ਬਿਊਰੋ ਰਿਪੋਰਟ: ਸੋਮਵਾਰ ਸਵੇਰੇ ਮੁੰਬਈ ਹਵਾਈ ਅੱਡੇ ’ਤੇ ਲੈਂਡਿੰਗ ਦੌਰਾਨ ਏਅਰ ਇੰਡੀਆ ਦਾ AI2744 ਜਹਾਜ਼ ਰਨਵੇਅ ਤੋਂ ਫਿਸਲ ਗਿਆ। ਇਹ ਜਹਾਜ਼ ਕੋਚੀ ਤੋਂ ਮੁੰਬਈ ਆਇਆ ਸੀ। ਮੁੰਬਈ ਵਿੱਚ ਭਾਰੀ ਬਾਰਿਸ਼ ਕਾਰਨ ਰਨਵੇਅ ਫਿਸਲ ਗਿਆ, ਜਿਸ ਕਾਰਨ ਜਹਾਜ਼ ਰਨਵੇਅ ਤੋਂ 16 ਤੋਂ 17 ਮੀਟਰ ਦੂਰ ਘਾਹ ’ਤੇ ਜਾ ਡਿੱਗਾ।
ਇਹ ਹਾਦਸਾ ਸਵੇਰੇ 9:27 ਵਜੇ ਹੋਇਆ। ਤਸਵੀਰਾਂ ਤੋਂ ਪਤਾ ਚੱਲਿਆ ਕਿ ਜਹਾਜ਼ ਦੇ ਸੱਜੇ ਇੰਜਣ ਦਾ ਨੈਸੇਲ (ਢੱਕਣ) ਖਰਾਬ ਹੋ ਗਿਆ ਸੀ। ਇਸ ਘਟਨਾ ਦੇ ਬਾਵਜੂਦ, ਜਹਾਜ਼ ਨੂੰ ਪਾਰਕਿੰਗ ਵਿੱਚ ਲਿਆਂਦਾ ਗਿਆ, ਜਿੱਥੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਉਤਾਰ ਦਿੱਤਾ ਗਿਆ। ਇਸ ਦੌਰਾਨ, ਜਹਾਜ਼ ਦੇ ਤਿੰਨ ਟਾਇਰ ਫਟ ਗਏ।
ਏਅਰ ਇੰਡੀਆ ਨੇ ਕਿਹਾ ਕਿ ਹਾਦਸੇ ਵਿੱਚ ਕਿਸੇ ਵੀ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਨੂੰ ਨੁਕਸਾਨ ਨਹੀਂ ਪਹੁੰਚਿਆ। ਹਾਲਾਂਕਿ, ਮੁੰਬਈ ਹਵਾਈ ਅੱਡੇ ਦੇ ਮੁੱਖ ਰਨਵੇਅ, 09/27 ਨੂੰ ਨੁਕਸਾਨ ਪਹੁੰਚਿਆ ਹੈ। ਰਨਵੇਅ ’ਤੇ ਉਡਾਣਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਰਨਵੇਅ ਦੇ ਨਾਲ ਤਿੰਨ ਸਾਈਨ ਬੋਰਡ ਅਤੇ ਚਾਰ ਲਾਈਟਾਂ ਵੀ ਟੁੱਟ ਗਈਆਂ ਹਨ।
DGCA ਦੀ ਟੀਮ ਮੁੰਬਈ ਹਵਾਈ ਅੱਡੇ ’ਤੇ ਪਹੁੰਚੀ
ਮੁੰਬਈ ਹਵਾਈ ਅੱਡੇ ’ਤੇ ਉਡਾਣ ਸੰਚਾਲਨ ਮੁੜ ਸ਼ੁਰੂ ਕਰਨ ਲਈ ਦੂਜਾ ਰਨਵੇ, 14/32, ਚਾਲੂ ਕਰ ਦਿੱਤਾ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਦੀ ਇੱਕ ਟੀਮ ਮਾਮਲੇ ਦੀ ਜਾਂਚ ਲਈ ਹਵਾਈ ਅੱਡੇ ’ਤੇ ਪਹੁੰਚ ਗਈ ਹੈ। ਏਅਰ ਇੰਡੀਆ ਦੇ ਅਨੁਸਾਰ, ਜਹਾਜ਼ ਦੀ ਜਾਂਚ ਜਾਰੀ ਹੈ। ਦੋਵੇਂ ਪਾਇਲਟਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।