‘ਦ ਖ਼ਾਲਸ ਬਿਊਰੋ:- ਦੁਬਈ ਤੋਂ ਕੇਰਲਾ ਪਰਤਿਆ ਏਅਰ ਇੰਡੀਆ ਦਾ ਇੱਕ ਜਹਾਜ਼ 7 ਅਗਸਤ ਨੂੰ ਕੇਰਲਾ ਦੇ ਕੋਜ਼ੀਕੋਡ ‘ਚ ਕਾਰੀਪੁਰ ਹਵਾਈ ਅੱਡੇ ’ਤੇ ਉਤਰਨ ਮੌਕੇ ਹਵਾਈ ਪੱਟੀ ਤੋਂ ਤਿਲਕ ਕੇ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਕਾਰਨ ਜਹਾਜ਼ ਦੇ ਦੋ ਟੁਕੜੇ ਹੋ ਗਏ ਹਨ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਇਸ ਦੌਰਾਨ ਹਾਦਸਾਗ੍ਰਸਤ ਜਹਾਜ਼ ਦਾ ਡਿਜੀਟਲ ਫਲਾਈਟ ਡਾਟਾ ਰਿਕਾਰਡਰ, ਕੌਕਪਿਟ ਵਾਇਸ ਰਿਕਾਰਡਰ ਘਟਨਾ ਸਥਾਨ ਤੋਂ ਬਰਾਮਦ ਹੋ ਗਏ ਹਨ। ਬੀਤੇ ਸਾਲ 11 ਜੁਲਾਈ ਨੂੰ ਹਵਾਬਾਜ਼ੀ ਰੈਗੂਲੇਟਰ DGCA ਨੇ ਕੋਜ਼ੀਕੋਡ ਏਅਰਪੋਰਟ ਦੀਆਂ ਕਈ ਕਮੀਆਂ ਕਾਰਨ ਕੋਜ਼ੀਕੋਡ ਏਅਰਪੋਰਟ ਦੇ ਡਾਇਰੈਕਟਰ ਨੂੰ ਨੋਟਿਸ ਜਾਰੀ ਕੀਤਾ ਸੀ।
ਜਾਣਕਾਰੀ ਮੁਤਾਬਕ ਰਨਵੇਅ ’ਤੇ ਪਾਣੀ ਖੜਿਆ ਰਹਿੰਦਾ ਹੈ ਤੇ ਇਸ ਦੀ ਹਾਲਤ ਬਹੁਤੀ ਠੀਕ ਨਹੀਂ ਸੀ। ਇਸ ਦੌਰਾਨ ਏਅਰ ਇੰਡੀਆ ਐਕਸਪ੍ਰੈਸ ਨੇ ਦੱਸਿਆ ਹੈ ਕਿ ਹਾਦਸੇ ਵਿੱਚ ਪ੍ਰਭਾਵਿਤ ਯਾਤਰੀਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਸਹਾਇਤਾ ਲਈ ਕੇਰਲਾ ਕੋਜ਼ੀਕੋਡ ਤੱਕ ਤਿੰਨ ਵਿਸ਼ੇਸ਼ ਉਡਾਣਾ ਦਾ ਪ੍ਰਬੰਧ ਕੀਤਾ ਗਿਆ ਹੈ।
ਕੋਜ਼ੀਕੋਡ ਦੇ ਜਿਸ ਹਵਾਈ ਅੱਡੇ ‘ਤੇ ਇਹ ਹਾਦਸਾ ਵਾਪਰਿਆ ਉਹ ਟੇਬਲ ਟੌਪ ਏਅਰਪੋਰਟ ਹੈ। ਏਅਰ ਇੰਡੀਆਂ ਨੇ ਕਿਹਾ ਕਿ ਲੈਂਡਿੰਗ ਦੌਰਾਨ ਜਹਾਜ਼ ‘ਚ ਅੱਗ ਨਹੀਂ ਲੱਗੀ। ਹਾਲਾਂਕਿ ਰਨਵੇਅ ਦੇ ਆਸਪਾਸ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਦੁਬਈ ਤੋਂ ਆ ਰਹੇ ਇਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਚਾਰ ਚੁਫੇਰੇ ਚੀਕ-ਪੁਕਾਰ, ਖੂਨ ਨਾਲ ਲਿੱਬੜੇ ਕੱਪੜੇ, ਡਰੇ ਸਹਿਮੇ ਰੋਦੇਂ ਹੋਏ ਬੱਚੇ ਅਤੇ ਐਂਬੂਲੈਂਸ ਦੇ ਸਾਇਰਨ ਦੀਆਂ ਆਵਾਜ਼ਾਂ ਸਨ। ਬਾਰਸ਼ ਦਰਮਿਆਨ ਸਥਾਨਕ ਲੋਕਾਂ ਤੇ ਪੁਲਿਸ ਸਮੇਤ ਬਚਾਅ ਕਰਮੀਆਂ ਨੇ ਜਹਾਜ਼ ‘ਚੋਂ ਜ਼ਖ਼ਮੀ ਲੋਕਾਂ ਨੂੰ ਬਾਹਰ ਕੱਢਣ ਦੇ ਯਤਨ ਸ਼ੁਰੂ ਕੀਤੇ।
ਬਚਾਅ ਅਭਿਆਨ ‘ਚ ਸ਼ਾਮਲ ਇੱਕ ਵਿਅਕਤੀ ਨੇ ਦੱਸਿਆ ਕਿ ‘ਜ਼ਖ਼ਮੀ ਪਾਇਲਟ ਨੂੰ ਜਹਾਜ਼ ਦਾ ਕੌਕਪਿਟ ਤੋੜ ਕੇ ਕੱਢਿਆ ਗਿਆ। ਛੋਟੇ ਬੱਚੇ ਸੀਟਾਂ ਹੇਠ ਫਸੇ ਹੋਏ ਸਨ ਤੇ ਇਹ ਸਭ ਬਹੁਤ ਹੀ ਦੁਖਦਾਈ ਸੀ। ਬਹੁਤ ਲੋਕ ਜ਼ਖ਼ਮੀ ਸਨ। ਕਈਆਂ ਦੀ ਹਾਲਤ ਬਹੁਤ ਗੰਭੀਰ ਸੀ, ਕਿਸੇ ਦੇ ਪੈਰ ਟੁੱਟੇ ਹੋਏ ਸਨ।‘
ਇਸ ਘਟਨਾ ਤੋਂ ਬਾਅਦ ਦੁਬਈ ਸਥਿਤ ਭਾਰਤ ਦੇ ਦੂਤਾਵਾਸ ਨੇ ਹੈਲਪਲਾਈਨ ਨੰਬਰ 056 546 3903, 054 309 0572, ਅਤੇ 054 309 0575 ਜਾਰੀ ਕੀਤੇ ਹਨ।