India Punjab Religion

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕੀਤੇ ਜਾਣ ਦੇ ਮਾਮਲੇ ’ਚ ਜਥੇਦਾਰ ਵੱਲੋਂ ਸਖ਼ਤ ਨੋਟਿਸ, ਮੁਲਜ਼ਮ ਦਾ ਘਰ ਢਾਹਿਆ

ਬਿਊਰੋ ਰਿਪੋਰਟ (ਅੰਮ੍ਰਿਤਸਰ, 8 ਅਕਤੂਬਰ 2025): ਜੰਮੂ ਦੇ ਸਾਂਬਾ ਜ਼ਿਲ੍ਹੇ ਦੀ ਵਿਜੇਪੁਰ ਤਹਿਸੀਲ ਵਿੱਚ ਪੈਂਦੇ ਕੌਲਪੁਰ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਬੀਤੀ ਰਾਤ ਇਸ ਪਿੰਡ ਦੇ ਹੀ ਵਾਸੀ ਮਨਜੀਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਤੇਲ ਪਾ ਕੇ ਅਗਨ ਭੇਟ ਕਰਨ ਦੇ ਮਾਮਲੇ ਵਿੱਚ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਖ਼ੁਦ ਘਟਨਾ ਵਾਲੀ ਥਾਂ ਪੁੱਜੇ ਅਤੇ ਮਾਮਲੇ ਦੀ ਮੁਕੰਮਲ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਸ਼ਰਮਨਾਕ ਤੇ ਦੁਖਦਾਈ ਹੈ। ਇਸ ਘਟਨਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਪਾਵਨ ਸਰੂਪ ਪੂਰੀ ਤਰ੍ਹਾਂ ਅਗਨ ਭੇਟ ਹੋ ਗਏ ਜਦਕਿ ਇੱਕ ਸਰੂਪ ਨੂੰ ਕਾਫ਼ੀ ਸੇਕ ਲੱਗਾ ਹੈ।

ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਜਥੇਦਾਰ ਗੜਗੱਜ ਨੇ ਇਸ ਗੁਰਦੁਆਰਾ ਸਿੰਘ ਸਭਾ ਕੌਲਪੁਰ ਦੀ ਮੌਜੂਦਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਉੱਤੇ ਤਾਉਮਰ ਗੁਰੂ ਘਰ ਦੇ ਪ੍ਰਬੰਧਕ ਬਣਨ ਤੋਂ ਰੋਕ ਲਗਾ ਦਿੱਤੀ ਹੈ। ਉਨ੍ਹਾਂ ਵਿਸ਼ਵ ਭਰ ਵਿੱਚ ਵੱਸਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਤੇ ਕਮੇਟੀਆਂ ਨੂੰ ਅਤਿ ਜ਼ਰੂਰੀ ਤਾਕੀਦ ਕੀਤੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ, ਮੈਂਬਰ, ਸਕੱਤਰ ਬਣਨ ਦੀ ਥਾਂ ਗੁਰੂ ਘਰ ਦੇ ਸੱਚੇ ਸੇਵਾਦਾਰ ਬਣੀਏ ਅਤੇ ਸੇਵਾ ਭਾਵਨਾ ਨਾਲ ਹਰ ਗੁਰਦੁਆਰਾ ਸਾਹਿਬ ਅੰਦਰ 24 ਘੰਟੇ ਪਹਿਰੇਦਾਰੀ ਯਕੀਨੀ ਬਣਾਈਏ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਹਰ ਸਮੇਂ ਪਹਿਰੇਦਾਰੀ ਲਾਜ਼ਮੀ ਹੈ, ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਵਿੱਚ ਢਿਲਾਈ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਪਸੀ ਝਗੜੇ, ਅਹੁਦੇਦਾਰੀਆਂ ਦੇ ਵਿਵਾਦਾਂ ਨਾਲ ਜੁੜੇ ਬਹੁਤ ਮਾਮਲੇ ਆਉਂਦੇ ਹਨ, ਲੋੜ ਹੈ ਕਿ ਇਨ੍ਹਾਂ ਮਾਮਲਿਆਂ ਤੋਂ ਉੱਪਰ ਉੱਠ ਕੇ ਗੁਰੂ ਸਾਹਿਬ ਦੇ ਮਾਣ ਸਤਿਕਾਰ ਲਈ ਅਹੁਦੇਦਾਰੀਆਂ ਦੀਆਂ ਲਾਲਸਾਵਾਂ ਛੱਡ ਕੇ ਅਸੀਂ ਸੱਚੇ ਦਿਲੋਂ ਸੇਵਾਦਾਰ ਬਣ ਕੇ ਸੇਵਾਦਾਰੀਆਂ ਕਰੀਏ।

ਜ਼ਿਕਰਯੋਗ ਹੈ ਕਿ ਇਸ ਘਟਨਾ ਦੇ ਭਾਰੀ ਰੋਸ ਵਿੱਚ ਜਥੇਦਾਰ ਗੜਗੱਜ ਦੇ ਸਾਂਬਾ ਪਹੁੰਚਣ ਤੋਂ ਪਹਿਲਾਂ ਹੀ ਸਥਾਨਕ ਸੰਗਤ ਵੱਲੋਂ ਮਨਜੀਤ ਦਾ ਕੌਲਪੁਰ ਪਿੰਡ ਸਥਿਤ ਘਰ ਸਾੜ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਨੂੰ ਬੁਲਡੋਜ਼ਰਾਂ ਨਾਲ ਢਾਹ ਦਿੱਤਾ ਗਿਆ। ਗੁਰਦੁਆਰਾ ਸਾਹਿਬ ਵਿੱਚ ਸੰਗਤ ਦੀ ਇਕੱਤਰਤਾ ਦੌਰਾਨ ਸਾਂਬਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਆਯੂਸ਼ੀ ਸੂਦਨ, ਜੰਮੂ-ਸਾਂਬਾ-ਕਠੂਆ ਰੇਂਜ ਦੇ ਡੀਆਈਜੀ ਸ੍ਰੀ ਸ਼ਿਵ ਕੁਮਾਰ ਸ਼ਰਮਾ ਸਮੇਤ ਹੋਰ ਸਥਾਨਕ ਪ੍ਰਸ਼ਾਸਨ ਤੇ ਪੁਲਿਸ਼ ਦੇ ਅਧਿਕਾਰੀ ਵੀ ਪਹੁੰਚੇ ਜਿਨ੍ਹਾਂ ਦੀ ਹਾਜ਼ਰੀ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਜੋ ਗੁਨਾਹ ਮਨਜੀਤ ਨੇ ਕੀਤਾ ਹੈ ਉਹ ਬਖ਼ਸ਼ਣਯੋਗ ਨਹੀਂ। ਉਨ੍ਹਾਂ ਕਿਹਾ ਕਿ ਸਥਾਨਕ ਸਿੱਖ ਸੰਗਤ ਨੇ ਰੋਸ ਵਿੱਚ ਦੋਸ਼ੀ ਮਨਜੀਤ ਦਾ ਘਰ ਢਾਹ ਦਿੱਤਾ ਹੈ, ਕਿਉਂਕਿ ਉਸ ਨੇ ਇਸ ਗੁਨਾਹ ਨਾਲ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਮਨਾਂ ਨੂੰ ਬਹੁਤ ਗਹਿਰੀ ਸੱਟ ਮਾਰੀ ਹੈ।

ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਗੱਲ ਸਪੱਸ਼ਟ ਤੌਰ ਉੱਤੇ ਆਖੀ ਕਿ ਜੇਕਰ ਸਿੱਖਾਂ ਵੱਲੋਂ ਰੋਸ ਵਿੱਚ ਦੋਸ਼ੀ ਦਾ ਘਰ ਢਾਹੁਣ ਵਾਲੀ ਕਾਰਵਾਈ ਵਿੱਚ ਕਿਸੇ ਵੀ ਸਿੱਖ ਵਿਰੁੱਧ ਕੋਈ ਕਾਰਵਾਈ ਕੀਤੀ ਗਈ ਤਾਂ ਸਿੱਖ ਇਸ ਦਾ ਵਿਰੋਧ ਕਰਨਗੇ ਅਤੇ ਲੋੜ ਪੈਣ ਉੱਤੇ ਖ਼ਾਲਸਾ ਪੰਥ ਇੱਥੇ ਮੋਰਚਾ ਲਗਾਏਗਾ। ਜਥੇਦਾਰ ਗੜਗੱਜ ਨੇ ਕਿਹਾ ਕਿ ਭਾਵੇਂ ਕਿ ਦੋਸ਼ੀ ਮਨਜੀਤ ਨੂੰ ਪੁਲਿਸ ਵੱਲੋਂ ਕੁਝ ਘੰਟਿਆਂ ਬਾਅਦ ਹੀ ਪਕੜ ਲਿਆ ਗਿਆ ਹੈ ਪਰ ਜੋ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਨਾਲ ਦੋ ਵਿਅਕਤੀ ਹੋਰ ਵੀ ਇਸ ਮਾਮਲੇ ਵਿੱਚ ਸ਼ਾਮਲ ਹਨ ਉਨ੍ਹਾਂ ਨੂੰ ਵੀ ਤੁਰੰਤ ਗ੍ਰਿਫ਼ਤਾਰ ਕਰਕੇ ਨਸ਼ਰ ਕੀਤਾ ਜਾਵੇ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕੌਲਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਕਈ ਵੱਡੀਆਂ ਕਮੀਆਂ ਪਾਈਆਂ ਗਈਆਂ ਹਨ, ਗੁਰੂ ਘਰ ਦੀ ਸੁਰੱਖਿਆ ਲਈ ਕੋਈ ਪਹਿਰੇਦਾਰ ਨਹੀਂ, ਇੱਥੇ ਸੁਖਾਸਨ ਵਾਲੇ ਸਥਾਨ ਸਮੇਤ ਇਮਾਰਤ ਉੱਤੇ ਸ਼ੀਸ਼ੇ ਲੱਗੇ ਹਨ, ਜੋ ਕਿ ਪੂਰੀ ਸੁਰੱਖਿਆ ਪ੍ਰਦਾਨ ਨਹੀਂ ਕਰਦੇ, ਕੋਈ ਵੀ ਸ਼ੀਸ਼ਾ ਤੋੜ ਕੇ ਅੰਦਰ ਜਾ ਸਕਦਾ ਹੈ ਜਿਵੇਂ ਇਸ ਮਾਮਲੇ ਵਿੱਚ ਵਾਪਰਿਆ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫ਼ੋਂ ਇੱਕ ਵਫ਼ਦ ਵਿਸ਼ੇਸ਼ ਰੂਪ ਵਿੱਚ ਇਸ ਘਟਨਾ ਦੀ ਮੁਕੰਮਲ ਜਾਣਕਾਰੀ ਅਤੇ ਕਾਰਵਾਈ ਲਈ ਸਾਂਬਾ ਪੁੱਜਿਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਮੀਤ ਸਿੰਘ ਬੂਹ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਤੇ ਸਕੱਤਰ ਸ. ਪ੍ਰਤਾਪ ਸਿੰਘ ਸ਼ਾਮਲ ਸਨ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨ ਜੰਮੂ ਤੋਂ ਇੰਚਾਰਜ ਭਾਈ ਹਰਭਿੰਦਰ ਸਿੰਘ ਤੜਕੇ ਹੀ ਇਸ ਮਾਮਲੇ ਦੀ ਮੁਕੰਮਲ ਜਾਂਚ ਪੜਤਾਲ ਲਈ ਕੌਲਪੁਰ ਪਿੰਡ ਪੁੱਜੇ ਅਤੇ ਉਨ੍ਹਾਂ ਨੇ ਅਗਨ ਭੇਟ ਹੋਏ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਸੰਗਤ ਦੇ ਸਹਿਯੋਗ ਨਾਲ ਕੀਤੀ। ਸ਼੍ਰੋਮਣੀ ਕਮੇਟੀ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖ ਸੰਸਥਾ ਦਾ ਵਫ਼ਦ ਇਸ ਅਤਿ ਦੁਖਦਾਈ ਘਟਨਾ ਦੀ ਜਾਂਚ ਲਈ ਸਾਂਬਾ ਪੁੱਜਿਆ ਅਤੇ ਇੱਥੋਂ ਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਆਖਿਆ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਮਨਜੀਤ ਤੇ ਜਿਹੜੇ ਵੀ ਹੋਰ ਦੋਸ਼ੀ ਇਸ ਘਟਨਾ ਵਿੱਚ ਸ਼ਾਮਲ ਹਨ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਦੋਸ਼ੀ ਦਾ ਘਰ ਢਾਹੁਣ ਦੇ ਮਾਮਲੇ ਵਿੱਚ ਕਿਸੇ ਵੀ ਸਿੱਖ ਵਿਰੁੱਧ ਕਾਰਵਾਈ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਗਨ ਭੇਟ ਹੋਏ ਪਾਵਨ ਸਰੂਪਾਂ ਨੂੰ ਮਰਯਾਦਾ ਸਹਿਤ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਲਈ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।