ਬਿਊਰੋ ਰਿਪੋਰਟ (ਅੰਮ੍ਰਿਤਸਰ, 25 ਜੁਲਾਈ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸਕੱਤਰੇਤ ਦਫ਼ਤਰ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਜੋ ਪ੍ਰੋਗਰਾਮ ਸ਼੍ਰੀਨਗਰ ਵਿੱਚ ਕਰਵਾਇਆ ਹੈ ਉਸ ਨੇ ਸਿੱਖ ਸੰਸਥਾਵਾਂ ਵੱਲੋਂ ਪ੍ਰਗਟਾਏ ਖਦਸ਼ਿਆਂ ਨੂੰ ਸਹੀ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਕੀਤੇ ਗਏ ਨਾਚ-ਗਾਣੇ ਤੇ ਮਨੋਰੰਜਨ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਇਸ ਦੇ ਭਾਸ਼ਾ ਵਿਭਾਗ ਨੂੰ ਆਪੋ-ਆਪਣੇ ਫ਼ਰਜ਼ ਸਮਝਣੇ ਚਾਹੀਦੇ ਹਨ।
ਜਥੇਦਾਰ ਗੜਗੱਜ ਨੇ ਕਿਹਾ ਸਿੱਖੀ ਸਿਧਾਂਤ ਅਨੁਸਾਰ ਸ਼ਹਾਦਤ ਦਾ ਬਹੁਤ ਹੀ ਪਵਿੱਤਰ ਸਥਾਨ ਹੈ ਅਤੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਬੰਧੀ ਕਰਵਾਏ ਪ੍ਰੋਗਰਾਮ ਵਿੱਚ ਗੁਰਮਤਿ ਮਰਯਾਦਾ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਫ਼ਲਸਫ਼ੇ ਦੇ ਵਿਰੁੱਧ ਕਾਰਵਾਈਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਪ੍ਰੋਗਰਾਮ ਨੂੰ ਕਰਵਾਉਣ ਵਾਲੇ ਅਤੇ ਇਸ ਵਿੱਚ ਸ਼ਮੂਲੀਅਤ ਕਰਨ ਵਾਲੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ, ਭਾਸ਼ਾ ਵਿਭਾਗ ਦੇ ਡਾਇਰੈਕਟਰ ਅਤੇ ਗਾਇਕ ਬੀਰ ਸਿੰਘ ਦੇ ਵਿਰੁੱਧ ਕਈ ਸ਼ਿਕਾਇਤਾਂ ਪੁੱਜੀਆਂ ਹਨ।
ਵਿਕਾਸ ਕਾਰਜ ਤੇ ਹੋਰ ਲੋੜੀਂਦੇ ਪ੍ਰਬੰਧਾਂ ’ਚ ਸਹਿਯੋਗ ਕਰੇ ਸਰਕਾਰ
ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦੇਣਾ ਨਹੀਂ ਅਤੇ ਨਾ ਹੀ ਗੁਰਮਤਿ ਸਮਾਗਮ ਕਰਵਾਉਣਾ ਹੈ, ਇਸ ਲਈ ਸਿੱਖ ਸੰਸਥਾਵਾਂ ਅਤੇ ਖ਼ਾਲਸਾ ਪੰਥ ਸਮਰੱਥ ਹਨ। ਪੰਜਾਬ ਸਰਕਾਰ ਜੇਕਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਸੁਹਿਰਦ ਹੈ ਤਾਂ ਉਸ ਨੂੰ ਵਿਕਾਸ ਕਾਰਜ ਅਤੇ ਸ਼ਤਾਬਦੀ ਮਨਾਉਣ ਲਈ ਹੋਰ ਲੋੜੀਂਦੇ ਪ੍ਰਬੰਧਾਂ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਬਿਹਾਰ ਸਰਕਾਰ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਗੁਰਪੁਰਬ ਕਿਵੇਂ ਖ਼ਾਲਸਾ ਪੰਥ ਦੇ ਸਹਿਯੋਗ ਨਾਲ ਮਨਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਨਾਲ ਸਬੰਧਤ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਨੂੰ ਆਉਂਦੇ ਰਸਤੇ ਟੁੱਟੇ ਪਏ ਹਨ, ਸਾਫ਼-ਸਫ਼ਾਈ ਦਾ ਬੁਰਾ ਹਾਲ ਹੈ ਤੇ ਅਵਾਰਾ ਕੁੱਤਿਆਂ ਦੀ ਭਰਮਾਰ ਹੈ, ਉਹ ਠੀਕ ਕਰਵਾਏ ਜਾਣ। ਸ਼ਤਾਬਦੀ ਦੇ ਮੁੱਖ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾਣੇ ਹਨ, ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀ ਸੜਕ ਦਾ ਬੁਰਾ ਹਾਲ ਹੈ ਤੇ ਇਸ ਦਾ ਕਾਰਜ ਕਾਰ ਸੇਵਾ ਵਾਲੇ ਮਹਾਂਪੁਰਖ ਕਰ ਰਹੇ ਹਨ ਅਤੇ ਇਸੇ ਰਸਤੇ ਉੱਤੇ ਪੈਂਦੇ ਪੁਲ ਦੀ ਹਾਲਤ ਵੀ ਬਹੁਤ ਮਾੜੀ ਹੈ, ਪੰਜਾਬ ਸਰਕਾਰ ਉਸ ਨੂੰ ਠੀਕ ਕਰਵਾਏ। ਇਸੇ ਤਰ੍ਹਾਂ ਬਾਬਾ ਬਕਾਲਾ ਸਾਹਿਬ ਵਿਖੇ ਵੀ ਵਿਕਾਸ ਕਾਰਜਾਂ ਤੇ ਸ਼ਹਿਰ ਪ੍ਰਬੰਧ ਦਾ ਬੁਰਾ ਹਾਲ ਹੈ। ਸਰਕਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ ਸਬੰਧਤ ਸ਼ਹਿਰਾਂ ਵਿੱਚ ਵਿਕਾਸ ਕਾਰਜ ਕਰਵਾਏ ਅਤੇ ਗੁਰੂ ਸਾਹਿਬ ਦੇ ਨਾਮ ਉੱਤੇ ਹਸਪਤਾਲ, ਕਾਲਜ ਜਾਂ ਹੋਰ ਸੰਸਥਾਨ ਸ਼ੁਰੂ ਕਰੇ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਕਰਨ ਵਾਲੇ ਅਜਿਹੇ ਬਹੁਤ ਕਾਰਜ ਹਨ ਜੋ ਨਹੀਂ ਕੀਤੇ ਜਾ ਰਹੇ, ਉਲਟਾ ਧਾਰਮਿਕ ਮਾਮਲਿਆਂ ਬਾਰੇ ਸਮਝ ਨਾ ਹੋਣ ਦੇ ਬਾਵਜੂਦ ਅਜਿਹੇ ਸਮਾਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸੂਫ਼ੀ ਗਾਇਨ ਦਾ ਗੁਰਮਤਿ ਨਾਲ ਕੋਈ ਲੇਣਾ ਦੇਣਾ ਨਹੀਂ ਹੈ ਅਤੇ ਭਾਸ਼ਾ ਵਿਭਾਗ ਵੱਲੋਂ ਸ਼੍ਰੀਨਗਰ ਵਿੱਚ ਕਰਵਾਇਆ ਪ੍ਰੋਗਰਾਮ ਦੋਵੇਂ ਵਿਚਾਰਧਾਰਾਵਾਂ ਨੂੰ ਰਲਗੱਢ ਕਰਨ ਦੀ ਕੋਝੀ ਸਾਜ਼ਸ਼ ਅਤੇ ਸ਼ਰਾਰਤ ਹੈ।
ਜਥੇਦਾਰ ਦੇ ਭਾਸ਼ਾ ਵਿਭਾਗ ਨੂੰ ਤਿੱਖੇ ਸਵਾਲ
ਜਥੇਦਾਰ ਗੜਗੱਜ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਕੰਮ ਅਜਿਹੇ ਸਮਾਗਮ ਕਰਵਾਉਣਾ ਨਹੀਂ ਬਲਕਿ ਇਹ ਸੰਸਥਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਪੁਸਤਕਾਂ ਅਤੇ ਦਸਤਾਵੇਜ਼ ਪ੍ਰਕਾਸ਼ਿਤ ਕਰੇ। ਉਨ੍ਹਾਂ ਸਵਾਲ ਕੀਤਾ ਕਿ ਭਾਸ਼ਾ ਵਿਭਾਗ ਦੱਸੇ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਿੰਨੀਆਂ ਵਿਸ਼ੇਸ਼ ਪੁਸਤਕਾਂ ਅਤੇ ਦਸਤਾਵੇਜ਼ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ ਜਾਂ ਕੀਤੇ ਗਏ ਹਨ। ਉਨ੍ਹਾਂ ਭਾਸ਼ਾ ਵਿਭਾਗ ਨੂੰ ਵੀ ਚੇਤੰਨ ਕੀਤਾ ਕਿ ਜੇਕਰ ਕੋਈ ਪੁਸਤਕਾਂ ਪ੍ਰਕਾਸ਼ਿਤ ਕਰਨੀਆਂ ਹਨ ਤਾਂ ਉਨ੍ਹਾਂ ਵਿੱਚ ਕੋਈ ਇਤਿਹਾਸਕ ਤਰੁੱਟੀ ਨਾਲ ਹੋਵੇ ਅਤੇ ਉਨ੍ਹਾਂ ਰਾਹੀਂ ਗਲਤ ਬਿਰਤਾਂਤ ਨਾ ਸਿਰਜਿਆ ਜਾਵੇ।
ਜਥੇਦਾਰ ਗੜਗੱਜ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਉੱਤੇ ਵੀ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਸਨ, ਪਰ ਸੁਲਤਾਨਪੁਰ ਲੋਧੀ ਜਾ ਕੇ ਅਸਲੀਅਤ ਦਾ ਪਤਾ ਚੱਲਦਾ ਹੈ ਕਿ ਸਰਕਾਰ ਵੱਲੋਂ ਸ਼ਹਿਰ ਦੇ ਲਈ ਕੁਝ ਨਹੀਂ ਕੀਤਾ ਗਿਆ ਅਤੇ ਹਾਲਾਤ ਬਹੁਤ ਮਾੜੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਿਵੇਂ ਬੀਤੇ ਸਮੇਂ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਸੀ, ਕੀ ਸਰਕਾਰ ਨੇ ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ ਬਣਾਉਣ ਬਾਰ ਕੁਝ ਸੋਚਿਆ? ਕੀ ਸਰਕਾਰ ਨੇ ਸ੍ਰੀ ਗੁਰੂ ਗੋਬਿੰਗ ਸਿੰਘ ਮਾਰਗ ਦੀ ਵਿਰਾਸਤ ਨੂੰ ਸੰਭਾਲਣ ਅਤੇ ਇਸ ਦੇ ਨਵੀਨੀਕਰਨ ਬਾਰੇ ਕੋਈ ਯਤਨ ਕੀਤੇ ਹਨ?
ਪੰਜਾਬ ਸਰਕਾਰ ਨੂੰ ਜਥੇਦਾਰ ਦੀ ਤਾੜਨਾ
ਉਨ੍ਹਾਂ ਕਿਹਾ ਕਿ ਭਾਵੇਂ ਕਿ ਗੁਰੂ ਸਾਹਿਬ ਦਾ ਉਪਦੇਸ਼ ਸਰਬ ਸਾਂਝਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਗੁਰਮਤਿ ਵਿਚਾਰਧਾਰਾ ਨੂੰ ਰਲਗੱਢ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਆਪੋ ਆਪਣੇ ਦਾਇਰੇ ਅਤੇ ਸੀਮਾ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਉਸ ਵਿੱਚ ਰਹਿ ਕੇ ਹੀ ਸਮਾਗਮ ਕਰਨੇ ਅਤੇ ਉਲੀਕਣੇ ਚਾਹੀਦੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਕਿ 350 ਸਾਲਾ ਸ਼ਤਾਬਦੀ ਦੇ ਸਮਾਗਮਾਂ ਨੂੰ ਆਪਣੇ ਤੌਰ ਉੱਤੇ ਮਨਾਉਣ ਦੀ ਥਾਂ ਕੇਂਦਰੀ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਲਿਆ ਅਤੇ ਕੀਤਾ ਜਾਵੇ ਤਾਂ ਜੋ ਸਿੱਖ ਭਾਵਨਾਵਾਂ ਨੂੰ ਸੱਟ ਨਾ ਵੱਜੇ ਅਤੇ ਸਮੁੱਚੇ ਸਮਾਗਮ ਗੁਰਮਤਿ ਦੀ ਰੋਸ਼ਨੀ ਅਤੇ ਗੁਰੂ ਸਾਹਿਬ ਦੀ ਪਾਵਨ ਸ਼ਹਾਦਤ ਦੀ ਭਾਵਨਾ ਅਨੁਸਾਰ ਹੋਣ।
ਜਥੇਦਾਰ ਗੜਗੱਜ ਨੇ ਇਸ ਗੱਲ ਉੱਤੇ ਵੀ ਚਿੰਤਾ ਪ੍ਰਗਟ ਕੀਤੀ ਕਿ ਪਿਛਲੇ ਦਿਨਾਂ ਵਿੱਚ ਚਰਚਾ ਹੋਈ ਹੈ ਕਿ ਦਿੱਲੀ ਯੂਨੀਵਰਸਿਟੀ ਵੱਲੋਂ ਸਿੱਖ ਇਤਿਹਾਸ ਵਿੱਚ ਸਿੱਖਾਂ ਵੱਲੋਂ ਮੁਗ਼ਲਾਂ ਵਿਰੁੱਧ ਕੀਤੇ ਗਏ ਸੰਘਰਸ਼ ਉੱਤੇ ਕੋਰਸ ਸ਼ੁਰੂ ਕਰਨ ਦਾ ਵਿਚਾਰ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਚਿੰਤਨ ਦਾ ਵਿਸ਼ਾ ਹੈ ਕਿ ਕਿਤੇ ਗੁਰੂ ਸਾਹਿਬਾਨ ਅਤੇ ਸਿੱਖਾਂ ਦੇ ਇਤਿਹਾਸਕ ਸੰਘਰਸ਼ ਨੂੰ ਕਿਸੇ ਵਿਸ਼ੇਸ਼ ਧਰਮ ਦੇ ਖਿਲਾਫ਼ ਪੇਸ਼ ਕਰਨ ਦੇ ਯਤਨ ਤਾਂ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦਾ ਸੰਘਰਸ਼ ਅਤੇ ਵਿਚਾਰਧਾਰਾ ਹੱਦਾਂ ਸਰਹੱਦਾਂ ਤੋਂ ਪਾਰ ਦਾ ਫ਼ਲਸਫ਼ਾ ਹੈ ਅਤੇ ਸਗਲੀ ਸ਼੍ਰਿਸ਼ਟ ਨੂੰ ਸੇਧ ਦੇਣ ਵਾਲਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਉੱਤੇ ਗੰਭੀਰ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਸਰਕਾਰ ਨੂੰ ਇਸ ਗੱਲ ਤੋਂ ਸੁਚੇਤ ਕੀਤਾ ਜਾਵੇਗਾ ਕਿ ਸਿੱਖ ਇਤਿਹਾਸ ਪ੍ਰਤੀ ਗਲਤ ਬਿਰਤਾਂਤ ਨੂੰ ਸਿੱਖ ਬਰਦਾਸ਼ਤ ਨਹੀਂ ਕਰਨਗੇ।
ਪੰਜਾਬੀ ਗਾਇਕ ਬੀਰ ਸਿੰਘ ਨੇ ਗਲਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਖਿਮਾ ਜਾਚਨਾ
ਇਸ ਦੌਰਾਨ ਸ਼੍ਰੀਨਗਰ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਇਤਰਾਜ਼ਯੋਗ ਪ੍ਰੋਗਰਾਮ ਵਿੱਚ ਗਾਇਨ ਕਰਨ ਵਾਲੇ ਪੰਜਾਬੀ ਗਾਇਕ ਬੀਰ ਸਿੰਘ ਨੇ ਅੱਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾ ਜਾਚਨਾ ਕੀਤੀ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਬੀਰ ਸਿੰਘ ਨੇ ਬਿਨਾਂ ਸੱਦੇ ਹੀ ਆਪਣੀ ਗ਼ਲਤੀ ਦਾ ਅਹਿਸਾਸ ਕਰਕੇ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆਂ ਖਿਮਾ ਜਾਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਰ ਸਿੰਘ ਵੱਲੋਂ ਕੀਤੀ ਗਈ ਖਿਮਾ ਜਾਚਨਾ ਉੱਤੇ ਵਿਚਾਰ ਕੀਤਾ ਜਾਵੇਗਾ।