International

ਐਲਨ ਮਸਕ ਦਾ ਸਪੇਸਐਕਸ ਕਿਉਂ ਚੰਦਰਮਾ ਨਾਲ ਟਕਰਾਉਣ ਜਾ ਰਿਹੈ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਐਲਨ ਮਸਕ ਦੀ ਪੁਲਾੜ ਖੋਜ ਕੰਪਨੀ ਸਪੇਸਐਕਸ ਦੁਆਰਾ ਲਾਂਚ ਕੀਤਾ ਗਿਆ ਇੱਕ ਰਾਕੇਟ ਚੰਦਰਮਾ ਨਾਲ ਟਕਰਾਉਣ ਤੋਂ ਬਾਅਦ ਫਟਣ ਵਾਲਾ ਹੈ। ਫੈਲਕਨ 9 ਬੂਸਟਰ ਨਾਮ ਦਾ ਇਹ ਰਾਕੇਟ 2015 ਵਿੱਚ ਲਾਂਚ ਕੀਤਾ ਗਿਆ ਸੀ। ਪਰ, ਮਿਸ਼ਨ ਨੂੰ ਪੂਰਾ ਨਾ ਕਰਨ ਤੋਂ ਬਾਅਦ, ਧਰਤੀ ‘ਤੇ ਵਾਪਸ ਜਾਣ ਲਈ ਇਸ ਵਿੱਚ ਲੋੜੀਂਦਾ ਬਾਲਣ ਨਹੀਂ ਬਚਿਆ ਅਤੇ ਇਹ ਪੁਲਾੜ ਵਿੱਚ ਹੀ ਰਹਿ ਗਿਆ।

ਖਗੋਲ ਵਿਗਿਆਨੀ ਜੋਨਾਥਨ ਮੈਕਡੌਵੇਲ ਨੇ ਦੱਸਿਆ ਕਿ ਇਹ ਚੰਦਰਮਾ ਨਾਲ ਪਹਿਲੀ ਬੇਕਾਬੂ ਰਾਕੇਟ ਟੱਕਰ ਹੋਵੇਗੀ, ਜਿਸ ਬਾਰੇ ਅਸੀਂ ਜਾਣਦੇ ਹਾਂ। ਪਰ, ਇਸਦਾ ਪ੍ਰਭਾਵ ਬਹੁਤ ਘੱਟ ਹੋਵੇਗਾ। ਇਸ ਰਾਕੇਟ ਨੂੰ ਸੱਤ ਸਾਲ ਪਹਿਲਾਂ ਇੱਕ ਮਿਲੀਅਨ ਮੀਲ ਦੀ ਯਾਤਰਾ ‘ਤੇ ਪੁਲਾੜ ਮੌਸਮ ਉਪਗ੍ਰਹਿ ਭੇਜਣ ਦਾ ਮਿਸ਼ਨ ਪੂਰਾ ਕਰਨ ਤੋਂ ਬਾਅਦ ਉੱਚੀ ਔਰਬਿਟ ਵਿੱਚ ਛੱਡਿਆ ਗਿਆ ਸੀ। ਇਹ ਐਲਨ ਮਸਕ ਦੇ ਪੁਲਾੜ ਖੋਜ ਪ੍ਰੋਗਰਾਮ ਸਪੇਸਐਕਸ ਦਾ ਹਿੱਸਾ ਸੀ। ਸਪੇਸਐਕਸ ਇੱਕ ਨਿੱਜੀ ਕੰਪਨੀ ਹੈ ਜੋ ਦੂਜੇ ਗ੍ਰਹਿਆਂ ‘ਤੇ ਮਨੁੱਖਾਂ ਦੇ ਰਹਿਣ ਦੀ ਸੰਭਾਵਨਾ ‘ਤੇ ਕੰਮ ਕਰਦੀ ਹੈ।