ਪਟਿਆਲਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਖੁਸਰੋਪੁਰ ਪਿੰਡ ਪੁੱਜੇ ਜਿੱਥੇ ਉਨ੍ਹਾਂ ਨੇ ਬੀਤੇ ਦਿਨੀਂ ਭਾਦਸੋਂ ਰੋਡ ’ਤੇ ਸਿੱਧੂਵਾਲ ਵਿਖੇ ਹੁੰਦੀ ਅਖੌਤੀ ਪਾਦਰੀਆਂ ਦੀ ਸਭਾ ਵਿੱਚ ਵਾਪਰੇ ਹਾਦਸੇ ਕਾਰਨ ਜਾਣ ਗੁਆਉਣ ਵਾਲੇ 16 ਸਾਲਾ ਲੜਕੇ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਇਸ ਮੌਕੇ ਜਥੇਦਾਰ ਗੜਗੱਜ ਨੇ ਪਰਿਵਾਰ ਪਾਸੋਂ ਸਮੁੱਚੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਅਤੇ ਇਹ ਜਾਣਿਆ ਕਿ ਪੀੜਤ ਪਰਿਵਾਰ ਅਖੌਤੀ ਪਾਦਰੀਆਂ ਦੇ ਸੰਪਰਕ ਵਿੱਚ ਕਿਵੇਂ ਆਇਆ।
ਮ੍ਰਿਤਕ ਲੜਕੇ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਕਣਕ ਤੋਂ ਐਲਰਜੀ ਦਾ ਰੋਗ ਸੀ, ਜਿਸ ਸਬੰਧੀ ਉਨ੍ਹਾਂ ਨੇ ਸ਼ੁਰੂਆਤ ਵਿੱਚ ਕੁਝ ਮੈਡੀਕਲ ਇਲਾਜ ਕਰਵਾਇਆ ਅਤੇ ਬਾਅਦ ਵਿੱਚ ਉਹ ਅਖੌਤੀ ਪਾਦਰੀਆਂ ਦੇ ਸੰਪਰਕ ਵਿੱਚ ਆ ਗਏ, ਜਿਨ੍ਹਾਂ ਨੇ ਇਹ ਰੋਗ ਠੀਕ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਅਖੌਤੀ ਪਾਦਰੀਆਂ ਦੀ ਸਭਾ ਵਿੱਚ ਇਸ ਆਸ ਨਾਲ ਹੀ ਜਾਂਦੇ ਸਨ ਕਿ ਉਨ੍ਹਾਂ ਦਾ ਪੁੱਤਰ ਠੀਕ ਹੋ ਜਾਵੇਗਾ ਪਰ ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਉੱਥੇ ਪ੍ਰਬੰਧਾਂ ਦੀ ਅਣਗਹਿਲੀ ਕਾਰਨ ਉਸ ਦੀ ਜਾਨ ਹੀ ਚਲੇ ਜਾਵੇਗੀ।
ਪਰਿਵਾਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਵਡੇਰੇ ਅਤੇ ਪੂਰਾ ਪਰਿਵਾਰ ਸਿੱਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਣ ਵਾਲੇ ਹਨ ਪਰ ਉਨ੍ਹਾਂ ਦਾ ਇੱਕ ਭਰਾ (ਮ੍ਰਿਤਕ ਦਾ ਪਿਤਾ) ਆਪਣੇ ਲੜਕੇ ਦਾ ਰੋਗ ਠੀਕ ਹੋਣ ਦੇ ਭਰਮ ਭੁਲੇਖੇ ਵਿੱਚ ਆ ਕੇ ਅਖੌਤੀ ਪਾਦਰੀਆਂ ਦੇ ਚੱਕਰ ਵਿੱਚ ਫਸ ਗਿਆ। ਪਾਦਰੀ ਉਨ੍ਹਾਂ ਦੀ ਗ਼ਰੀਬੀ ਦਾ ਫਾਇਦਾ ਉਠਾ ਕੇ ਉਨ੍ਹਾਂ ਦੇ ਬੱਚਿਆਂ ਨੂੰ ਵਰਗਲ਼ਾ ਕੇ ਅਤੇ ਭਰਮ ਭੁਲੇਖਿਆਂ ਵਿੱਚ ਪਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹੋਰ ਲੋਕਾਂ ਨੂੰ ਵੀ ਨਾਲ ਜੋੜਣ ਲਈ ਆਖਦੇ ਹਨ। ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਜਾਂ ਹੋਰ ਧਾਰਮਿਕ ਅਸਥਾਨਾਂ ਉੱਤੇ ਜਾਣ ਤੋਂ ਅਤੇ ਉੱਥੋਂ ਦਾ ਪ੍ਰਸ਼ਾਦ, ਲੰਗਰ ਛਕਣ ਤੋਂ ਵੀ ਵਰਜਿਆ ਜਾਂਦਾ ਸੀ।
ਇਸ ਦੌਰਾਨ ਜਥੇਦਾਰ ਗੜਗੱਜ ਨੇ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਵਰੁਣ ਸ਼ਰਮਾ ਨਾਲ ਵੀ ਫ਼ੋਨ ਉੱਤੇ ਗੱਲ ਕਰਕੇ ਉਨ੍ਹਾਂ ਨੂੰ ਆਖਿਆ ਕਿ ਇਸ ਪੀੜਤ ਅਤੇ ਗ਼ਰੀਬ ਪਰਿਵਾਰ ਨਾਲ ਇਨਸਾਫ਼ ਹੋਣਾ ਚਾਹੀਦਾ ਹੈ ਅਤੇ ਦੋਸ਼ੀ ਵਿਅਕਤੀਆਂ ਦੇ ਵਿਰੁੱਧ ਸਖ਼ਤ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਜਥੇਦਾਰ ਗੜਗੱਜ ਨੇ ਪੀੜਤਾਂ ਨੂੰ ਹੌਸਲਾ ਦੇਣ ਲਈ ਗੁਰਬਾਣੀ ਦਾ ਜਾਪ ਕੀਤਾ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਅੰਦਰ ਕੁਝ ਅਖੌਤੀ ਪਾਦਰੀਆਂ ਵੱਲੋਂ ਲਗਾਤਾਰ ਲੋਕਾਂ ਨੂੰ ਵਹਿਮਾਂ ਭਰਮਾਂ, ਚਮਤਕਾਰਾਂ, ਬਿਮਾਰੀਆਂ ਦੇ ਇਲਾਜਾਂ ਜਿਹੇ ਪਖੰਡਾਂ ਵਿੱਚ ਵਰਗਲ਼ਾ ਕੇ ਅਤੇ ਫਸਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਅਤੇ ਸਰਕਾਰਾਂ ਇਸ ਨੂੰ ਠੱਲ੍ਹਣ ਦੀ ਬਜਾਏ ਅੱਖਾਂ ਬੰਦ ਕਰਕੇ ਬੈਠੀਆਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸਤਰਕ ਕੀਤਾ ਕਿ ਇਨ੍ਹਾਂ ਅਖੌਤੀ ਪਾਦਰੀਆਂ ਦੇ ਭਰਮ ਭੁਲੇਖਿਆਂ ਵਿੱਚ ਨਾ ਫੱਸਣ ਅਤੇ ਜੇਕਰ ਕਿਸੇ ਨੂੰ ਕੋਈ ਸ਼ਰੀਰਕ ਰੋਗ ਹੋਵੇ ਤਾਂ ਮੈਡੀਕਲ ਜਾਂਚ ਕਰਵਾ ਕੇ ਡਾਕਟਰੀ ਇਲਾਜ ਕਰਵਾਇਆ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜਿਆ ਜਾਵੇ ਤੇ ਇੱਕ ਅਕਾਲ ਪੁਰਖ ਉੱਤੇ ਭਰੋਸਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਭ ਨੂੰ ਆਪੋ-ਆਪਣੇ ਧਰਮ ਨਿਭਾਉਣ ਦਾ ਅਤੇ ਉਸ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਪੂਰਾ ਅਧਿਕਾਰ ਹੈ ਪਰ ਧਰਮ ਦੀ ਆੜ ਵਿੱਚ ਲੋਕਾਂ ਨੂੰ ਗੁੰਮਰਾਹ ਕਰਨਾ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਜਥੇਦਾਰ ਗੜਗੱਜ ਨੇ ਪੰਜਾਬ ਸਰਕਾਰ ਨੂੰ ਇਨ੍ਹਾਂ ਪਖੰਡੀਆਂ ਨੂੰ ਠੱਲ੍ਹਣ ਅਤੇ ਇਸ ਘਟਨਾ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸਿੱਖ, ਈਸਾਈ, ਮੁਸਲਿਮ ਦੇਸ਼ ਅੰਦਰ ਘੱਟ ਗਿਣਤੀ ਕੌਮਾਂ ਹਨ, ਜਿਨ੍ਹਾਂ ਨੂੰ ਹਮੇਸ਼ਾ ਆਪਸ ਸਾਂਝ ਨਾਲ ਰਹਿਣਾ ਚਾਹੀਦਾ ਹੈ ਅਤੇ ਜੇਕਰ ਪੰਜਾਬ ਅੰਦਰ ਕੁਝ ਅਖੌਤੀ ਪਾਦਰੀ ਗਲਤ ਕਾਰਜ ਕਰ ਰਹੇ ਹਨ ਤਾਂ ਇਸਾਈ ਭਾਈਚਾਰੇ ਦੇ ਆਗੂਆਂ ਨੂੰ ਆਪ ਇਨ੍ਹਾਂ ਨੂੰ ਰੋਕਣਾ ਚਾਹੀਦਾ ਹੈ।