‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਏਅਰ ਇੰਡੀਆ ਵੱਲੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਇਟਲੀ ਦੇ ਇਤਿਹਾਸਕ ਸ਼ਹਿਰ ਰੋਮ ਲਈ ਚੱਲ ਰਹੀਆਂ ਸਿੱਧੀਆਂ ਉਡਾਣਾਂ ਨੂੰ 31 ਅਕਤੂਬਰ ਤੋਂ ਬਾਅਦ ਬੰਦ ਕਰਨ ਦੇ ਸੰਕੇਤ ਦਿੱਤੇ ਗਏ ਹਨ। ਦਰਅਸਲ, ਏਅਰ ਇੰਡੀਆ ਵੱਲੋਂ ਸਰਦ ਰੂਟ ਦੀ ਜਾਰੀ ਸਮਾਂ ਸੂਚੀ ਵਿੱਚ ਇਹਨਾਂ ਦੋਵੇਂ ਉਡਾਣਾਂ ਦਾ ਜ਼ਿਕਰ ਨਹੀਂ ਹੈ। ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਨੇ ਇਹ ਦੋਵੇਂ ਉਡਾਣਾਂ ਚਾਲੂ ਰੱਖਣ ਦੀ ਮੰਗ ਕੀਤੀ ਹੈ। ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਨੇ ਪੰਜਾਬ ਦੇ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇਸ ਮਸਲੇ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਹਿਰੀ ਹਵਾਬਾਜੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆਂ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਹੈ।
ਗੁਮਟਾਲਾ ਨੇ ਸਰਦ ਰੁੱਤ ਦੀ ਸਮਾਂ ਸੂਚੀ ਵਿੱਚ ਇਹਨਾਂ ਉਡਾਣਾਂ ਦੀ ਬੁਕਿੰਗ ਰੱਦ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵੱਲੋਂ ਏਅਰ ਇੰਡੀਆ ਨੂੰ ਟਾਟਾ ਸੰਨਜ਼ ਲਿਮੀਟਿਡ ਦੇ ਹਵਾਲੇ ਕਰਨ ਤੋਂ ਪਹਿਲਾਂ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ। ਨਵੰਬਰ ਮਹੀਨੇ ਤੋਂ ਏਅਰ ਇੰਡੀਅ ਦੀ ਬਹੁਤ ਹੀ ਪ੍ਰਸਿੱਧ ਨਾਂਦੇੜ – ਅੰਮ੍ਰਿਤਸਰ ਸਿੱਧੀ ਉਡਾਣ ਦੀ ਬੁਕਿੰਗ ਏਅਰਲਾਈਨ ਜਾਂ ਟਰੈਵਲ ਏਜੰਸੀਆਂ ਦੀ ਵੈਬਸਾਈਟ ‘ਤੇ ਉਪਲੱਬਧ ਨਹੀਂ ਹੈ। ਏਅਰ ਇੰਡੀਆ ਵੱਲੋਂ ਆਪਣੀ ਵੈਬਸਾਈਟ ‘ਤੇ ਦਿੱਤੀ ਗਈ ਅੰਤਰਰਾਸ਼ਟਰੀ ਉਡਾਣਾਂ ਦੀ ਸਮਾਂ ਸੂਚੀ ਵਿੱਚ ਹੁਣ 28 ਅਕਤੂਬਰ ਤੋਂ ਬਾਅਦ ਇਹ ਉਡਾਣ ਉਪਲੱਬਧ ਨਹੀਂ ਹੈ।
ਗੁਮਟਾਲਾ ਨੇ ਅੱਗੇ ਦੱਸਿਆ ਕਿ ਅੰਮ੍ਰਿਤਸਰ-ਨਾਂਦੇੜ ਦੇ ਵਿਚਕਾਰ ਸਿੱਧੀ ਉਡਾਣ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ ਤੋਂ ਪੰਜਾਬ ਆਓਣ ਵਾਲੇ ਪ੍ਰਵਾਸੀ ਪੰਜਾਬੀ ਅਤੇ ਪੰਜਾਬ ਦੇ ਨਾਲ-ਨਾਲ ਦੂਜੇ ਗੁਆਂਢੀ ਰਾਜਾਂ ਦੇ ਯਾਤਰੀ ਵੀ ਦਰਸ਼ਨ ਕਰਨ ਲਈ ਇਸ ਉਡਾਣ ਰਾਹੀਂ ਜਾਂਦੇ ਹਨ। ਇਹ ਸਿੱਧੀ ਉਡਾਣ ਬੜੇ ਲੰਮੇ ਸਮੇਂ ਤੋਂ ਪੰਜਾਬੀਆਂ ਦੁਆਰਾ ਕੀਤੀ ਜਾ ਰਹੀ ਮੰਗ ਨੂੰ ਮੁੱਖ ਰੱਖ ਕੇ ਸ਼ੁਰੂ ਕੀਤੀ ਗਈ ਸੀ। ਇਸ ਦੇ ਬੰਦ ਹੋਣ ਨਾਲ ਦੇਸ਼-ਵਿਦੇਸ਼ ਤੋਂ ਸ਼ਰਧਾਲੂਆ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ।
ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਅਤੇ ਫਲਾਈ ਅੰਮ੍ਰਿਤਸਰ ਦੇ ਭਾਰਤ ਵਿੱਚ ਕਨਵੀਨਰ ਯੋਗੇਸ਼ ਕਾਮਰਾ ਜੋ ਕਿ ਹਵਾਈ ਅੱਡੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ, ਦਾ ਕਹਿਣਾ ਹੈ ਕਿ ਏਅਰ ਇੰਡੀਆ ਵੱਲੋਂ ਕੋਵਿਡ ਦੋਰਾਨ ਇਹਨਾਂ ਉਡਾਣਾਂ ਵਿੱਚ 70 ਪ੍ਰਤੀਸ਼ਤ ਤੋਂ ਵੱਧ ਯਾਤਰੀਆਂ ਦੇ ਸਫਰ ਕਰਨ ਦੇ ਬਾਵਜੂਦ ਵੀ ਬੰਦ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮੈਂ ਇਹ ਮਾਮਲਾ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਧਿਆਨ ਵਿੱਚ ਵੀ ਲਿਆਂਦਾ ਹੈ। ਉਨ੍ਹਾਂ ਨੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਏਅਰ ਇੰਡੀਆ ਦੇ ਸੀਐਮਡੀ ਨੂੰ ਵੀ ਇਸ ਫੈਸਲੇ ’ਤੇ ਮੁੜ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ।