Punjab

11 ਮਹੀਨੇ ਬਾਅਦ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਦੀ ਗ੍ਰਿਫਤਾਰੀ !

ਬਿਉਰੋ ਰਿਪੋਰਟ : ਅਜਨਾਲਾ ਥਾਣੇ ‘ਤੇ ਹਮਲੇ ਮਾਮਲੇ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਘਟਨਾ ਤੋਂ ਤਕਰੀਬਨ 11 ਮਹੀਨੇ ਬਾਅਦ FIR ਨੰਬਰ 39 ਅਧੀਨ ਸ਼੍ਰੀ ਮੁਕਤਸਰ ਦੇ ਰਹਿਣ ਵਾਲੇ ਕੁਲਵੰਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਅਜਨਾਲਾ ਦੇ DSP ਰਿਪੁਤਪਨ ਸਿੰਘ ਨੇ ਉਸ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ ਹੈ । ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਵੇਗਾ। ਪਰ ਉਨ੍ਹਾਂ ਨੇ ਹੁਣ ਤੱਕ ਇਹ ਨਹੀਂ ਦੱਸਿਆ ਕੀ ਆਖਿਰ 11 ਮਹੀਨੇ ਬਾਅਦ ਕੁਲਵੰਤ ਸਿੰਘ ਦੀ ਗ੍ਰਿਫਤਾਰੀ ਕਿਉਂ ਹੋਈ ਹੈ ? ਕੀ ਉਹ ਫ਼ਰਾਰ ਚੱਲ ਰਿਹਾ ਸੀ ? ਅਜਨਾਲਾ ਮਾਮਲੇ ਵਿੱਚ ਉਸ ਦਾ ਰੋਲ ਕੀ ਸੀ ?

ਕਦੋਂ ਹੋਇਆ ਸੀ ਅਜਨਾਲਾ ਮਾਮਲਾ ?

23 ਫਰਵਰੀ 2023 ਨੂੰ ਅਜਨਾਲਾ ਥਾਣੇ ਦੇ ਬਾਹਰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਲਵਪ੍ਰੀਤ ਸਿੰਘ ਦੀ ਗਲਤ ਗ੍ਰਿਫਤਾਰ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਪਹੁੰਚੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੇ ਕੋਸ਼ਿਸ਼ ਕੀਤਾ ਮਹੌਲ ਤਣਾਅ ਪੂਰਨ ਹੋ ਗਿਆ ਅਤੇ ਵੇਖਦੇ ਹੀ ਵੇਖਦੇ ਹਿੰਸਕ ਹੋਇਆ। ਇਸ ਤੋਂ ਬਾਅਦ ਪੁਲਿਸ ਨੇ ਅਗਲੇ ਦਿਨ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਖਿਲਾਫ ਦਰਜ ਕੇਸ ਵਾਪਸ ਲੈ ਲਏ ਸਨ । ਪਰ ਅਗਲੇ ਮਹੀਨੇ 18 ਮਾਰਚ ਨੂੰ ਪੰਜਾਬ ਪੁਲਿਸ ਜਦੋਂ ਅਜਨਾਲਾ ਹਿੰਸਾ ਦੇ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਗਈ ਤਾਂ ਉਹ ਹੱਥ ਨਹੀਂ ਲੱਗੇ । ਇਸ ਆਪਰੇਸ਼ਨ ਦੌਰਾਨ ਪੁਲਿਸ ਨੇ ਉਨ੍ਹਾਂ ਦੇ 78 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ । ਸ਼ੁਰੂਆਤ ਵਿੱਚ ਫੜੇ ਗਏ 8 ਸਾਥੀਆਂ ਨੂੰ NSA ਅਧੀਨ ਅਸਾਮ ਦੀ ਡਿਬੜੂਗੜ੍ਹ ਜੇਲ੍ਹ ਭੇਜ ਦਿੱਤਾ । ਫਿਰ 23 ਅਪ੍ਰੈਲ ਤਕਰੀਬਨ 36 ਦਿਨਾਂ ਦੇ ਬਾਅਦ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਮੋਗਾ ਤੋਂ ਹੋਈ ਅਤੇ ਉਨ੍ਹਾਂ ਨੂੰ ਵੀ NSA ਅਧੀਨ ਬਠਿੰਡਾ ਏਅਰ ਲਿਫਟ ਕਰਕੇ ਅਸਾਮ ਦੀ ਡਿਬੜੂਗੜ੍ਹ ਜੇਲ੍ਹ ਭੇਜਿਆ ਗਿਆ ਹੈ। ਤਕਰੀਬਨ 10 ਮਹੀਨੇ ਤੋਂ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ NSA ਅਧੀਨ ਬੰਦ ਹਨ । ਨਵੰਬਰ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਿਹਾਈ ਦੇ ਲਈ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਅਦਾਲਤ ਨੇ ਉਸ ਨੂੰ ਖਾਰਜ ਕਰ ਦਿੱਤਾ ।