Punjab Religion

ਜਥੇਦਾਰ ਗੜਗੱਜ ਵੱਲੋਂ ਜਨਰਲ ਸ਼ਾਬੇਗ ਸਿੰਘ ਮੈਮੋਰੀਅਲ ਚੈਰੀਟੇਬਲ ਟ੍ਰਸਟ ਦਾ ਉਦਘਾਟਨ

ਬਿਊਰੋ ਰਿਪੋਰਟ (ਅੰਮ੍ਰਿਤਸਰ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਜੂਨ 1984 ਘੱਲੂਘਾਰੇ ਦੇ ਮਹਾਨ ਸ਼ਹੀਦ ਜਨਰਲ ਸ਼ਾਬੇਗ ਸਿੰਘ ਦੀ ਵਿਰਾਸਤ ਨੂੰ ਸੰਭਾਲਣ ਲਈ ਉਨ੍ਹਾਂ ਦੀ ਯਾਦ ਵਿੱਚ ਸਥਾਪਤ ਕੀਤੇ ਗਏ ਜਨਰਲ ਸ਼ਾਬੇਗ ਸਿੰਘ ਮੈਮੋਰੀਅਤ ਚੈਰੀਟੇਬਲ ਟ੍ਰਸਟ ਦਾ ਰਸਮੀ ਤੌਰ ਉੱਤੇ ਉਦਘਾਟਨ ਕੀਤਾ। ਇਸ ਮੌਕੇ ਜਥੇਦਾਰ ਗੜਗੱਜ ਨੇ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਕਿ ਸਮੁੱਚੀ ਕੌਮ ਨੂੰ ਸਮਰੱਥਾ ਬਖ਼ਸ਼ਣ ਕਿ ਮਹਾਨ ਸ਼ਹੀਦਾਂ ਦੀਆਂ ਵਿਰਾਸਤਾਂ ਨੂੰ ਸੰਭਾਲੀਏ।

ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਟੇਕ ਸਿੰਘ, ਜਨਰਲ ਸ਼ਾਬੇਗ ਸਿੰਘ ਦੇ ਭਰਾ ਬਿਅੰਤ ਸਿੰਘ, ਉਨ੍ਹਾਂ ਦਾ ਪਰਿਵਾਰ ਅਤੇ ਪ੍ਰੋਫੈਸਰ ਬਲਜਿੰਦਰ ਸਿੰਘ ਵੀ ਹਾਜ਼ਰ ਸਨ। ਬਿਅੰਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਜਥੇਦਾਰ ਭਾਈ ਟੇਕ ਸਿੰਘ ਦਾ ਸਿਰੋਪਾਓ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨ ਕੀਤਾ। ਇਸ ਉਪਰਾਲੇ ਲਈ ਜਥੇਦਾਰ ਗੜਗੱਜ ਨੇ ਬਿਅੰਤ ਸਿੰਘ ਨੂੰ ਵੀ ਸਿਰੋਪਾਓ ਦਿੱਤਾ।

ਇਸ ਮੌਕੇ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਗੁਰੂ ਸਾਹਿਬ ਦੇ ਸਿਧਾਂਤ ਉੱਤੇ ਚੱਲਦਿਆਂ ਸਿੱਖ ਕੌਮ ਦੀ ਅਣਖ ਤੇ ਗੈਰਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਾਸਤੇ ਜੋ 1984 ਵਿੱਚ ਸਿੱਖ ਜੁਝਾਰੂਆਂ ਨੇ ਜੋ ਦ੍ਰਿੜ੍ਹਤਾ ਦੇ ਨਾਲ ਉਸ ਸਮੇਂ ਦੀ ਹਕੂਮਤ ਅਤੇ ਫ਼ੌਜ ਦੇ ਨਾਲ ਜੰਗ ਲੜੀ, ਉਸ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸ਼ਾਬੇਗ ਸਿੰਘ, ਭਾਈ ਅਮਰੀਕ ਸਿੰਘ ਸਮੇਤ ਅਨੇਕਾਂ ਹੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ।

ਉਨ੍ਹਾਂ ਦੱਸਿਆ ਕਿ ਜਨਰਲ ਸ਼ਾਬੇਗ ਸਿੰਘ ਉਹ ਮਹਾਨ ਯੋਧੇ ਹਨ, ਜੋ ਜਦੋਂ ਦੇਸ਼ ਦੇ ਲਈ ਲੜਣ ਦੀ ਲੋੜ ਪਈ ਤਾਂ ਉਹ ਨਿਧੜਕ ਹੋ ਕੇ ਲੜੇ ਤੇ ਵੱਡੇ ਯੋਗਦਾਨ ਪਾਏ ਅਤੇ ਜਦੋਂ ਸਿੱਖ ਕੌਮ ਦੇ ਹੱਕਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਾਣ ਮਰਯਾਦਾ ਦੀ ਗੱਲ ਆਈ ਤਾਂ ਵੀ ਬਹੁਤ ਬਹਾਦਰੀ ਨਾਲ ਲੜੇ। ਉਨ੍ਹਾਂ ਕਿਹਾ ਕਿ ਜਨਰਲ ਸ਼ਾਬੇਗ ਸਿੰਘ ਦੀ ਵਿਰਾਸਤ ਬਹੁਤ ਵੱਡੀ ਹੈ ਜਿਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ।

ਜਥੇਦਾਰ ਗੜਗੱਜ ਨੇ ਜਨਰਲ ਸ਼ਾਬੇਗ ਸਿੰਘ ਦੇ ਨਾਮ ਉੱਤੇ ਉਨ੍ਹਾਂ ਦੇ ਪਿੰਡ ਖਿਆਲਾ ਕਲਾਂ ਵਿਖੇ ਉਨ੍ਹਾਂ ਦੇ ਨਿਜੀ ਘਰ ਨੂੰ ਜਨਰਲ ਸ਼ਾਬੇਗ ਸਿੰਘ ਮੈਮੋਰੀਅਲ ਚੈਰੀਟੇਬਲ ਟ੍ਰਸਟ ਵਜੋਂ ਸਥਾਪਤ ਕਰਨ ਦੇ ਉਪਰਾਲੇ ਲਈ ਉਨ੍ਹਾਂ ਦੇ ਭਰਾ ਬਿਅੰਤ ਸਿੰਘ, ਸਮੁੱਚੇ ਪਰਿਵਾਰ ਅਤੇ ਹੋਰ ਸਾਥੀ ਸੰਗੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਅਤਿ ਜ਼ਰੂਰੀ ਹੈ ਕਿ ਜਿੱਥੇ ਕੌਮ ਦੇ ਮਹਾਨ ਸ਼ਹੀਦ ਜਨਰਲ ਸ਼ਾਬੇਗ ਸਿੰਘ ਨੇ ਆਪਣੇ ਪਰਿਵਾਰ ਨਾਲ ਲੰਮਾ ਸਮਾਂ ਬਿਤਾਇਆ ਹੋਵੇ ਉਸ ਵਿਰਾਸਤ ਨੂੰ ਸੰਭਾਲਿਆ ਜਾਵੇ ਤਾਂ ਜੋ ਭਵਿੱਖ ਵਿੱਚ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਮਿਲ ਸਕੇ।