‘ਦ ਖ਼ਾਲਸ ਬਿਊਰੋ : ਰੂਸ ਦੀ ਯੂਕਰੇਨ ‘ਤੇ ਅੱਜ ਸਵੇਰੇ ਕੀਤੀ ਗਈ ਕਾਰਵਾਈ ਤੋਂ ਬਾਅਦ ਭਾਰਤੀਆਂ ਨੂੰ ਲੈਣ ਲਈ ਉਡਿਆ ਏਅਰ ਇੰਡੀਆ ਦਾ ਜਹਾਜ਼ ਰਾਹ ’ਚੋਂ ਮੁੜ ਆਇਆ ਹੈ। ਯੂਕਰੇਨ ਵਿੱਚ ਰਹਿ ਰਹੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦੀ ਦੂਜੀ ਫਲਾਈਟ ਅੱਜ ਸਵੇਰੇ ਯੂਕਰੇਨ ਲਈ ਰਵਾਨਾ ਹੋਈ ਸੀ ਪਰ ਰੂਸ ਦੇ ਫੌਜੀ ਹ ਮਲੇ ਕਾਰਨ ਯੂਕਰੇਨੀ ਹਵਾਈ ਖੇਤਰ ਬੰਦ ਹੋਣ ਕਰਕੇ ਖਾਲ੍ਹੀ ਹੀ ਦਿੱਲੀ ਵਾਪਸ ਪਰਤ ਆਇਆ। ਅੱਜ ਸਵੇਰੇ ਏਅਰ ਇੰਡੀਆ ਦੀ ਉਡਾਣ ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਯੂਕਰੇਨ ਦੇ ਅਧਿਕਾਰੀਆਂ ਨੇ ਨੋਟਿਸ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਦੇ ਅੰਦਰ ਸਿਵਲ ਏਅਰਕ੍ਰਾਫਟ ਦੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ। ਏਅਰ ਇੰਡੀਆ ਅਤੇ ਕੇਂਦਰ ਸਰਕਾਰ ਨੇ ਫਿਰ ਜਹਾਜ਼ ਨੂੰ ਦਿੱਲੀ ਵਾਪਸ ਬੁਲਾਉਣ ਦਾ ਫੈਸਲਾ ਕੀਤਾ।
ਏਅਰ ਇੰਡੀਆ ਦੀ ਪਹਿਲੀ ਵਿਸ਼ੇਸ਼ ਫਲਾਈਟ 22 ਫਰਵਰੀ ਨੂੰ ਯੂਕਰੇਨ ਲਈ ਰਵਾਨਾ ਹੋਈ ਸੀ। ਏਅਰ ਇੰਡੀਆ ਵੱਲੋਂ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਵਾਪਸ ਲਿਆਉਣ ਲਈ ਤਿੰਨ ਫਲਾਈਟਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਅੱਜ ਦੂਜੀ ਫਲਾਈਟ ਯੂਕਰੇਨ ਲਈ ਰਵਾਨਾ ਹੋਈ ਸੀ। ਤੀਜੀ ਫਲਾਈਟ 26 ਫਰਵਰੀ ਨੂੰ ਯੂਕਰੇਨ ਭੇਜਣ ਦੀ ਯੋਜਨਾ ਸੀ ਪਰ ਯੂਕਰੇਨ ਤੇ ਰੂਸ ਵਿਚਾਲੇ ਬਣੇ ਤਾਜ਼ਾ ਹਾਲਾਤਾਂ ਮੁਤਾਬਕ ਇਹ ਫੈਸਲਾ ਬਦਲਿਆ ਵੀ ਜਾ ਸਕਦਾ ਹੈ।