ਬਿਊਰੋ ਰਿਪੋਰਟ (ਕੰਨਿਆਕੁਮਾਰੀ/ਅੰਮ੍ਰਿਤਸਰ, 11 ਸਤੰਬਰ 2025): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੇਸ਼ ਦੇ ਦੱਖਣੀ ਹਿੱਸੇ ਵਿੱਚ ਰਹਿਣ ਵਾਲੇ ਅੱਯਾਵਲ਼ੀ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟ ਕਰਨ ਅਤੇ ਇਨ੍ਹਾਂ ਬਾਰੇ ਅਨੁਭਵ ਤੇ ਜਾਣਕਾਰੀ ਹਾਸਲ ਕਰਨ ਲਈ ਕੰਨਿਆਕੁਮਾਰੀ ਸਥਿਤ ਉਨ੍ਹਾਂ ਦੇ ਮੁੱਖ ਦਫ਼ਤਰ ਵਿਖੇ ਅੱਯਾਵਲ਼ੀ ਮੁਖੀ ਬਾਲਾ ਪ੍ਰਜਾਪਤੀ ਆਦਿਕਲਾਰ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਬਾਲਾ ਪ੍ਰਜਾਪਤੀ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਥਾਨਕ ਰਵਾਇਤੀ ਮਾਲ਼ਾ ਨਾਲ ਸਨਮਾਨਿਤ ਕੀਤਾ। ਜਥੇਦਾਰ ਗੜਗੱਜ ਨੇ ਆਸ਼ਰਮ ਦਾ ਵੀ ਦੌਰਾ ਕੀਤਾ ਅਤੇ ਅੱਯਾਵਲ਼ੀ ਦੇ ਸੰਸਥਾਪਕ ਅਯਾ ਵਾਏਕੁੰਡਰ ਦੇ ਅਸਲ ਘਰ ਤੋਂ ਇਲਾਵਾ ਇੱਥੇ ਸੁਰੱਖਿਅਤ ਰੱਖੀਆਂ ਤਾੜ ਦੇ ਪੱਤਿਆਂ ਉੱਤੇ ਤਾਮਿਲ ਭਾਸ਼ਾ ਵਿੱਚ ਲਿਖੀਆਂ ਪੁਰਾਤਨ ਹੱਥ-ਲਿਖਤਾਂ ਨੂੰ ਵੀ ਦੇਖਿਆ। ਜਥੇਦਾਰ ਗੜਗੱਜ ਨੇ ਭਾਈਚਾਰੇ ਦਾ ਖੂਹ ਦੇਖਿਆ ਅਤੇ ਉੱਥੋਂ ਜਲ ਵੀ ਛਕਿਆ। ਉਨ੍ਹਾਂ ਇੱਥੇ ਦੱਖਣ ਦਾ ਰਵਾਇਤੀ ਭੋਜਨ ਵੀ ਛਕਿਆ।
ਮੀਡੀਆ ਨਾਲ ਗੱਲ ਕਰਦਿਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਹ ਕੰਨਿਆਕੁਮਾਰੀ ਦੇ ਸਵਾਮੀਥੋਪੂ ਵਿੱਚ ਅੱਯਾਵਲ਼ੀ ਦੇ ਮੁੱਖ ਅਸਥਾਨ ਵਿਖੇ ਆਏ ਹਨ, ਜਿੱਥੇ ਉਨ੍ਹਾਂ ਨੇ ਅੱਯਾਵਲ਼ੀ ਭਾਈਚਾਰੇ ਦੇ ਮੌਜੂਦਾ ਮੁਖੀ ਬਾਲਾ ਪ੍ਰਜਾਪਤੀ ਆਦਿਕਲਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਥੇ ਕਈ ਜ਼ਰੂਰੀ ਗੱਲਾਂ ਨੋਟ ਕੀਤੀਆਂ ਹਨ। ਬਾਲਾ ਪ੍ਰਜਾਪਤੀ ਆਪਣੇ ਪੁਰਖਿਆਂ ਦੀ ਛੇਵੀਂ ਪੀੜ੍ਹੀ ਹਨ ਜਿਨ੍ਹਾਂ ਨੇ ਜਾਤ-ਪਾਤ, ਭੇਦਭਾਵ, ਛੂਤ-ਛਾਤ, ਅਣਦੇਖੀ ਵਿਰੁੱਧ ਉਦੋਂ ਅਵਾਜ਼ ਬੁਲੰਦ ਕੀਤੀ ਜਦੋਂ ਇੱਥੇ ਸਥਿਤੀ ਬਹੁਤ ਹੀ ਗੰਭੀਰ ਤੇ ਅੱਤਿਆਚਾਰ ਵਾਲੀ ਸੀ। “ਇਸ ਭਾਈਚਾਰੇ ਦੀਆਂ ਔਰਤਾਂ ਨੂੰ ਆਪਣੀਆਂ ਛਾਤੀਆਂ ਨੰਗੀਆਂ ਰੱਖਣ ਅਤੇ ਛਾਤੀ ਦੇ ਅਕਾਰ ਅਨੁਸਾਰ ਟੈਕਸ (ਕਰ) ਅਦਾ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ, ਫਿਰ ਨੰਗੇਲੀ ਨਾਮ ਦੀ ਇੱਕ ਔਰਤ ਨੇ ਆਪਣੀ ਅਵਾਜ਼ ਉਠਾਈ ਅਤੇ ਅੱਤਿਆਚਾਰ ਬੰਦ ਹੋਇਆ।
ਉਨ੍ਹਾਂ ਕਿਹਾ ਕਿ ਇੱਥੇ ਉਨ੍ਹਾਂ ਨੇ ਇੱਕ ਖੂਹ ਦੇਖਿਆ ਜਿੱਥੇ ਇਸ ਭਾਈਚਾਰੇ ਦੇ ਸਾਰੇ ਲੋਕ ਭਾਵੇਂ ਉਨ੍ਹਾਂ ਦਾ ਪਿਛੋਕੜ ਕੋਈ ਵੀ ਹੋਵੇ, ਬਿਨਾਂ ਭੇਦਭਾਵ ਦੇ ਇਸ਼ਨਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਭਾਈਚਾਰੇ ਨੂੰ ਆਪਣੇ ਘਰਾਂ ਦੇ ਬਾਹਰ ਉੱਚੇ ਥੜ੍ਹੇ ਬਣਾਉਣ ਅਤੇ ਖਿੜਕੀਆਂ ਰੱਖਣ ਦੀ ਵੀ ਇਜਾਜ਼ਤ ਨਹੀਂ ਸੀ, ਤਾਂ ਜੋ ਇਹ ਥੜ੍ਹੇ ਉੱਤੇ ਮਿਲ ਬੈਠ ਕੇ ਆਪਸ ਵਿੱਚ ਸਮਾਜਿਕ ਚਰਚਾਵਾਂ ਨਾ ਕਰ ਸਕਣ ਅਤੇ ਜ਼ਮੀਨ ‘ਤੇ ਬੈਠਣ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਸਮਾਜ ਵਿੱਚ ਇਤਨਾ ਦੱਬਿਆ ਗਿਆ ਸੀ ਕਿ ਇਨ੍ਹਾਂ ਬਾਰੇ ਅਜਿਹੇ ਆਦੇਸ਼ ਸਨ ਕਿ ਇਹ ਲੋਕ ਕਿਸੇ ਨੂੰ ਦਿਖਣੇ ਵੀ ਨਹੀਂ ਚਾਹੀਦੇ।
ਜਥੇਦਾਰ ਗੜਗੱਜ ਨੇ ਅੱਗੇ ਕਿਹਾ ਕਿ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਗਭਗ ਪੰਜ ਸਦੀਆਂ ਪਹਿਲਾਂ ਛੂਤ-ਛਾਤ, ਅਣਦੇਖੀ ਅਤੇ ਜਾਤ-ਪਾਤ ਅਧਾਰਤ ਭੇਦਭਾਵ ਵਿਰੁੱਧ ਅਵਾਜ਼ ਉਠਾਈ ਸੀ। “ਸਿੱਖ ਗੁਰੂਆਂ ਨੇ ਉਸ ਸਮੇਂ ਸਮਾਜ ਦੀ ਸਥਿਤੀ ਨੂੰ ਆਪਣੀ ਪਵਿੱਤਰ ਬਾਣੀ ਵਿੱਚ ਦਰਜ ਕੀਤਾ ਹੈ। ਸਿੱਖ ਗੁਰੂਆਂ ਨੇ ਅਖੌਤੀ ਨੀਵੇਂ ਲੋਕਾਂ ਨੂੰ ਉੱਚਾ ਚੁੱਕਿਆ ਅਤੇ ਉਨ੍ਹਾਂ ਨੂੰ ਸਰਦਾਰੀ ਦਿੱਤੀ। ਉਨ੍ਹਾਂ ਮਹਿਸੂਸ ਕੀਤਾ ਕਿ ਇੱਥੇ ਇਸ ਭਾਈਚਾਰੇ ਨਾਲ ਸਾਡੀਆਂ ਬਹੁਤ ਸਾਰੀਆਂ ਸਮਾਨਤਾਵਾਂ ਹਨ, ਇਹ ਦਸਤਾਰ ਸਜਾਉਂਦੇ ਹਨ ਅਤੇ ਕੇਸ ਕਤਲ ਨਹੀਂ ਕਰਦੇ, ਇਹ ਬਿਨਾਂ ਕਿਸੇ ਭੇਦਭਾਵ ਦੇ ਇੱਕ ਖੂਹ ਦੇ ਜਲ ਨਾਲ ਇਸ਼ਨਾਨ ਕਰਦੇ ਹਨ, ਇਹ ਜਾਤ, ਧਰਮ, ਰੰਗ ਜਾਂ ਵਰਗ ਦੇ ਅਧਾਰ ‘ਤੇ ਵਿਤਕਰਾ ਨਹੀਂ ਕਰਦੇ ਅਤੇ ਇਹ ਸਾਰਿਆਂ ਨੂੰ ਪਿਆਰ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਇੱਥੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦਾ ਅਨੁਭਵ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਇਸ ਦੱਖਣੀ ਖੇਤਰ ਵੱਲ ਵੀ ਆਏ ਹਨ, ਉਹ ਥੂੱਥੂਕੁੜੀ ਰਾਹੀਂ ਸ਼੍ਰੀਲੰਕਾ ਗਏ ਅਤੇ ਰਾਮੇਸ਼ਵਰਮ ਵੀ ਗਏ ਸਨ। ਇਨ੍ਹਾਂ ਲੋਕਾਂ ਨੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਸਿੱਖਿਆ, ਸਮਝਿਆ ਅਤੇ ਅਪਣਾਇਆ ਹੈ।”
ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੇ ਸਤਿਕਾਰਯੋਗ ਬਾਲ ਪ੍ਰਜਾਪਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਸੱਦਾ ਦਿੱਤਾ ਹੈ ਅਤੇ ਉੱਥੇ ਅਸੀਂ ਉਨ੍ਹਾਂ ਨਾਲ ਆਪਣੇ ਭਾਈਚਾਰਿਆਂ ਅਤੇ ਸਿੱਖਿਆਵਾਂ ਅਤੇ ਸਿਧਾਂਤਾਂ ਬਾਰੇ ਹੋਰ ਚਰਚਾ ਕਰਾਂਗੇ। ਉਨ੍ਹਾਂ ਕਿਹਾ ਕਿ ਤਾਮਿਲਨਾਡੂ, ਕੇਰਲਾ ਅਤੇ ਇਸ ਖੇਤਰ ਵਿੱਚ ਇਸ ਭਾਈਚਾਰੇ ਦੇ ਲਗਭਗ 15 ਲੱਖ ਪੈਰੋਕਾਰ ਹਨ, ਜੋ ਜਾਤ, ਰੰਗ, ਛੂਤ ਜਾਂ ਵਰਗ ਦੇ ਵਿਤਕਰੇ ਤੋਂ ਉੱਪਰ ਹਨ ਅਤੇ ਉਹ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਦੇ। ਅੱਯਾਵਲ਼ੀ ਦੇ ਆਗੂਆਂ ਨੇ ਆਪਣੇ ਭਾਈਚਾਰੇ ਨੂੰ ਅੱਤਿਆਚਾਰਾਂ ਤੋਂ ਬਾਹਰ ਕੱਢਿਆ।
ਇੱਥੇ ਆਉਣ ਤੋਂ ਬਾਅਦ, ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਨੂੰ ਵੀ ਅਨੁਭਵ ਕੀਤਾ ਹੈ ਅਤੇ ਮਹਿਸੂਸ ਕੀਤਾ ਹੈ ਜੋ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਲੀ ਤਖ਼ਤ ਤੋਂ ਵੀ ਉੱਚਾ ਤਖ਼ਤ ਬਣਾਇਆ ਸੀ, ਜਦੋਂ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਬਾਹਰ ਉੱਚੇ ਥੜ੍ਹੇ ਬਣਾਉਣ ਦੀ ਵੀ ਇਜਾਜ਼ਤ ਨਹੀਂ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਧਾਰਮਿਕ ਅਤੇ ਰਾਜਨੀਤਿਕ ਤੌਰ ‘ਤੇ ਮਜ਼ਬੂਤ ਕੀਤਾ।
ਇਸ ਮੌਕੇ, ਤਾਮਿਲ ਸਿੱਖ ਅਤੇ ਸੁਪਰੀਮ ਕੋਰਟ ਦੇ ਵਕੀਲ ਸ. ਜੀਵਨ ਸਿੰਘ, ਸ. ਬਰਜਿੰਦਰ ਸਿੰਘ ਹੁਸੈਨਪੁਰ, ਹੈਦਰਾਬਾਦ ਦੇ ਵੀਜੀਆਰ ਨਾਰਾਗੋਨੀ, ਸੇਲਵਾ ਸਿੰਘ, ਸ. ਜਸਕਰਨ ਸਿੰਘ ਅਤੇ ਸਥਾਨਕ ਭਾਈਚਾਰਾ ਮੌਜੂਦ ਸੀ।