India Punjab Religion

ਹੇਮਕੁੰਟ ਸਾਹਿਬ ਦੇ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ! ਪੰਜਾਬ ਤੋਂ ਸਿੱਧੀ ਹਵਾਈ ਸੇਵਾ ਸ਼ੁਰੂ

Sri Hemkunt Sahib

25 ਮਈ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਰਹੀ ਹੈ। ਜੇ ਤੁਸੀਂ ਵੀ ਇਹ ਯਾਤਰਾ ਕਰਨ ਦੇ ਚਾਹਵਾਨ ਹੋ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ ਕਿ ਹੁਣ ਤੁਸੀਂ ਹੈਲੀਕਾਪਟਰ ’ਤੇ ਗੁਰਧਾਮ ਦੇ ਦਰਸ਼ਨ ਕਰ ਸਕਦੇ ਹੋ। ਇਸ ਵਾਰ ਉੱਤਰਾਖੰਡ ਦੇ ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਨਵੀਂ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਰਧਾਲੂਆਂ ਲਈ ਅੱਤ ਦੀ ਬਰਫ਼ ਵਿੱਚ ਇਹ ਯਾਤਰਾ ਕਰਨਾ ਆਸਾਨ ਹੋ ਜਾਵੇਗਾ। ਖ਼ਾਸ ਕਰਕੇ ਬਜ਼ੁਰਗਾਂ ਨੂੰ ਵੱਡੀ ਰਾਹਤ ਮਿਲੇਗੀ।

ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਦੇਹਰਾਦੂਨ ਤਕ ਵੀ ਹਫ਼ਤੇ ਵਿੱਚ ਤਿੰਨ ਦਿਨ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਹਰ ਸਾਲ ਗੁਰਦੁਆਰਾ ਗੋਬਿੰਦ ਘਾਟ ਤੋਂ ਘਾਂਗਰੀਆ ਤੱਕ ਹੈਲੀਕਾਪਟਰ ਸੇਵਾ ਚੱਲ ਰਹੀ ਸੀ।

ਆਮ ਵੇਖਿਆ ਜਾਂਦਾ ਹੈ ਕਿ ਬਰਫ਼ ਦੇ ਪਹਾੜਾਂ ’ਤੇ ਯਾਤਰਾ ਦੌਰਾਨ ਕਈ ਵਾਰ ਮੌਸਮ ਵੀ ਖ਼ਰਾਬ ਹੋ ਜਾਂਦਾ ਹੈ, ਜਿਸ ਕਰਕੇ ਸ਼ਰਧਾਲੂਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਖ਼ਰਾਬ ਮੌਸਮ ਵਿੱਚ ਵੀ ਇਸ ਵਾਰ ਯਾਤਰਾ ਕਰਨ ’ਚ ਮਦਦ ਮਿਲੇਗੀ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਯਾਤਰਾ ਲਈ ਚੱਲ ਰਹੇ ਪ੍ਰਬੰਧਾਂ ਬਾਰੇ ਦੱਸਿਆ ਕਿ ਸ਼ਰਧਾਲੂਆਂ ਦਾ ਪਹਿਲਾ ਜਥਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ।

ਉਨ੍ਹਾਂ ਦੱਸਿਆ ਕਿ 25 ਮਈ ਤੋਂ ਗੋਬਿੰਦ ਘਾਟ ਤੋਂ ਘਾਂਗਰੀਆ ਤੱਕ ਦੀ ਹੈਲੀਕਾਪਟਰ ਸੇਵਾ ਦੇ ਨਾਲ ਹੀ ਗੋਚਰ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਵੀ ਨਵੀਂ ਹੈਲੀਕਾਪਟਰ ਸੇਵਾ 25 ਮਈ ਤੋਂ ਸ਼ੁਰੂ ਹੋ ਰਹੀ ਹੈ।