ਐਤਵਾਰ ਨੂੰ ਦੇਸ਼ ਦੀ ਰਾਜਧਾਨੀ ‘ਚ ਹਵਾ ਦੀ ਗੁਣਵੱਤਾ ਦਾ ਪੱਧਰ ‘ਗੰਭੀਰ’ ਸ਼੍ਰੇਣੀ ‘ਚ ਪਹੁੰਚ ਗਿਆ। ਹਰ ਸਾਲ ਦੀ ਤਰ੍ਹਾਂ ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਦਿੱਲੀ ‘ਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਬਣੀ ਰਹਿੰਦੀ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਸਭ ਤੋਂ ਵੱਧ ਪ੍ਰਦੂਸ਼ਣ ਦਿੱਲੀ ਦੇ ਨਹਿਰੂ ਨਗਰ ਦੀ ਹਵਾ ਵਿੱਚ ਦਰਜ ਕੀਤਾ ਗਿਆ।
ਸਵੇਰੇ 8 ਵਜੇ ਦੇ ਅੰਕੜਿਆਂ ਅਨੁਸਾਰ ਨਹਿਰੂ ਨਗਰ ਵਿੱਚ AQI 431 ਦਰਜ ਕੀਤਾ ਗਿਆ। ਜਿਸ ਨੂੰ ਹਵਾ ਦੀ ਗੁਣਵੱਤਾ ਦਾ ‘ਗੰਭੀਰ’ ਪੱਧਰ ਮੰਨਿਆ ਜਾਂਦਾ ਹੈ। ਨਹਿਰੂ ਨਗਰ ਤੋਂ ਇਲਾਵਾ ਦਿੱਲੀ ਦੇ ਆਨੰਦ ਵਿਹਾਰ, ਅਸ਼ੋਕ ਵਿਹਾਰ, ਪੰਜਾਬੀ ਬਾਗ ਅਤੇ ਰੋਹਿਣੀ ਵਿੱਚ AQI 400 ਤੋਂ ਉੱਪਰ ਦਰਜ ਕੀਤਾ ਗਿਆ।
ਇਨ੍ਹਾਂ ਖੇਤਰਾਂ ਤੋਂ ਇਲਾਵਾ, ਦਿੱਲੀ ਦੇ ਜ਼ਿਆਦਾਤਰ ਖੇਤਰਾਂ ਵਿੱਚ AQI 300 ਤੋਂ 400 ਦੇ ਵਿਚਕਾਰ ਦਰਜ ਕੀਤਾ ਗਿਆ ਸੀ। ਜਿਸ ਨੂੰ ਹਵਾ ਦੀ ਗੁਣਵੱਤਾ ਦਾ ‘ਬਹੁਤ ਮਾੜਾ’ ਪੱਧਰ ਮੰਨਿਆ ਜਾਂਦਾ ਹੈ।
ਦਿੱਲੀ ਦੇ ਸਥਾਨਕ ਲੋਕਾਂ ਨੂੰ ਵੀ ਹਵਾ ਪ੍ਰਦੂਸ਼ਣ ਕਾਰਨ ਸਾਹ ਲੈਣ ਵਿੱਚ ਦਿੱਕਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਇੱਕ ਸਥਾਨਕ ਨੇ ਕਿਹਾ, “ਸਾਹ ਲੈਣ ਵਿੱਚ ਬਹੁਤ ਮੁਸ਼ਕਲ ਹੋ ਰਹੀ ਹੈ। ਅੱਖਾਂ ਵਿੱਚ ਜਲਨ ਵੀ ਹੈ। ਮੈਂ ਲੋਕਾਂ ਨੂੰ ਕਸਰਤ ਜਾਂ ਸਵੇਰ ਦੀ ਸੈਰ ਤੋਂ ਬਚਣ ਦੀ ਸਲਾਹ ਦੇਵਾਂਗਾ।”