India Technology

ਇੰਡੀਗੋ ਮਗਰੋਂ ਹੁਣ ਏਅਰ ਇੰਡੀਆ ਦਾ ਸਫ਼ਰ ਹੋਇਆ ਮਹਿੰਗਾ! ₹23,000 ਤੱਕ ਵਧਿਆ ਕਿਰਾਇਆ

ਬਿਊਰੋ ਰਿਪੋਰਟ (7 ਅਪ੍ਰੈਲ, 2026): ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਜੇਬ ’ਤੇ ਹੁਣ ਵਾਧੂ ਬੋਝ ਪੈਣ ਜਾ ਰਿਹਾ ਹੈ। ਏਅਰ ਇੰਡੀਆ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ‘ਫਿਊਲ ਸਰਚਾਰਜ’ ਵਿੱਚ ਵਾਧਾ ਕਰ ਦਿੱਤਾ ਹੈ। ਗਲੋਬਲ ਮਾਰਕੀਟ ਵਿੱਚ ਜੈੱਟ ਫਿਊਲ (ATF) ਦੀਆਂ ਕੀਮਤਾਂ ਵਿੱਚ ਆਈ ਭਾਰੀ ਤੇਜ਼ੀ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਹ ਨਵੀਆਂ ਦਰਾਂ ਭਲਕੇ 8 ਅਪ੍ਰੈਲ 2026 ਤੋਂ ਪ੍ਰਭਾਵੀ ਹੋਣਗੀਆਂ।

ਕਿਉਂ ਵਧੀਆਂ ਕੀਮਤਾਂ? 

ਏਅਰਲਾਈਨ ਅਨੁਸਾਰ, ਜੈੱਟ ਫਿਊਲ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋ ਗਈਆਂ ਹਨ। ਫਰਵਰੀ ਦੇ ਅੰਤ ਵਿੱਚ ਜੋ ਕੀਮਤ 99.40 ਡਾਲਰ ਪ੍ਰਤੀ ਬੈਰਲ ਸੀ, ਉਹ ਹੁਣ ਵਧ ਕੇ 195.19 ਡਾਲਰ ਤੱਕ ਪਹੁੰਚ ਗਈ ਹੈ। ਏਅਰ ਇੰਡੀਆ ਤੋਂ ਪਹਿਲਾਂ ਇੰਡੀਗੋ ਨੇ ਵੀ ਫਿਊਲ ਸਰਚਾਰਜ ਵਧਾਉਣ ਦਾ ਐਲਾਨ ਕੀਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਉਹ ਵਧਦੀ ਲਾਗਤ ਦਾ ਕੁਝ ਹਿੱਸਾ ਖ਼ੁਦ ਸਹਿਣ ਕਰ ਰਹੀ ਹੈ ਅਤੇ ਸਾਰਾ ਬੋਝ ਯਾਤਰੀਆਂ ’ਤੇ ਨਹੀਂ ਪਾਇਆ ਗਿਆ।

ਦੂਰੀ ਦੇ ਹਿਸਾਬ ਨਾਲ ਲੱਗੇਗਾ ਸਰਚਾਰਜ

ਹੁਣ ਯਾਤਰੀਆਂ ਨੂੰ ਫਲੈਟ ਰੇਟ ਦੀ ਬਜਾਏ ਦੂਰੀ ਦੇ ਆਧਾਰ ’ਤੇ ਪੈਸੇ ਦੇਣੇ ਪੈਣਗੇ। ਇਹ ਨਿਯਮ ਏਅਰ ਇੰਡੀਆ ਦੇ ਨਾਲ-ਨਾਲ ਏਅਰ ਇੰਡੀਆ ਐਕਸਪ੍ਰੈਸ ’ਤੇ ਵੀ ਲਾਗੂ ਹੋਵੇਗਾ।

  • ਘਰੇਲੂ ਉਡਾਣਾਂ: ਸਰਚਾਰਜ ₹299 ਤੋਂ ਸ਼ੁਰੂ ਹੋ ਕੇ ₹899 ਤੱਕ ਜਾਵੇਗਾ।
  • ਅੰਤਰਰਾਸ਼ਟਰੀ ਉਡਾਣਾਂ: ਵਿਦੇਸ਼ੀ ਰੂਟਾਂ ’ਤੇ ਵੀ ਭਾਰੀ ਵਾਧਾ ਹੋਇਆ ਹੈ। ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਲੰਬੀ ਦੂਰੀ ਦੇ ਰੂਟਾਂ ਲਈ ਯਾਤਰੀਆਂ ਨੂੰ ਲਗਭਗ 280 ਡਾਲਰ (ਕਰੀਬ ₹23,000) ਵਾਧੂ ਚੁਕਾਉਣੇ ਪੈਣਗੇ।
  • ਹੋਰ ਦੇਸ਼: ਯੂਰਪ ਅਤੇ ਯੂਕੇ ਲਈ 205 ਡਾਲਰ, ਅਫਰੀਕਾ ਲਈ 130 ਡਾਲਰ ਅਤੇ ਸਿੰਗਾਪੁਰ ਲਈ 60 ਡਾਲਰ ਸਰਚਾਰਜ ਦੇਣੇ ਹੋਣਗੇ।