Punjab Religion

ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਜਥੇਦਾਰ ਗੜਗੱਜ ਵੱਲੋਂ ਵਿਸ਼ੇਸ਼ ਸਨੇਹਾ, ਭਾਰਤ ਤੇ ਪਾਕਿ ਸਰਕਾਰ ਤੋਂ ਖ਼ਾਸ ਮੰਗ

ਬਿਊਰੋ ਰਿਪੋਰਟ: ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵਿਸ਼ੇਸ਼ ਸਨੇਹਾ ਦਿੱਤਾ ਗਿਆ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤੇ ਸਮੁੱਚੀ ਸਿੱਖ ਕੌਮ ਨੂੰ ਭਾਈ ਤਾਰੂ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ’ਤੇ ਚੱਲਦਿਆਂ ਸਿੱਖੀ ਨੂੰ ਕੇਸਾਂ ਤੇ ਸੁਆਸਾਂ ਨਾਲ ਨਿਭਾਉਣ ਲਈ ਜਿੱਥੇ ਗੁਰੂ ਨਾਲ ਜੁੜਨਾ ਚਾਹੀਦਾ ਉੱਥੇ ਕੇਸਾਂ ਦੀ ਸੰਭਾਲ ਲਈ ਉਚੇਚੇ ਯਤਨ ਕਰਨੇ ਚਾਹੀਦੇ ਹਨ। ਸਿੱਖ ਨੂੰ ਆਪਣੀ ਸਰਦਾਰੀ ’ਤੇ ਫ਼ਖ਼ਰ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਸਾਡਾ ਸ਼ਾਨਾਮੱਤਾ ਇਤਿਹਾਸ ਹੈ।

ਇਸਦੇ ਨਾਲ ਹੀ ਜਥੇਦਾਰ ਨੇ ਭਾਰਤ ਤੇ ਪਾਕਿਸਤਾਨ ਸਰਕਾਰਾਂ ਕੋਲੋਂ ਵੀ ਖ਼ਾਸ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਈ ਤਾਰੂ ਸਿੰਘ ਜੀ ਨੇ ਸਿੱਖੀ ਦੇ ਲਈ ਖੋਪੜੀ ਲਹਾਉਣੀ ਪਰਵਾਨ ਕੀਤੀ ਅਤੇ ਸਿੱਖੀ ਨੂੰ ਕੇਸਾਂ ਤੇ ਸੁਆਸਾਂ ਨਾਲ ਨਿਭਾਇਆ। ਲਾਹੌਰ ਦੇ ਵਿੱਚ ਜਿੱਥੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ, ਉਹ ਸਥਾਨ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਹੈ। ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਇਸ ਸਥਾਨ ਨੂੰ ਖੁੱਲ੍ਹਵਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਪਹਿਲ ਦੇ ਅਧਾਰ ’ਤੇ ਇਹ ਸਥਾਨ ਖੋਲ੍ਹਣਾ ਚਾਹੀਦਾ ਹੈ, ਕਿਉਂਕਿ ਇਸ ਸਥਾਨ ’ਤੇ ਭਾਈ ਤਾਰੂ ਸਿੰਘ ਜੀ ਨੇ ਆਪਣੀ ਸ਼ਹਾਦਤ ਦਿੱਤੀ ਹੈ ਅਤੇ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਇਸ ਅਸਥਾਨ ਉੱਤੇ ਨਤਮਸਤਕ ਹੋਣਾ ਲੋਚਦੀ ਹੈ।