾਂ ਦਿਨਾਂ ਦੇ ਵਿੱਚ ਕੋਈ ਅਜਿਹਾ ਮਾਮਲੇ ਉਨ੍ਹਾਂ ਦੇ ਕੋਲ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਪੰਜ ਸਿੰਘ ਸਹਿਬਾਨਾਂ ਨੇ ਇਸ ਮਾਮਲੇ ‘ਤੇ ਮਿਲ ਕੇ ਰਾਇ ਕਰਨੀ ਹੈ ਕਿ ਕਿਸ ’ਤੇ ਕਿੰਨਾ ਦੋਸ਼ ਹੈ ਅਤੇ ਕਿਸ ਨੇ ਕੀ ਕੀਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਫੈਸਲਾ ਸੁਣਾਇਆ ਜਾਵੇਗਾ ਉਹ ਉਨ੍ਹਾਂ ਨੂੰ ਪ੍ਰਵਾਨ ਹੋਵੋਗਾ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ 14 ਤੋਂ 30 ਮਾਰਚ 2012 ਤੱਕ ਹੀ ਮੰਤਰੀ ਰਹੀ। 16 ਦਿਨਾਂ ਵਿੱਚ ਚੱਲ ਰਹੇ ਕੇਸਾਂ ਸਬੰਧੀ ਨਾ ਤਾਂ ਕੋਈ ਫੈਸਲਾ ਹੋਇਆ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ। ਜਿਸ ਕਾਰਨ ਮੇਰੀ ਕੋਈ ਸ਼ਮੂਲੀਅਤ ਨਹੀਂ ਹੈ। ਉਸ ਸਮੇਂ ਦੌਰਾਨ ਨਾ ਤਾਂ ਉਨ੍ਹਾਂ ਦੀ ਸਲਾਹ ਲਈ ਗਈ ਅਤੇ ਨਾ ਹੀ ਉਨ੍ਹਾਂ ਨੇ ਵਿਧਾਇਕ ਵਜੋਂ ਜਾਂ ਪਾਰਟੀ ਆਗੂ ਵਜੋਂ ਸਰਕਾਰ ਵਿੱਚ ਕੋਈ ਯੋਗਦਾਨ ਪਾਇਆ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਸੇਵਕ ਵਜੋਂ ਉਹ ਆਪਣੀ ਆਵਾਜ਼ ਬੁਲੰਦ ਕਰਦੇ ਰਹੇ। ਪਰ ਬਾਦਲ ਪਰਿਵਾਰ ਦੀ ਮਜ਼ਬੂਤ ਪਕੜ ਕਾਰਨ ਉਸ ਦੀਆਂ ਕੋਸ਼ਿਸ਼ਾਂ ਨੂੰ ਪਾਰਟੀ ਵਿਰੋਧੀ ਭੂਮਿਕਾ ਵਜੋਂ ਦਰਜ ਕੀਤਾ ਗਿਆ। ਨਤੀਜੇ ਵਜੋਂ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਹੈ ਕਿ ਜਿੰਨੀ ਦੇਰ ਤੱਕ ਫੈਸਲਾ ਨਹੀਂ ਆ ਜਾਂਦਾ ਉਨੀ ਦੇਰ ਤੱਕ ਉਹ ਕੋਈ ਵੀ ਸਿਆਸੀ ਟਿੱਪਣੀ ਨਾ ਕਰਨ।
ਦੱਸ ਦਈਏ ਕਿ 30 ਅਗਸਤ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ ਅਤੇ 2007 ਤੋਂ 2017 ਤੱਕ ਅਕਾਲੀ ਦਲ ਦੀ ਸਰਕਾਰ ਵਿੱਚ ਸਿੱਖ ਮੰਤਰੀਆਂ ਨੂੰ ਤਲਬ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅਗਲੇ ਦਿਨ 31 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਿਖਿਤ ਪੱਤਰ ਦੇ ਰਾਹੀਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਮਣੇ ਪੇਸ਼ ਹੋਏ ਅਤੇ ਬੇਨਤੀ ਕੀਤੀ ਕਿ ਉਹ ਜਲਦ ਤੋਂ ਜਲਦ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾਕੇ ਜੋ ਆਦੇਸ਼ ਜਾਰੀ ਕਰਨਗੇ ਉਹ ਕਬੂਲ ਹੋਵੇਗਾ । ਉਨ੍ਹਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ,ਦਲਜੀਤ ਸਿੰਘ ਚੀਮਾ,ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਵੀ ਸਪੱਸ਼ਟੀਕਰਨ ਦਿੱਤਾ ਸੀ।