Punjab Religion

ਪੰਥਕ ਏਕਤਾ ਤੇ ਸਿੱਖ ਭਾਵਨਾਵਾਂ ਦੀ ਉਲੰਘਣਾ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਆਦੇਸ਼ ਜਾਰੀ

ਬਿਊਰੋ ਰਿਪੋਰਟ (ਅੰਮ੍ਰਿਤਸਰ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਅੱਜ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸਿੱਖ ਧਾਰਮਿਕ ਅਖੰਡਤਾ, ਪੰਥਕ ਏਕਤਾ ਅਤੇ ਪੰਜਾਬ ਸਰਕਾਰ ਵੱਲੋਂ ਸਿੱਖ ਮਰਯਾਦਾ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਦੀਰਘ ਵਿਚਾਰ-ਵਟਾਂਦਰਾ ਕਰਕੇ ਸਖ਼ਤ ਆਦੇਸ਼ ਜਾਰੀ ਕੀਤੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਹੋਈ ਇਕੱਤਰਤਾ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਕੇਵਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਟੇਕ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਗਿਆਨੀ ਮੰਗਲ ਸਿੰਘ ਨੇ ਸ਼ਮੂਲੀਅਤ ਕੀਤੀ।

ਇਕੱਤਰਤਾ ਵਿੱਚ ਤਿੰਨ ਅਹਿਮ ਆਦੇਸ਼ ਪਾਸ ਕੀਤੇ ਗਏ। ਪੰਜ ਸਿੰਘ ਸਾਹਿਬਾਨ ਨੇ ਵੱਖ-ਵੱਖ ਸਿੱਖ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਤੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਮਾਮਲਾ ਵਿਚਾਰਿਆ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਕੁਝ ਧਿਰਾਂ ਸਿਆਸੀ ਲਾਭ ਦੀ ਪ੍ਰਾਪਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਰਪ੍ਰਸਤੀ ਦਾ ਦਾਅਵਾ ਕਰ ਰਹੀਆਂ ਹਨ। ਪੰਜ ਸਿੰਘ ਸਾਹਿਬਾਨ ਨੇ 2 ਦਸੰਬਰ, 2024 ਨੂੰ ਜਾਰੀ ਕੀਤੇ ਗਏ ਆਦੇਸ਼ ਦੇ ਸਬੰਧ ਵਿੱਚ ਆਦੇਸ਼ ਵਿੱਚ ਕਿਹਾ ਕਿ ਸਾਰੀਆਂ ਅਕਾਲੀ ਧਿਰਾਂ ਨੂੰ ਆਪਣੇ ਮਤਭੇਦਾਂ ਨੂੰ ਪਾਸੇ ਰੱਖ ਕੇ ਇੱਕਜੁੱਟ ਹੋਣ ਦਾ ਨਿਰਦੇਸ਼ ਦਿੱਤਾ ਗਿਆ ਸੀ।

ਹਾਲਾਂਕਿ, ਇਸ ਸਬੰਧ ਵਿੱਚ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ। ਕਿਹਾ ਗਿਆ ਕਿ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ, ਸਿਆਸੀ ਧਿਰਾਂ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਮਾਈ ਭਾਈ ਦੇ ਹੱਕ ਹਕੂਕ ਤੇ ਹਿੱਤ ਵਿੱਚ ਖੜ੍ਹਾ ਹੈ। ਜੇਕਰ ੦੨ ਦਸੰਬਰ ੨੦੨੪ ਨੂੰ ਹੋਏ ਆਦੇਸ਼ ਨੂੰ ਕੋਈ ਵੀ ਧਿਰ ਇੰਨ-ਬਿੰਨ ਨਹੀਂ ਮੰਨਣਾ ਚਾਹੁੰਦੀ ਤਾਂ ਉਨ੍ਹਾਂ ਨੂੰ ਆਪੋ-ਆਪਣੀ ਸਿਆਸਤ ਮੁਬਾਰਕ ਹੈ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦਾ ਦਾਅਵਾ ਕਰਕੇ ਸੰਗਤ ਵਿੱਚ ਭਰਮ-ਭੁਲੇਖੇ ਪੈਦਾ ਨਾ ਕੀਤੇ ਜਾਣ, ਕਿਉਂਕਿ ਵੱਖੋ-ਵੱਖਰੇ ਚੁੱਲ੍ਹੇ ਕਾਇਮ ਰੱਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਦੀ ਭਾਵਨਾ ਸੰਪੂਰਨ ਨਹੀਂ ਕੀਤੀ ਜਾ ਸਕਦੀ।

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਦੀਰਘ ਵਿਚਾਰ ਵਟਾਂਦਰਾ ਕਰਕੇ ਆਦੇਸ਼ ਕੀਤਾ ਜਾਂਦਾ ਹੈ ਕਿ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਅਵਾ ਨਾ ਕਰੇ। ਖ਼ਾਲਸਾ ਪੰਥ ਦੇ ਵਡੇਰੇ ਹਿਤਾਂ, ਪੰਜਾਬ ਦੀ ਜ਼ਮੀਨ ਨੂੰ ਬਚਾਉਣ, ਸਿੱਖ ਪਛਾਣ ਤੇ ਕਕਾਰਾਂ ਨੂੰ ਦਰਪੇਸ਼ ਚੁਣੌਤੀਆਂ, ਮੌਜੂਦਾ ਤਕਨੀਕੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਯੁੱਗ ਅੰਦਰ ਸਿੱਖ ਇਤਿਹਾਸ, ਸਿਧਾਂਤ ਅਤੇ ਪਾਵਨ ਗੁਰਬਾਣੀ ਨਾਲ ਛੇੜਛਾੜ ਅਤੇ ਦੇਸ਼-ਵਿਦੇਸ਼ ਅੰਦਰ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਮਾਮਲਿਆਂ ਨੂੰ ਨਜਿੱਠਣ ਲਈ ਸਮੂਹ ਅਕਾਲੀ ਅਤੇ ਪੰਥਕ ਧਿਰਾਂ ਲਾਮਬੰਦੀ ਕਰਕੇ ਇਕਜੁੱਟ ਹੋ ਕੇ ਚੱਲਣ।

ਦੂਜੇ ਮਤੇ ਵਿੱਚ ਪੰਜ ਸਿੰਘ ਸਾਹਿਬਾਨ ਨੇ ਕਿਹਾ ਕਿ 24 ਜੁਲਾਈ 2025 ਨੂੰ ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਪੰਜਾਬ ਤੇ ਹੋਰ ਸੰਸਥਾਵਾਂ ਵੱਲੋਂ ਸਾਂਝੇ ਤੌਰ ਉੱਤੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਇੱਕ ਪ੍ਰੋਗਰਾਮ ਟੈਗੋਰ ਹਾਲ ਵਿਖੇ ਕੀਤਾ, ਜਿਸ ਵਿੱਚ ਨਾਚ-ਗਾਣੇ ਤੇ ਮਨੋਰੰਜਨ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ। ਦੇਸ਼ ਵਿਦੇਸ਼ ਤੋਂ ਸਿੱਖ ਸੰਗਤ ਨੇ ਇਸ ਸਬੰਧੀ ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਅਤੇ ਪੰਜਾਬੀ ਗਾਇਕ ਬੀਰ ਸਿੰਘ ਵਿਰੁੱਧ ਲਿਖਤੀ ਸ਼ਿਕਾਇਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀਆਂ ਜਿਨ੍ਹਾਂ ਉੱਤੇ ਵਿਚਾਰ ਕੀਤੀ ਗਈ ਹੈ।

ਇਸ ਸਬੰਧੀ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸਰਕਾਰਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆ ਉੱਤੇ ਸੈਮੀਨਾਰ, ਗੋਸ਼ਟੀਆਂ ਤੇ ਲੈਕਚਰ ਕਰਵਾਉਣੇ ਚਾਹੀਦੇ ਹਨ ਪਰ ਉਨ੍ਹਾਂ ਵਿੱਚ ਵੀ ਸਿੱਖ ਧਾਰਮਿਕ ਮਰਯਾਦਾ ਦਾ ਪੂਰਨ ਧਿਆਨ ਰੱਖਿਆ ਜਾਵੇ। ਇਨ੍ਹਾਂ ਸਮਾਗਮਾਂ ਨੂੰ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ, ਸ੍ਰੀ ਅੰਮ੍ਰਿਤਸਰ ਦਾ ਸਹਿਯੋਗ ਲਿਆ ਜਾਵੇ। ਧਾਰਮਿਕ ਤੇ ਗੁਰਮਤਿ ਸਮਾਗਮ ਕਰਨੇ ਅਤੇ ਨਗਰ ਕੀਰਤਨ ਕੱਢਣੇ ਖ਼ਾਲਸਾ ਪੰਥ ਦੀਆਂ ਸਿੱਖ ਸੰਸਥਾਵਾਂ ਦੇ ਕਾਰਜ ਹਨ ਅਤੇ ਪੰਥ ਇਨ੍ਹਾਂ ਨੂੰ ਕਰਨ ਲਈ ਪੂਰਨ ਸਮਰੱਥ ਹੈ, ਇਸ ਲਈ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਉੱਤੇ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸਹਿਯੋਗ ਕਰੇ, ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਬਿਹਾਰ ਸਰਕਾਰ ਨੇ ਕੀਤਾ ਸੀ। ਸਿੱਖ ਸੰਸਥਾਵਾਂ ਵੀ ਸਰਕਾਰ ਅਤੇ ਸਰਕਾਰ ਦੇ ਨੁਮਾਇੰਦਿਆਂ ਦਾ ਇਨ੍ਹਾਂ ਸਮਾਗਮਾਂ ਵਿੱਚ ਬਣਦਾ ਸਤਿਕਾਰ ਕਰੇ, ਕਿਉਂਕਿ ਸ਼ਤਾਬਦੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਦੇਸ਼-ਵਿਦੇਸ਼ ਤੋਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੌਵੇਂ ਪਾਤਸ਼ਾਹ ਨਾਲ ਸਬੰਧਤ ਹੋਰ ਗੁਰਧਾਮਾਂ ਉੱਤੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਪਹੁੰਚਣਗੀਆਂ, ਇਸ ਲਈ ਪੰਜਾਬ ਸਰਕਾਰ ਇਨ੍ਹਾਂ ਥਾਵਾਂ ਨੂੰ ਆਉਂਦੇ ਰਸਤੇ, ਸੜਕਾਂ ਠੀਕ ਕਰੇ, ਲੋੜੀਂਦੇ ਵਿਕਾਸ ਕਾਰਜ ਕਰੇ ਅਤੇ ਸੰਗਤ ਦੀ ਸਹੂਲਤ ਵਾਲੇ ਹੋਰ ਪ੍ਰਬੰਧ ਯਕੀਨੀ ਬਣਾਵੇ।

ਜਿਵੇਂ ਬੀਤੇ ਸਮੇਂ ਮਨਾਈਆਂ ਸ਼ਤਾਬਦੀਆਂ ਮੌਕੇ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਸਾਹਿਬਾਨ ਨੂੰ ਸਮਰਪਿਤ ਹੁੰਦਿਆਂ ਕਾਲਜ, ਹਸਪਤਾਲ, ਯੂਨੀਵਰਸਿਟੀਆਂ ਸਥਾਪਤ ਕੀਤੀਆਂ ਹਨ, ਪੰਜਾਬ ਸਰਕਾਰ ਉਸੇ ਤਰਜ ਉੱਤੇ ਕਾਰਜ ਕਰਦਿਆਂ ਨੌਵੇਂ ਪਾਤਸ਼ਾਹ ਦੀ ਯਾਦਗਾਰ ਵਜੋਂ ਲੋਕ ਭਲਾਈ ਲਈ ਅਜਿਹੇ ਸੰਸਥਾਨ ਕਾਇਮ ਕਰੇ।ਸਾਹਮਣੇ ਆਏ ਤੱਥਾਂ ਤੋਂ ਸਪੱਸ਼ਟ ਹੋਇਆ ਹੈ ਕਿ ਸ਼੍ਰੀਨਗਰ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਸਿੱਖ ਮਰਯਾਦਾ ਦੀ ਵੱਡੀ ਉਲੰਘਣਾ ਹੋਈ ਹੈ, ਜਿਸ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ।

ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ ਨੂੰ ਆਦੇਸ਼ ਕੀਤਾ ਗਿਆ ਕਿ ਉਹ ਅੱਜ ਹੀ ਨੌਵੇਂ ਪਾਤਸ਼ਾਹ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ, ਸ੍ਰੀ ਅੰਮ੍ਰਿਤਸਰ ਵਿਖੇ ਤੁਰ ਕੇ ਜਾਣਗੇ ਅਤੇ ਇਸ ਅਸਥਾਨ ਨੂੰ ਜਾਂਦੇ ਰਸਤਿਆਂ ਅਤੇ ਗਲੀਆਂ ਨੂੰ ਠੀਕ ਕਰਵਾਉਣਗੇ ਅਤੇ ਚੰਗੀ ਸਾਫ਼-ਸਫਾਈ ਯਕੀਨੀ ਬਣਾਉਣਗੇ, ਗੁਰਦੁਆਰਾ ਕੋਠਾ ਸਾਹਿਬ ਪਾਤਸ਼ਾਹੀ ਨੌਵੀਂ, ਵੱਲਾ, ਸ੍ਰੀ ਅੰਮ੍ਰਿਤਸਰ ਵਿਖੇ 100 ਮੀਟਰ ਤੁਰ ਕੇ ਜਾਣ ਅਤੇ ਇਸ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨ, ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ ਲੋੜੀਂਦੇ ਕਾਰਜਾਂ ਤੇ ਰਸਤਿਆਂ ਦਾ ਪ੍ਰਬੰਧ ਯਕੀਨੀ ਬਣਾਉਣਗੇ, ਇਹ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਵਿਖੇ ਨਤਮਸਤਕ ਹੋਣ ਲਈ ਜਾਣਗੇ ਅਤੇ ਉਪਰੰਤ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ 2 ਦਿਨ ਜੋੜਾ ਘਰ ਵਿੱਚ ਸੇਵਾ ਕਰਨ ਉਪਰੰਤ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣਗੇ।

ਇਕੱਤਰਤਾ ਵਿੱਚ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ, ਜੰਮੂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਨਗਰ, ਜੰਮੂ ਦੀ ਪ੍ਰਬੰਧਕ ਕਮੇਟੀ ਵੱਲੋਂ ਪੰਥ ’ਚੋਂ ਛੇਕੇ ਰਾਗੀ ਦਰਸ਼ਨ ਸਿੰਘ ਨੂੰ ਸਮਾਗਮ ਵਿਚ ਬੁਲਾਉਣ ਸਬੰਧੀ ਮਾਮਲਾ ਵਿਚਾਰਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਦੀ ਕੀਤੀ ਉਲੰਘਣਾ ਦੇ ਦੋਸ਼ ਵਜੋਂ ਰਣਜੀਤ ਸਿੰਘ ਟੌਹੜਾ ਪ੍ਰਧਾਨ ਤੇ ਜਗਪਾਲ ਸਿੰਘ ਕੈਸ਼ੀਅਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ, ਜੰਮੂ ਅਤੇ ਸੋਮਨਾਥ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਨਗਰ, ਜੰਮੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ, ਜਿਸ ’ਤੇ ਪੰਜ ਸਿੰਘ ਸਾਹਿਬਾਨ ਨੇ ਇਨ੍ਹਾਂ ਨੂੰ ਸੇਵਾ ਲਗਾਈ ਹੈ ਕਿ ਇਹ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਜੋੜੇ ਝਾੜਨ, ਭਾਂਡੇ ਮਾਂਜਣ ਅਤੇ ਇੱਕ ਘੰਟਾ ਹੱਥੀ ਸੇਵਾ ਕਰਨ। ਇਹ 11 ਦਿਨ ਨਿਤਨੇਮ ਤੋਂ ਇਲਾਵਾ ਪੰਜ ਪਾਠ ਜਪੁ ਜੀ ਸਾਹਿਬ ਅਤੇ ਪੰਜ ਪਾਠ ਜਾਪੁ ਸਾਹਿਬ ਜੀ ਦੇ ਕਰਨ। ਸੇਵਾ ਪੂਰੀ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜਰ ਹੋ ਕੇ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ 1100 ਰੁਪਏ ਗੁਰੂ ਦੀ ਗੋਲਕ ਵਿਚ ਪਾ ਕੇ ਅਰਦਾਸ ਕਰਵਾਉਣ।