Punjab Religion

ਪੰਜਾਬ ’ਚ ਹੜ੍ਹਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਤਾ ਵਿਸ਼ੇਸ਼ ਇਕੱਤਰਤਾ ਦਾ ਸੱਦਾ

ਬਿਊਰੋ ਰਿਪੋਰਟ (ਅੰਮ੍ਰਿਤਸਰ, 9 ਸਤੰਬਰ 2025): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਗੰਭੀਰ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਸੂਬੇ ਦੇ ਲੋਕਾਂ ਨੂੰ ਫੌਰੀ ਰਾਹਤ ਦੇਣ ਲਈ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ, ਸਮੂਹਾਂ, ਸ਼ਖ਼ਸੀਅਤਾਂ ਤੇ ਪੰਜਾਬੀ ਅਦਾਕਾਰਾਂ ਤੇ ਕਲਾਕਾਰਾਂ ਨੇ ਚੰਗੀ ਭੂਮਿਕਾ ਨਿਭਾਈ ਹੈ, ਉਹ ਸ਼ਲਾਘਾਯੋਗ ਹੈ ਅਤੇ ਇਸ ਨਾਲ ਸਿੱਖ ਗੁਰੂ ਸਾਹਿਬਾਨ ਦੇ ਨਾਮ ਉੱਤੇ ਵੱਸਦੀ ਧਰਤ ਪੰਜਾਬ ਦੀ ਚੜ੍ਹਦੀ ਕਲਾ ਦਾ ਸੰਦੇਸ਼ ਦੇਸ਼ ਦੁਨੀਆ ਵਿੱਚ ਗਿਆ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਅੰਦਰ ਮੌਜੂਦਾ ਹੜ੍ਹਾਂ ਦੀ ਸਥਿਤੀ ਵਿੱਚ ਰਾਹਤ ਕਾਰਜ ਤੇ ਸੇਵਾਵਾਂ ਨਿਭਾਅ ਰਹੀਆਂ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ, ਸਮੂਹਾਂ, ਸ਼ਖ਼ਸੀਅਤਾਂ, ਪੰਜਾਬੀ ਅਦਾਕਾਰਾਂ ਤੇ ਕਲਾਕਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਮਸਲੇ ਉੱਤੇ ਸੰਜੀਦਾ ਵਿਚਾਰ ਲਈ ਇੱਕ ਵਿਸ਼ੇਸ਼ ਇਕੱਤਰਤਾ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

ਇਕੱਤਰਤਾ ਬਾਰੇ ਜਾਣਕਾਰੀ ਦਿੰਦਿਆਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਸ. ਬਗੀਚਾ ਸਿੰਘ ਨੇ ਕਿਹਾ ਕਿ ਇਹ ਇਕੱਤਰਤਾ ਮਿਤੀ 13 ਸਤੰਬਰ 2025 ਨੂੰ ਦੁਪਹਿਰ 12 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਸ੍ਰੀ ਅੰਮ੍ਰਿਤਸਰ ਵਿਖੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਸੰਸਥਾ ਇਕੱਤਰਤਾ ਵਿੱਚ ਆਪਣਾ ਕੇਵਲ ਇੱਕ ਨੁਮਾਇੰਦਾ ਹੀ ਭੇਜੇ ਤਾਂ ਜੋ ਲੋੜ ਅਨੁਸਾਰ ਸਮੁੱਚੇ ਸੇਵਾ ਤੇ ਰਾਹਤ ਕਾਰਜ ਸੁਚਾਰੂ ਤੇ ਸੰਗਠਤ ਰੂਪ ਵਿੱਚ ਜਾਰੀ ਰਹਿਣ।

ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਦੇ ਚੱਲਦਿਆਂ ਜਿੱਥੇ ਪੰਜਾਬੀਆਂ ਤੇ ਸਾਡੇ ਸ਼ੁੱਭਚਿੰਤਕਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਹਨ, ਉੱਥੇ ਹੀ ਹੁਣ ਲੋੜ ਹੈ ਕਿ ਸੇਵਾਵਾਂ ਕਰ ਰਹੀਆਂ ਸੰਸਥਾਵਾਂ ਸੰਗਠਤ ਹੋ ਕੇ ਸਾਰਥਕ ਢੰਗ ਨਾਲ ਰਾਹਤ ਸਮੱਗਰੀ ਦੀ ਵੰਡ ਕਰਨ ਤੇ ਲੰਮੇ ਸਮੇਂ ਤੱਕ ਸੇਵਾਵਾਂ ਜਾਰੀ ਰੱਖਣ ਦੇ ਹਿਸਾਬ ਨਾਲ ਕਾਰਜ ਕਰਨ ਤਾਂ ਜੋ ਸੇਵਾ ਕਾਰਜਾਂ ਵਿੱਚ ਸਹਿਯੋਗੀਆਂ ਤੇ ਸ਼ੁੱਭਚਿੰਤਕਾਂ ਦਾ ਦਸਵੰਧ ਵਿਅਰਥ ਨਾ ਜਾਵੇ ਅਤੇ ਇਸ ਦੀ ਦੁਰਵਰਤੋਂ ਨਾ ਹੋਵੇ।

ਪੰਜਾਬ ਵਿੱਚ ਵੱਡੇ ਪੱਧਰ ਉੱਤੇ ਲੋਕਾਂ ਦੇ ਘਰਾਂ, ਜਾਨ ਮਾਲ, ਪਸ਼ੂਆਂ, ਫ਼ਸਲਾਂ ਤੇ ਜ਼ਮੀਨਾਂ ਦਾ ਨੁਕਸਾਨ ਹੋਇਆ ਹੈ, ਇਸ ਲਈ ਪ੍ਰਭਾਵਿਤ ਲੋਕਾਂ ਖ਼ਾਸਕਰ ਲੋੜਵੰਦਾਂ ਦੇ ਮੁੜ ਵਸੇਬੇ, ਸਿੱਖਿਆ, ਸਿਹਤ, ਖੇਤੀਬਾੜੀ, ਪਸ਼ੂ-ਪਾਲਣ ਨੂੰ ਮੁੜ ਸੁਰਜੀਤ ਕਰਨ ਵਾਸਤੇ ਲੰਮੇ ਸਮੇਂ ਤੱਕ ਨੀਤੀਗਤ ਢੰਗ ਨਾਲ ਰਾਹਤ ਸੇਵਾਵਾਂ ਮੁਹੱਈਆ ਕਰਵਾਉਣੀਆਂ ਅਤਿ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਕਾਰਨਾਂ ਦੀ ਸੰਜੀਦਗੀ ਨਾਲ ਜਾਂਚ ਵੀ ਅਤਿ ਜ਼ਰੂਰੀ ਹੈ ਕਿ ਪੰਜਾਬ ਅੰਦਰ ਵਾਰ-ਵਾਰ ਇਹ ਹੜ੍ਹ ਕਿਉਂ ਆ ਰਹੇ ਹਨ ਤਾਂ ਜੋ ਸਮੂਹ ਪੰਜਾਬ ਵਾਸੀ ਸੁਚੇਤ ਹੋ ਸਕਣ।